• Home
  • ਡੀ ਸੀ ਦਾ ਫਰਜ਼ੀ ਫੇਸਬੁੱਕ ਅਤੇ ਇੰਸਟਾਗਰਾਮ ਖਾਤਾ ਬਣਾਉਣ ਵਾਲਾ ਕਾਬੂ -ਪੜ੍ਹੋ !ਪੁਲਿਸ ਨੇ ਪ੍ਰੈੱਸ ਕਾਨਫਰੰਸ ਕਰਕੇ ਕੀ ਕੀਤਾ ਖੁਲਾਸਾ

ਡੀ ਸੀ ਦਾ ਫਰਜ਼ੀ ਫੇਸਬੁੱਕ ਅਤੇ ਇੰਸਟਾਗਰਾਮ ਖਾਤਾ ਬਣਾਉਣ ਵਾਲਾ ਕਾਬੂ -ਪੜ੍ਹੋ !ਪੁਲਿਸ ਨੇ ਪ੍ਰੈੱਸ ਕਾਨਫਰੰਸ ਕਰਕੇ ਕੀ ਕੀਤਾ ਖੁਲਾਸਾ

ਮਾਨਸਾ, 09 ਫਰਵਰੀ : ਅੱਜ ਮਾਨਸਾ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਡਿਪਟੀ ਕਮਿਸ਼ਨਰ ਮਾਨਸਾ ਦਾ ਫੇਕ ਫੇਸਬੁਕ ਅਤੇ ਇੰਸਟਾਗਰਾਮ ਖਾਤਾ ਬਣਾਉਣ ਵਾਲੇ ਬਰੇਟਾ ਦੇ ਇਕ ਨਾਬਾਲਗ ਲੜਕੇ ਦੀ ਭਾਲ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਐਸ.ਐਸ.ਪੀ. ਮਾਨਸਾ ਸ੍ਰ. ਮਨਧੀਰ ਸਿੰਘ ਨੇ ਅੱਜ ਉਨ੍ਹਾਂ ਦੇ ਦਫ਼ਤਰ ਵਿਖੇ ਕੀਤੀ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਦੋਸ਼ੀ ਤਕਰੀਬਨ ਸਾਢੇ 17 ਸਾਲ ਦੀ ਉਮਰ ਦਾ ਇਕ ਨਾਬਾਲਗ ਲੜਕਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਸਿ਼ਕਾਇਤ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ ਕਿਉਂਕਿ ਦੋਸ਼ੀ ਫਰਜ਼ੀ ਖਾਤੇ ਤੋਂ ਵੱਖ—ਵੱਖ ਲੋਕਾਂ ਨੂੰ ਫਰੈਂਡ ਰਿਕੁਐਸਟ ਵੀ ਭੇਜ ਰਿਹਾ ਸੀ। ਡੀ.ਐਸ.ਪੀ. ਸਿਮਰਨਜੀਤ ਸਿੰਘ ਲੰਗ ਨੇ ਦੱਸਿਆ ਕਿ ਜਾਂਚ ਦੌਰਾਨ ਦੋਸ਼ੀ ਕੋਲੋਂ ਫੜ੍ਹੇ ਗਏ ਮੋਬਾਇਲ ਫੋਨ ਅਤੇ ਕੰਪਿਊਟਰ ਸਾਈਬਰ ਸੈੱਲ ਦੇ ਹਵਾਲੇ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਵੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸਿ਼ਆ ਨਹੀਂ ਜਾਵੇਗਾ। ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਰੇਂਜ ਸਾਈਬਰ ਸੈੱਲ ਬਠਿੰਡਾ ਤੋਂ ਸਬ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਫਰਜ਼ੀ ਖਾਤਾ ਬਣਾਉਣ ਵਾਲੇ ਲੜਕੇ ਨੂੰ ਲੱਭਣ ਲਈ ਕੁਝ ਸਮਾਂ ਲੱਗਾ ਅਤੇ ਦਰਖ਼ਾਸਤ ਮਿਲਣ ਦੇ ਤਕਰੀਬਨ 15 ਦਿਨਾਂ ਦੇ ਅੰਤਰਾਲ ਵਿਚ ਹੀ ਦੋਸ਼ੀ ਦੀ ਭਾਲ ਕਰ ਲਈ ਗਈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦੁਆਰਾ ਈ—ਮੇਲ ਰਾਹੀਂ ਫੇਸਬੁੱਕ ਨਾਲ ਰਾਬਤਾ ਕਾਇਮ ਕੀਤਾ ਗਿਆ ਅਤੇ ਆਈ.ਏ.ਐਸ. ਅਫ਼ਸਰ (ਡਿਪਟੀ ਕਮਿਸ਼ਨਰ ਮਾਨਸਾ) ਦੇ ਫਰਜ਼ੀ ਖਾਤਿਆਂ ਦੀ ਜਾਣਕਾਰੀ ਫੇਸਬੁੱਕ ਨੇ ਮਾਨਸਾ ਪੁਲਿਸ ਨੂੰ ਮੁਹੱਈਆ ਕਰਵਾਈ। ਇਸ ਉਪਰੰਤ ਉਨ੍ਹਾਂ ਦੁਆਰਾ ਸਾਰਾ ਵੇਰਵਾ ਦੱਸ ਕੇ ਦੋਸ਼ੀ ਨੂੰ ਲੱਭਣ ਵਿਚ ਮਦਦ ਕੀਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਦੋਸ਼ੀ ਇਹ ਫਰਜ਼ੀ ਖਾਤੇ ਆਪਣੇ ਮੋਬਾਇਲ ਫੋਨ ਤੋਂ ਚਲਾ ਰਿਹਾ ਸੀ ਜੋ ਕਿ ਉਸ ਦੇ ਪਿਤਾ ਦੇ ਨਾਮ ਤੇ ਰਜਿਸਟਰਡ ਸੀ। ਪੁਲਿਸ ਅਧਿਕਾਰੀਆਂ ਦੁਆਰਾ ਦੱਸਿਆ ਗਿਆ ਕਿ ਆਈ.ਪੀ.ਸੀ. ਦੀ ਧਾਰਾ 417,419,420 ਅਤੇ ਤਕਨੀਕੀ ਸੂਚਨਾ ਐਕਟ 66—ਡੀ ਅਤੇ 66—ਸੀ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।• ਸਾਈਬਰ ਸੈੱਲ ਦੁਆਰਾ ਕੀਤੀ ਗਈ ਜਾਂਚ ਅਤੇ ਨਾਬਾਲਗ ਲੜਕੇ ਦੀ ਗ੍ਰਿਫ਼ਤਾਰੀ ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਕਿਹਾ ਕਿ ਇਹ ਕੇਸ ਹਾਲੇ ਵੀ ਜਾਂਚ ਦੇ ਘੇਰੇ ਅੰਦਰ ਹੀ ਹੈ। ਉਨ੍ਹਾਂ ਕਿਹਾ ਕਿ ਐਸ.ਐਸ.ਪੀ ਸ੍ਰ. ਮਨਧੀਰ ਸਿੰਘ ਦੁਆਰਾ ਅਨੁਸਾਰ ਇਹ ਫਰਜ਼ੀ ਖਾਤੇ ਬਣਾਉਣ ਪਿੱਛੇ ਅਸਲ ਮਾਸਟਰਮਾਈਂਡ ਕੋਈ ਹੋਰ ਹੈ ਜਿਸ ਨੂੰ ਜਲਦੀ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਸ਼ੋਸ਼ਲ ਮੀਡੀਆ ਦੀ ਵਰਤੋ ਕਰਦੇ ਸਮੇਂ ਸਾਵਧਾਨੀ ਵਰਤਣ ਲਈ ਕਿਹਾ।