• Home
  • ਏਸ਼ੀਆਈ ਖੇਡਾਂ :-ਕਬੱਡੀ ਚ ਵੀ ਮਨਪ੍ਰੀਤ ਨੇ ਚਾਂਦੀ ਦਾ ਤਗਮਾ ਜਿੱਤ ਕੇ ਪੰਜਾਬ ਦਾ ਝੰਡਾ ਝੁਲਾਇਆ

ਏਸ਼ੀਆਈ ਖੇਡਾਂ :-ਕਬੱਡੀ ਚ ਵੀ ਮਨਪ੍ਰੀਤ ਨੇ ਚਾਂਦੀ ਦਾ ਤਗਮਾ ਜਿੱਤ ਕੇ ਪੰਜਾਬ ਦਾ ਝੰਡਾ ਝੁਲਾਇਆ

ਬੁਢਲਾਡਾ (ਖਬਰ ਵਾਲੇ ਬਿਊਰੋ):

ਚਾਂਦੀ ਤੇ ਕਾਂਸੀ ਦੇ 8 ਤਮਗ਼ੇ ਜੇਤੂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਨਪ੍ਰੀਤ ਕੌਰ ਨੇ ਏਸ਼ੀਆਈ ਖੇਡਾਂ ਵਿੱਚ ਕਬੱਡੀ ਖੇਡ ਵਿੱਚ ਚਾਂਦੀ ਦਾ ਤਮਗ਼ਾ ਜਿੱਤ ਕੇ ਇਲਾਕੇ ਦਾ ਮਾਣ ਵਧਾਇਆ ਹੈ। ਮਾਨਸਾ ਜ਼ਿਲ੍ਹੇ ਦੀ ਬੁਢਲਾਡਾ ਤਹਿਸੀਲ ਦੇ ਪਿੰਡ ਕਾਸਿਮਪੁਰ ਛੀਨਾ ਦੇ ਵਸਨੀਕ ਅਤੇ ਕਬੱਡੀ ਦੇ ਪ੍ਰਸਿੱਧ ਖਿਡਾਰੀ ਹਰਦੀਪ ਸਿੰਘ ਦੀ ਧੀ ਮਨਪ੍ਰੀਤ ਕੌਰ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।

ਪੰਜਾਬ ਸਕੂਲ ਖੇਡਾਂ 'ਚੋਂ ਸੋਨ ਤਮਗ਼ਾ ਜਿੱਤਣ ਵਾਲੀ ਮਨਪ੍ਰੀਤ ਕੌਰ ਨੇ 2011-12 ਦੌਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕੁੱਲ ਹਿੰਦ ਅੰਤਰਵਰਸਿਟੀ ਮੁਕਾਬਲਿਆਂ 'ਚ ਖੇਡਣਾ ਸ਼ੁਰੂ ਕੀਤਾ। ਅਗਲੇ ਵਰ੍ਹੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਵਲੋਂ ਕੁੱਲ ਹਿੰਦ ਅੰਤਰਵਰਸਿਟੀ ਮੁਕਾਬਲਿਆਂ 'ਚ ਚਾਂਦੀ ਦਾ ਤਮਗ਼ਾ ਜਿੱਤਿਆ। ਪੰਜਾਬੀ ਯੂਨੀਵਰਸਿਟੀ ਵੱਲੋਂ ਲਗਾਤਾਰ 3 ਸਾਲ ਕੁੱਲ ਹਿੰਦ ਅੰਤਰਵਰਸਿਟੀ ਮੁਕਾਬਲਿਆਂ 'ਚ ਕਾਂਸੀ ਦੇ ਤਮਗ਼ੇ ਜਿੱਤੇ। 2016 'ਚ ਪਟਿਆਲਾ ਵਿਖੇ ਹੋਈਆਂ ਕੌਮੀ ਮਹਿਲਾ ਖੇਡਾਂ 'ਚ ਮਨਪ੍ਰੀਤ ਕੌਰ ਦੀ ਕਪਤਾਨੀ 'ਚ ਪੰਜਾਬ ਦੀ ਟੀਮ ਨੇ ਨੈਸ਼ਨਲ ਸਟਾਈਲ ਕਬੱਡੀ ਵਿੱਚ ਸੋਨ ਤਮਗ਼ਾ ਜਿੱਤਿਆ। ਸਰਕਲ ਸਟਾਈਲ ਕਬੱਡੀ ਦੇ ਤੀਸਰੇ ਆਲਮੀ ਕੱਪ (2013) ਦੀ ਚੈਂਪੀਅਨ ਭਾਰਤੀ ਟੀਮ ਦੀ ਸਟਾਪਰ ਵਜੋਂ ਮਨਪ੍ਰੀਤ ਹਿੱਸਾ ਬਣੀ। ਕੁੱਲ ਹਿੰਦ ਅੰਤਰਵਰਸਿਟੀ ਸਰਕਲ ਸਟਾਈਲ ਚੈਂਪੀਅਨਸ਼ਿਪਾਂ 'ਚ ਪੰਜਾਬੀ ਯੂਨੀਵਰਸਿਟੀ ਦੀ ਪ੍ਰਤੀਨਿਧਤਾ ਕਰਦਿਆਂ ਮਨਪ੍ਰੀਤ ਕੌਰ ਨੇ 2015 ਤੇ 16 ਵਿੱਚ ਕ੍ਰਮਵਾਰ ਕਾਂਸੀ ਅਤੇ ਚਾਂਦੀ ਦੇ ਤਮਗ਼ੇ ਜਿੱਤੇ। ਜ਼ਿਲ੍ਹਾ ਮਾਨਸਾ ਦੀ ਇਹ ਵਸਨੀਕ ਜਕਾਰਤਾ ਵਿਖੇ ਹੋ ਰਹੀਆਂ ਏਸ਼ੀਅਨ ਖੇਡਾਂ ਵਿੱਚ ਰਾਜਸਥਾਨ ਦੀ ਪ੍ਰਤੀਨਿਧਤਾ ਕਰ ਰਹੀ ਹੈ।