• Home
  • ਜਰਖੜ ਐਸਟਰੋਟਰਫ ਦਾ ਹੋਇਆ ਨਵੀਨੀਕਰਨ – ਗ੍ਰਾਊਡ ਦੇ ਆਲੇ-ਦੁਆਲੇ ਚੀਨ ਦੀ ਬਣੀ ਲਗਾਈ ਹਰੀ ਪੱਟੀ

ਜਰਖੜ ਐਸਟਰੋਟਰਫ ਦਾ ਹੋਇਆ ਨਵੀਨੀਕਰਨ – ਗ੍ਰਾਊਡ ਦੇ ਆਲੇ-ਦੁਆਲੇ ਚੀਨ ਦੀ ਬਣੀ ਲਗਾਈ ਹਰੀ ਪੱਟੀ

ਲੁਧਿਆਣਾ - ਮਾਤਾ ਸਾਹਿਬ ਕੌਰ ਸੋਪਰਟਸ ਚੈਰੀਟੇਬਲ ਟਰੱਸਟ ਜਰਖੜ ਨੇ ਆਪਣੇ ਹਾਕੀ ਸਟੇਡੀਅਮ ਦੇ ਐਸਟ੍ਰੋਟਰਫ ਦਾ ਨਵੀਨੀਕਰਨ ਕੀਤਾ ਹੈ। ਐਸਟ੍ਰੋਟਰਫ ਗ੍ਰਾਊਂਡ ਦੇ ਆਲੇ ਦੁਆਲੇ ਦੀ ਲਾਲ ਪੱਟੀ ਨੂੰ ਬਦਲ ਕੇ ਚੀਨ ਦੀ ਬਣੀ ਨਵੀਂ ਹਰੀ ਪੱਟੀ ਲਾਈ ਗਈ ਹੈ। ਜਿਸ ਨਾਲ ਗ੍ਰਾਊਂਡ ਦੀ ਸਮਰਥਾ 'ਚ ਤਾਂ ਵਾਧਾ ਹੋਇਆ ਹੀ ਹੈ, ਨਾਲ ਹੀ  ਐਸਟਰੋਟਰਫ ਦੀ ਮਿਆਦ ਵੀ ਮਜਬੂਤ ਹੋਈ ਹੈ। ਜਰਖੜ ਹਾਕੀ ਅਕੈਡਮੀ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਤੇ ਪ੍ਰਧਾਨ ਪਰਮਜੀਤ ਸਿੰਘ ਨੀਟੂ ਨੇ ਦੱਸਿਆ ਕਿ ਨਵੀਂ  ਐਸਟਰੋਟਰਫ ਪੱਟੀ ਜੋ ਚੀਨ ਤੋਂ ਮੰਗਵਾਈ ਹੈ ਜਿਸ ਉੱਪਰ ਲਗਭਗ 2 ਲੱਖ ਰੁਪਏ ਦੀ ਲਾਗਤ ਆਈ ਹੈ। ਇਸ ਤੋਂ ਇਲਾਵਾ ਜਰਖੜ ਹਾਕੀ ਅਕੈਡਮੀ ਦੀ ਮੈੱਸ ਵਿਚ ਇੱਕ ਸ਼ੈੱਡ ਬਣਾਇਆ ਗਿਆ ਹੈ ਤੇ ਜਰਖੜ ਸਟੇਡੀਅਮ ਦੇ ਹੋਸਟਲ ਦੇ ਉੱਪਰ 3 ਲੱਖ ਦੀ ਲਾਗਤ ਦੇ ਨਾਲ ਫਰਸ਼ ਲਾਇਆ ਗਿਆ ਹੈ। ਇਹ ਸਾਰਾ ਖਰਚਾ ਜਰਖੜ ਹਾਕੀ ਅਕੈਡਮੀ ਦੇ ਪ੍ਰਬੰਧਕਾਂ ਨੇ ਆਪਣੇ ਉਪਰਾਲਿਆਂ ਨਾਲ ਕੀਤਾ ਹੈ। ਅੱਜ ਜਰਖੜ ਅਕੈਡਮੀ 'ਚ ਹੋਈ ਮੀਟਿੰਗ 'ਚ ਚੇਅਰਮੈਨ ਨਰਿੰਦਪਾਲ ਸਿੰਘ ਸਿੱਧੂ ਤੇ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਦੱਸਿਆ ਕਿ 9ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ 4 ਮਈ ਤੋਂ 2 ਜੂਨ ਤੱਕ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਫੈਸਟੀਵਲ ਦੇ ਸਾਰੇ ਮੈਚ ਹਫਤਾਵਰੀ ਸ਼ਨੀਵਾਰ ਤੇ ਐਤਵਾਰ ਨੂੰ ਫਲੱਡ ਲਾਈਟਾਂ ਦੀ ਰੌਸ਼ਨੀ 'ਚ ਹੋਣਗੇ।  ਇਹ ਮੈਚ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਚੱਲਿਆ ਕਰਨਗੇ। ਇਸ ਵਿਚ ਸੀਨੀਅਰ ਵਰਗ 35 ਸਾਲ ਤੋਂ ਉੱਪਰ, ਅੰਡਰ-17 ਸਾਲ ਅਤੇ ਹੇਠਲੇ ਲੈਵਲ 'ਤੇ ਹਾਕੀ ਨੂੰ ਮਜਬੂਤ ਕਰਨ ਲਈ ਅੰਡਰ-10 ਸਾਲ ਹਾਕੀ ਦੇ ਮੁਕਾਬਲੇ ਕਰਾਏ ਜਾਣਗੇ। ਇੰਨ੍ਹਾਂ ਮੁਕਾਬਲਿਆਂ ਲਈ 20 ਦੇ ਕਰੀਬ ਟੀਮਾਂ ਹਿੱਸਾ ਲੈਣਗੀਆਂ। ਇਹ ਮੁਕਾਬਲੇ ਲੀਗ ਕਮ ਨਾਕ ਆਊਟ ਪ੍ਰਣਾਲੀ ਦੇ ਅਧਾਰ 'ਤੇ ਹੋਣਗੇ। ਅੱਜ ਦੀ ਮੀਟਿੰਗ 'ਚ ਸਕੱਤਰ ਜਗਦੀਪ ਸਿੰਘ ਕਾਹਲੋਂ, ਮਨਦੀਪ ਸਿੰਘ, ਤੇਜਿੰਦਰ ਸਿੰਘ ਜਰਖੜ, ਸੰਦੀਪ ਸਿੰਘ ਪੰਧੇਰ, ਰਣਜੀਤ ਸਿੰਘ ਦੁਲੇਂਅ, ਸ਼ਿੰਗਾਰਾ ਸਿੰਘ ਜਰਖੜ, ਯਾਦਵਿੰਦਰ ਸਿੰਘ ਤੂਰ, ਸਾਹਿਬਜੀਤ ਸਿੰਘ ਜਰਖੜ, ਸੰਦੀਪ ਸਿੰਘ ਸੋਨੂ, ਗੁਰਸਤਿੰਦਰ ਸਿੰਘ ਪਰਗਟ ਆਦਿ ਹੋਰ ਪ੍ਰਬੰਧਕ ਹਾਜ਼ਰ ਸਨ। ਇਸ ਮੌਕੇ ਸ਼ਿੰਗਾਰਾ ਸਿੰਘ ਜਰਖੜ ਨੇ ਦੱਸਿਆ ਕਿ 4 ਮਈ ਨੂੰ ਜਰਖੜ ਸਟੇਡੀਅਮ ਵਿਖੇ ਸਹਿਜ ਪਾਠ ਦੀ ਅਰੰਭਤਾ ਹੋਏਗੀ, ਜਿਸਦੇ 11 ਮਈ ਨੂੰ ਭੋਗ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ ਹਾਕੀ ਫੈਸਟੀਵਲ ਦੀਆਂ ਤਿਆਰੀਆਂ ਪੂਰੇ ਜੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਹਨ।