• Home
  • ਪੰਜਾਬ ਸਰਕਾਰ ਜਾਪਾਨੀ ਤਕਨੀਕ ਨਾਲ ਮੀਆਂਵਾਕੀ ਜੰਗਲ ਬਣਾਉਣ ਲੱਗੀ -ਬਲਬੀਰ ਸਿੱਧੂ ਨੇ ਜੰਗਲ ਨੂੰ ਕੀਤਾ ਲੋਕਾਂ ਨੂੰ ਸਮਰਪਿਤ

ਪੰਜਾਬ ਸਰਕਾਰ ਜਾਪਾਨੀ ਤਕਨੀਕ ਨਾਲ ਮੀਆਂਵਾਕੀ ਜੰਗਲ ਬਣਾਉਣ ਲੱਗੀ -ਬਲਬੀਰ ਸਿੱਧੂ ਨੇ ਜੰਗਲ ਨੂੰ ਕੀਤਾ ਲੋਕਾਂ ਨੂੰ ਸਮਰਪਿਤ

ਐਸ.ਏ.ਐਸ. ਨਗਰ, 5 ਜੂਨ
ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲਾ ਪ੍ਰਸ਼ਾਸਨ ਵੱਲੋਂ ਜਾਪਾਨ ਦੀ ਮੀਆਵਾਕੀ ਤਕਨੀਕ ਨਾਲ ਵਿਕਸਤ ਕੀਤਾ ਜਾ ਰਿਹਾ ਜੰਗਲੀ ਖੇਤਰ ਅੱਜ ਵਾਤਾਵਰਨ ਦਿਵਸ ਮੌਕੇ ਲੋਕਾਂ ਨੂੰ ਸਮਰਪਿਤ ਕੀਤਾ।
ਜ਼ਿਲਾ ਪ੍ਰਸ਼ਾਸਨ ਵੱਲੋਂ ਕਰਵਾਏ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸ. ਸਿੱਧੂ ਨੇ ਕਿਹਾ ਕਿ ਪੂਰੇ ਪੰਜਾਬ ਵਿੱਚੋਂ ਐਸ.ਏ.ਐਸ. ਨਗਰ ਅਜਿਹਾ ਪਹਿਲਾ ਜ਼ਿਲਾ ਹੈ, ਜਿਸ ਨੇ ਇਸ ਤਕਨੀਕ ਨੂੰ ਅਪਣਾਇਆ ਹੈ। ਇਸ ਤਕਨੀਕ ਵਿੱਚ ਥੋੜੀ ਜਿਹੀ ਥਾਂ ਵਿੱਚ ਨੇੜੇ ਨੇੜੇ ਪੌਦੇ ਲਾਏ ਜਾਂਦੇ ਹਨ, ਜੋ ਜੰਗਲੀ ਖੇਤਰ ਵਾਂਗ ਹੁੰਦਾ ਹੈ। ਉਨਾਂ ਦੱਸਿਆ ਕਿ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਇਸ ਤਕਨੀਕ ਤਹਿਤ 550 ਪੌਦੇ ਲਾਏ ਜਾਣਗੇ, ਜੋ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਾਨੂੰ ਆਪਣੀ ਜੀਵਨ ਜਾਚ ਗੁਰਬਾਣੀ ਮੁਤਾਬਕ ਰੱਖਣੀ ਚਾਹੀਦੀ ਹੈ, ਜੋ ਹਵਾ ਨੂੰ ਗੁਰੂ ਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੰਦੀ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਾਉਣੇ ਚਾਹੀਦੇ ਹਨ ਤਾਂ ਕਿ ਵਾਤਾਵਰਣ ਬਚਿਆ ਰਹੇ ਕਿਉਂਕਿ ਜੇ ਵਾਤਾਵਰਣ ਠੀਕ ਹੋਵੇਗਾ ਤਾਂ ਸਾਡੀਆਂ ਅਗਲੀਆਂ ਪੀੜੀਆਂ ਦੀ ਸਿਹਤ ਵੀ ਠੀਕ ਰਹੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਨੇ ਈਕੋ ਸਿੱਖ ਸੰਸਥਾ ਨਾਲ ਮਿਲ ਕੇ ਇਹ ਉੱਦਮ ਕੀਤਾ ਹੈ। ਇਸ ਤਹਿਤ ਥੋੜੀ ਜਿਹੀ ਜਗਾ ਵਿੱਚ 550 ਬੂਟੇ ਲਾ ਕੇ ਸੰਘਣਾ ਜੰਗਲਨੁਮਾ ਖੇਤਰ ਤਿਆਰ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਹ ਜਾਪਾਨ ਦੀ ਤਕਨੀਕ ਹੈ, ਜਿਸ ਤਹਿਤ ਸਬੰਧਤ ਖੇਤਰ ਵਿੱਚ ਹੋਣ ਵਾਲੇ ਪੌਦੇ ਹੀ ਉਥੇ ਲਾਏ ਜਾਂਦੇ ਹਨ ਤਾਂ ਕਿ ਇਨਾਂ ਦੇ ਵਿਕਾਸ ਵਿੱਚ ਕੋਈ ਰੁਕਾਵਟ ਨਾ ਆਵੇ। ਉਨਾਂ ਦੱਸਿਆ ਕਿ ਇਹ ਤਕਨੀਕ ਸ਼ਹਿਰੀ ਖੇਤਰ ਵਿੱਚ ਥੋੜੀ ਥਾਂ ਲਈ ਬੇਹੱਦ ਕਾਰਗਰ ਹੈ, ਜਿਸ ਨਾਲ ਜਿੱਥੇ ਜੈਵਿਕ ਵਿਭਿੰਨਤਾ ਬਣਾਈ ਰੱਖਣ ਵਿੱਚ ਮਦਦ ਮਿਲਦੀ ਹੈ, ਉਥੇ ਪੌਦਿਆਂ ਦੇ ਵਿਕਸਤ ਹੋਣ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ। ਇਸ ਤਕਨੀਕ ਨਾਲ ਪੌਦਿਆਂ ਦੀਆਂ ਜੜਾਂ ਇਕ ਦੂਜੇ ਨਾਲ ਜੁੜ ਜਾਂਦੀਆਂ ਹਨ, ਜਿਸ ਨਾਲ ਉਨਾਂ ਦਾ ਵਿਕਾਸ ਤੇਜ਼ੀ ਨਾਲ ਹੁੰਦਾ ਹੈ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਇਹ ਨਿਵੇਕਲੀ ਤਕਨੀਕ ਘੱਟ ਪਾਣੀ ਵਾਲੇ ਇਲਾਕਿਆਂ ਵਿੱਚ ਵੀ ਕਾਮਯਾਬ ਰਹੀ ਹੈ ਕਿਉਂਕਿ ਪੌਦੇ ਲਾਉਣ ਤੋਂ ਪਹਿਲਾਂ ਹੇਠਾਂ ਤਿੰਨ ਫੁੱਟ ਖੁਦਾਈ ਕਰ ਕੇ ਉਸ ਵਿੱਚ ਪਹਿਲਾਂ ਤੂੜੀ ਪਾਈ ਜਾਂਦੀ ਹੈ, ਜਿਸ ਤੋਂ ਬਾਅਦ ਮਿੱਟੀ ਪਾ ਕੇ ਉਪਰ ਖਾਦ ਪਾਈ ਜਾਂਦੀ ਹੈ ਤਾਂ ਕਿ ਇਸ ਵਿੱਚ ਹਵਾ ਆਉਣ ਲਈ ਜਗਾ ਬਣੀ ਰਹੇ ਅਤੇ ਇਸ ਵਿੱਚ ਪਾਣੀ ਇਕੱਠਾ ਰਹੇ। ਉਨਾਂ ਦੱਸਿਆ ਕਿ ਇਹ ਤਕਨੀਕ ਇੰਨੀ ਕਾਰਗਰ ਹੈ ਕਿ ਪੌਦਿਆਂ ਨੂੰ ਸਾਲ ਜਾਂ ਡੇਢ ਸਾਲ ਲਈ ਹੀ ਪਾਣੀ ਦੇਣ ਦੀ ਲੋੜ ਪੈਂਦੀ ਹੈ, ਉਸ ਤੋਂ ਬਾਅਦ ਪੌਦੇ ਦੀ ਪਾਣੀ ਦੀ ਲੋੜ ਹੇਠਾਂ ਬਣਾਈ ਪਰਤ ਵਿੱਚ ਖੜੇ ਪਾਣੀ ਨਾਲ ਹੀ ਪੂਰੀ ਹੁੰਦੀ ਰਹਿੰਦੀ ਹੈ।
ਇਸ ਮੌਕੇ ਕੈਬਨਿਟ ਮੰਤਰੀ ਸ. ਸਿੱਧੂ ਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਤਿਆਰ ਕੀਤੇ ਜਾ ਰਹੇ ਇਸ ਜੰਗਲੀ ਖੇਤਰ ਵਿੱਚ ਪੌਦੇ ਲਗਾਏ। ਈਕੋ ਸਿੱਖ ਸੰਸਥਾ ਦੇ ਨੁਮਾਇੰਦੇ ਪਵਨੀਤ ਸਿੰਘ ਨੇ ਦੱਸਿਆ ਕਿ ਇੱਥੇ ਢੱਕ, ਅਰਜੁਨ, ਕਿੱਕਰ, ਬਹੇੜਾ ਜਾਮਣ, ਦੇਸੀ ਅੰਬ, ਬਬੂਲ, ਨਿੰਮ, ਸਿੰਬਲ, ਮਹੂਆ ਤੇ ਸੁਹੰਜਣਾ ਵਰਗੇ 40 ਤਰਾਂ ਦੇ ਬੂਟੇ ਲਾਏ ਜਾਣਗੇ, ਜਿਨਾਂ ਵਿੱਚੋਂ ਕਈ ਰੁੱਖਾਂ ਦਾ ਜ਼ਿਕਰ ਗੁਰਬਾਣੀ ਵਿੱਚ ਵੀ ਆਉਂਦਾ ਹੈ। ਪ੍ਰੋਗਰਾਮ ਦੌਰਾਨ ਜਿੱਥੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ, ਉਥੇ ਪੌਦੇ ਵੀ ਵੰਡੇ ਗਏ।
           ਇਸ ਮੌਕੇ ਏ.ਡੀ.ਸੀ (ਜ) ਸ੍ਰੀਮਤੀ ਸਾਕਸ਼ੀ ਸਾਹਨੀ, ਏ.ਡੀ.ਸੀ. (ਵਿਕਾਸ) ਅਮਰਦੀਪ ਸਿੰਘ ਬੈਂਸ, ਸ. ਸਿੱਧੂ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਐਸ.ਡੀ.ਐਮ. ਜਗਦੀਪ ਸਹਿਗਲ, ਸਹਾਇਕ ਕਮਿਸ਼ਨਰ ਯਸ਼ਪਾਲ ਸ਼ਰਮਾ, ਵਣ ਮੰਡਲ ਅਫ਼ਸਰ ਗੁਰ ਅਮਨਪ੍ਰੀਤ ਸਿੰਘ, ਡੀ.ਡੀ.ਪੀ.ਓ. ਡੀ.ਕੇ. ਸਾਲਦੀ, ਤਹਿਸੀਲਦਾਰ ਸ੍ਰੀਮਤੀ ਸੁਖਪਿੰਦਰ ਕੌਰ ਅਤੇ ਜ਼ਿਲਾ ਮੱਛੀ ਪਾਲਣ ਅਫ਼ਸਰ ਜਸਵਿੰਦਰ ਸਿੰਘ ਗਿੱਲ ਵੀ ਮੌਜੂਦ ਸਨ।
ਇਸ ਦੌਰਾਨ ਖਰੜ ਬਲਾਕ ਦੇ ਪਿੰਡ ਬਠਲਾਣਾ, ਡੇਰਾਬੱਸੀ ਬਲਾਕ ਦੇ ਪਿੰਡ ਬਸੌਲੀ ਅਤੇ ਮਾਜਰੀ ਬਲਾਕ ਦੇ ਪਿੰਡ ਮਾਜਰੀ ਵਿਖੇ ਵੀ ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਪੰਚਾਇਤੀ ਥਾਵਾਂ ਉਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 550-550 ਪੌਦੇ ਲਾਏ ਗਏ।
ਕੀ ਹੈ ਮੀਆਵਾਕੀ ਤਕਨੀਕ?
ਇਹ ਤਕਨੀਕ ਜਾਪਾਨੀ ਬਨਸਪਤੀ ਵਿਗਿਆਨੀ ਅਕਿਰਾ ਮੀਆਵਾਕੀ ਨੇ ਸ਼ੁਰੂ ਕੀਤੀ, ਜਿਨਾਂ ਦੇ ਨਾਂ ਉਤੇ ਹੀ ਇਸ ਤਕਨੀਕ ਦਾ ਨਾਂ ਪਿਆ। ਇਸ ਤਕਨੀਕ ਵਿੱਚ ਥੋੜੀ ਥੋੜੀ ਜਗਾ ਉਤੇ ਦੋ ਟਿੱਲੇ ਬਣਾ ਕੇ ਸੰਘਣੇ ਬੂਟੇ ਲਾ ਕੇ ਜੰਗਲੀ ਖੇਤਰ ਤਿਆਰ ਕੀਤਾ ਜਾਂਦਾ ਹੈ। ਇਸ ਤਕਨੀਕ ਨਾਲ ਬੂਟੇ 10 ਗੁਣਾ ਤੇਜ਼ ਰਫ਼ਤਾਰ ਨਾਲ ਵਧਦੇ ਹਨ ਅਤੇ ਆਮ ਜੰਗਲ ਨਾਲੋਂ ਇਹ ਬੂਟੇ 30 ਗੁਣਾ ਵੱਧ ਸੰਘਣੇ ਹੁੰਦੇ ਹਨ। ਇਹ ਤਕਨੀਕ ਇੰਨੀ ਕਾਰਗਰ ਹੈ ਕਿ ਦੋ ਸਾਲਾਂ ਵਿੱਚ ਹੀ ਪੌਦਿਆਂ ਦਾ ਵਿਕਾਸ ਕਈ ਗੁਣਾ ਤੱਕ ਹੋ ਜਾਂਦਾ ਹੈ।
ਫੋਟੋ ਕੈਪਸ਼ਨ: ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪੌਦਾ ਲਗਾਉਂਦੇ ਹੋਏ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ। ਤਸਵੀਰ ਵਿੱਚ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਵੀ ਨਜ਼ਰ ਆ ਰਹੇ ਹਨ।
ਕੈਪਸ਼ਨ: ਜਾਪਾਨੀ ਤਕਨੀਕ ਮੀਆਵਾਕੀ ਨਾਲ ਤਿਆਰ ਜੰਗਲੀ ਖੇਤਰ ਦੇਖਦੇ ਹੋਏ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ। ਤਸਵੀਰ ਵਿੱਚ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਵੀ ਨਜ਼ਰ ਆ ਰਹੇ ਹਨ।