• Home
  • ਕੋ-ਜੈਨਰੇਸ਼ਨ ਪਲਾਂਟ ਦੇ ਪ੍ਰਦੂਸ਼ਣ ਨੂੰ ਲੈ ਕੇ ਪ੍ਰਸ਼ਾਸਨ ਦੀ ਸਖ਼ਤੀ

ਕੋ-ਜੈਨਰੇਸ਼ਨ ਪਲਾਂਟ ਦੇ ਪ੍ਰਦੂਸ਼ਣ ਨੂੰ ਲੈ ਕੇ ਪ੍ਰਸ਼ਾਸਨ ਦੀ ਸਖ਼ਤੀ

ਨਵਾਂਸ਼ਹਿਰ, -
ਵਧੀਕ ਡਿਪਟੀ ਕਮਿਸ਼ਨਰ (ਜ) ਅਮਿ੍ਰਤ ਸਿੰਘ ਨੇ ਅੱਜ ਸ਼ਾਮ ਸਹਿਕਾਰੀ ਖੰਡ ਮਿੱਲ ’ਚ ਚੱਲ ਰਹੇ ਕੋ-ਜੈਨਰੇਸ਼ਨ ਪਾਵਰ ਪਲਾਂਟ ਦੇ ਪ੍ਰਦੂਸ਼ਣ ਤੋਂ ਦੁਖੀ ਸ਼ਹਿਰ ਦੇ ਲੋਕਾਂ ਦਾ ਪੱਖ ਲੈਂਦਿਆਂ ਕੋ-ਜਨਰੇਸ਼ਨ ਪਲਾਂਟ ਦੇ ਪ੍ਰਬੰਧਕਾਂ ਨੂੰ ਜਾਂ ਤਾਂ ਪਲਾਂਟ ਦੀ ਤੁਰੰਤ ਮੁਰੰਮਤ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ’ਚ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ ਦੇ ਸਖ਼ਤ ਰੁੱਖ ਤੋਂ ਬਾਅਦ ਪਲਾਂਟ ਦੇ ਪ੍ਰਬੰਧਕਾਂ ਨੇ ਅੱਜ ਰਾਤ ਹੀ ਪਲਾਂਟ ਦੀ ਲੋੜੀਂਦੀ ਮੁਰੰਮਤ ਕਰਨ ਦਾ ਭਰੋਸਾ ਦਿਵਾਇਆ, ਜਿਸ ਦੀ ਬਾਕਾਇਦਾ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਵੱਲੋਂ ਨਿਗਰਾਨੀ ਕੀਤੀ ਜਾਵੇਗੀ। ਪਲਾਂਟ ਦੇ ਵੀਰਵਾਰ ਮੁਰੰਮਤ ਬਾਅਦ ਦੁਬਾਰਾ ਚੱਲਣ ’ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਟੀਮ ਵੱਲੋਂ ਨਵੇਂ ਸੈਂਪਲ ਲੈ ਕੇ ਉਨ੍ਹਾਂ ’ਚ ਪ੍ਰਦੂਸ਼ਣ ਦਾ ਪੱਧਰ ਜਾਂਚਿਆ ਜਾਵੇਗਾ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਪ੍ਰਦੂਸ਼ਣ ਰੋਕਥਾਮ ਬੋਰਡ, ਸ਼ਹਿਰ ਦੇ ਪਤਵੰਤਿਆਂ ਤੇ ਕੋ-ਜਨਰੇਸ਼ਨ ਪਲਾਂਟ ਪ੍ਰਬੰਧਕਾਂ ਦੀ ਇਸ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਸਪੱਸ਼ਟ ਆਖਿਆ ਕਿ ਜੇਕਰ ਪਲਾਂਟ ਪ੍ਰਬੰਧਕ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਨੂੰ ਦੂਰ ਕਰਨ ’ਚ ਅਸਮਰੱਥ ਰਹਿਣਗੇ ਤਾਂ ਫ਼ਿਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਲੋਕਾਂ ਨੂੰ ਰਾਹਤ ਦਿਵਾਉਣ ਲਈ ਆਪਣਾ ਫ਼ੈਸਲਾ ਜਲਦ ਸੁਣਾਉਣ ਲਈ ਆਖਿਆ ਜਾਵੇਗਾ।
ਉਨ੍ਹਾਂ ਮੌਕੇ ’ਤੇ ਹਾਜ਼ਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੂੰ ਕਲ੍ਹ ਦੇ ਤਾਜ਼ਾ ਨਮੂਨੇ ਲੈਣ ਤੋਂ ਬਾਅਦ ਉਨ੍ਹਾਂ ਦੇ ਨਤੀਜਿਆਂ ਦੀ ਰਿਪੋਰਟ ’ਤੇ ਅਗਲੀ ਕਾਰਵਾਈ ਕਰਨ ਲਈ ਤਿਆਰ ਰਹਿਣ ਲਈ ਆਖਿਆ। ਇਸ ਮੌਕੇ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਲ੍ਹ ਲਏ ਜਾਣ ਵਾਲੇ ਨਮੂਨਿਆਂ ਦਾ ਨਤੀਜਾ ਇੱਕ ਹਫ਼ਤੇ ’ਚ ਆ ਜਾਵੇਗਾ ਅਤੇ ਉਸ ਤੋਂ ਬਾਅਦ ਜੇਕਰ ਪ੍ਰਦੂਸ਼ਣ ਦਾ ਪੱਧਰ ਤੈਅ ਮਿਆਰਾਂ ਤੋਂ ਵਧ ਨਿਕਲਿਆ ਤਾਂ ਚੇਅਰਮੈਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਜੋ ਕਿ ਅਗਲੀ ਕਾਰਵਾਈ ਕਰਨ ਲਈ ਸਮਰੱਥ ਅਥਾਰਟੀ ਹਨ, ਨੂੰ ਪਲਾਂਟ ਖਿਲਾਫ਼ ਕਾਰਵਾਈ ਕਰਨ ਲਈ ਲਿਖਿਆ ਜਾਵੇਗਾ।
ਮੀਟਿੰਗ ’ਚ ਐਸ ਡੀ ਐਮ ਨਵਾਂਸ਼ਹਿਰ ਡਾ. ਵਿਨੀਤ ਕੁਮਾਰ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਤਰਸੇਮ ਚੰਦ, ਨਗਰ ਕੌਂਸਲ ਦੇ ਪ੍ਰਧਾਨ ਲਲਿਤ ਮੋਹਨ ਪਾਠਕ, ਕੌਂਸਲਰ ਵਿਨੋਦ ਪਿੰਕਾ, ਕੌਂਸਲਰ ਮੱਖਣ ਸਿੰਘ, ਆੜ੍ਹਤੀ ਐਸੋਸੀਏਸ਼ਨ ਦੇ ਮਨਜਿੰਦਰ ਵਾਲੀਆ ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
ਫ਼ੋਟੋ ਕੈਪਸ਼ਨ: ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਮਿ੍ਰਤ ਸਿੰਘ ਸਹਿਕਾਰੀ ਖੰਡ ਮਿੱਲ ਦੇ ਕੋ-ਜੈਨਰੇਸ਼ਨ ਪਲਾਂਟ ਦੇ ਪ੍ਰਦੂਸ਼ਣ ਤੋਂ ਛੁਟਕਾਰਾ ਦਿਵਾਉਣ ਲਈ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ, ਸ਼ਹਿਰੀਆਂ ਤੇ ਪਲਾਂਟ ਪ੍ਰਬੰਧਕਾਂ ਨਾਲ ਮੀਟਿੰਗ ਕਰਦੇ ਹੋਏ।