• Home
  • ਪਟਿਆਲਾ ਹੈਰੀਟੇਜ ਉਤਸਵ 19 ਫਰਵਰੀ ਤੋਂ -ਕੁਮਾਰ ਅਮਿਤ

ਪਟਿਆਲਾ ਹੈਰੀਟੇਜ ਉਤਸਵ 19 ਫਰਵਰੀ ਤੋਂ -ਕੁਮਾਰ ਅਮਿਤ

ਪਟਿਆਲਾ, 7 ਫਰਵਰੀ:'ਪਟਿਆਲਾ ਹੈਰੀਟੇਜ ਉਤਸਵ-2019' ਦਾ ਆਗਾਜ 19 ਫਰਵਰੀ ਦੀ ਸ਼ਾਮ ਨੂੰ ਪਟਿਆਲਾ ਦੇ ਵਿਰਾਸਤੀ ਕਿਲਾ ਮੁਬਾਰਕ ਵਿਖੇ ਹੋਵੇਗਾ। ਇਸ ਸਬੰਧੀ ਤਿਆਰੀਆਂ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕਰਕੇ ਪਟਿਆਲਾ ਹੈਰੀਟੇਜ ਉਤਸਵ ਦੇ ਪ੍ਰਬੰਧਾਂ ਨੂੰ ਸਮੇਂ ਸਿਰ ਨੇਪਰੇ ਚਾੜਨ ਦੀ ਹਦਾਇਤ ਕਰਦਿਆ ਕਿਹਾ ਕਿ ਪਟਿਆਲਾ ਹੈਰੀਟੇਜ ਫੈਸਟੀਵਲ ਜੋ ਕਰੀਬ 12 ਸਾਲਾਂ ਤੋਂ ਬਾਅਦ ਦੋਬਾਰਾ ਪਿੱਛਲੇ ਸਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਨਿਜੀ ਦਿਲਚਸਪੀ ਲੈ ਕੇ ਸ਼ੁਰੂ ਕਰਵਾਇਆ ਸੀ, ਉਹ ਲਗਾਤਾਰ ਦੂਸਰੇ ਸਾਲ ਵੀ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਉਤਸਵ ਨੂੰ ਲੈਕੇ ਪਿੱਛਲੇ ਸਾਲ ਪਟਿਆਲਵੀਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਸੀ ਤੇ ਇਸ ਵਾਰ ਵੀ ਵੱਡੀ ਗਿਣਤੀ ਪਟਿਆਲਾ ਵਾਸੀ ਇਸ ਵਿਰਾਸਤੀ ਉਤਸਵ ਵਿੱਚ ਸ਼ਿਕਰਤ ਕਰਕੇ ਆਪਣੇ ਅਮੀਰ ਵਿਰਸੇ, ਵੱਡਮੁੱਲੀ ਵਿਰਾਸਤ ਅਤੇ ਸੱਭਿਆਚਾਰ ਦਾ ਆਨੰਦ ਮਾਣਨਗੇ।ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪੰਜਾਬ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਉਤਸਵ ਦੇ 19 ਫਰਵਰੀ ਨੂੰ ਸ਼ਾਮ ਦੇ ਉਦਘਾਟਨੀ ਸਮਾਰੋਹ ਵਿੱਚ ਇਕ ਵਿਸ਼ੇਸ਼ ਵਿਰਾਸਤੀ ਮਸ਼ਾਲ ਮਾਰਚ ਕੱਢਿਆ ਜਾਵੇਗਾ। ਇਸ ਤੋਂ ਮਗਰੋਂ ਕਿਲਾ ਮੁਬਾਰਕ ਵਿਖੇ ਹੀ ਉੱਘੇ ਸ਼ਾਸਤਰੀ ਸੰਗੀਤਕਾਰ ਪਦਮ ਭੂਸ਼ਣ ਪੰਡਤ ਰਾਜਨ-ਸਾਜਨ ਮਿਸ਼ਰਾ ਆਪਣੀ ਪੇਸ਼ਕਾਰੀ ਦੇਣਗੇ ਅਤੇ ਪਾਰਵਤੀ ਦੱਤਾ ਉਡੀਸਾ ਦੇ ਡਾਸ ਔਰਾ ਦੀ ਪੇਸ਼ਕਾਰੀ ਕਰਨਗੇ।ਇਸੇ ਦੌਰਾਨ ਪਟਿਆਲਾ ਵਿਰਾਸਤੀ ਉਤਸਵ ਦੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ 20 ਫਰਵਰੀ ਨੂੰ ਸਵੇਰੇ 11 ਵਜੇ ਏਵੀਏਸ਼ਨ ਕਲੱਬ ਪਟਿਆਲਾ-ਸੰਗਰੂਰ ਰੋਡ ਵਿਖੇ ਏਅਰੋ ਮਾਡਲਿੰਗ ਅਤੇ ਸਟੰਟ ਬਾਇਕਿੰਗ ਦੇ ਕਰਤੱਬ ਹੋਣਗੇ ਅਤੇ ਸ਼ਾਮ ਨੂੰ ਕਿਲਾ ਮੁਬਾਰਕ ਵਿਖੇ ਪਦਮ ਸ੍ਰੀ ਉਸਤਾਦ ਵਾਸੀਫੂਦੀਨ ਡਾਗਰ, ਉਸਤਾਦ ਨਿਸ਼ਾਤ ਖਾਨ, ਉਸਤਾਦ ਇਰਸ਼ਾਦ ਖਾਨ ਅਤੇ ਉਸਤਾਦ ਵਜਾਹਤ ਖਾਨ ਆਪਣੀਆਂ ਸੰਗੀਤਮਈ ਪੇਸ਼ਕਾਰੀਆਂ ਦੇਣਗੇ।ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ 21 ਫਰਵਰੀ ਨੂੰ ਸਵੇਰੇ 9 ਵਜੇ ਵਿਰਾਸਤੀ ਸੈਰ (ਹੈਰੀਟੇਜ ਵਾਕ) ਸ਼ਾਹੀ ਸਮਾਧਾਂ ਤੋਂ ਸ਼ੁਰੂ ਹੋਵੇਗੀ ਜੋ ਕਿ ਸ਼ਹਿਰ ਦੇ ਪ੍ਰਮੁੱਖ ਸਥਾਨਾਂ ਤੋਂ ਲੰਘਦੇ ਹੋਈ ਕਿਲਾ ਮੁਬਾਰਕ ਤੱਕ ਜਾਵੇਗੀ। ਉਨ੍ਹਾਂ ਦੱਸਿਆ ਕਿ ਦੁਪਹਿਰ ਸਮੇਂ ਥਾਪਰ ਯੂਨੀਵਰਸਿਟੀ ਵਿਖੇ ਕੁਈਜ਼ ਮੁਕਾਬਲੇ ਕਰਵਾਏ ਜਾਣਗੇ ਅਤੇ ਸ਼ਾਮ 6:30 ਵਜੇ ਪਟਿਆਲਾ ਘਰਾਣੇ ਦੇ ਕੌਸ਼ਕੀ ਚੱਕਰਵਰਤੀ ਆਪਣੀ ਪੇਸ਼ਕਾਰੀ ਦੇਣਗੇ ਅਤੇ ਪ੍ਰੀਤੀ ਪਟੇਲ ਮਨੀਪੁਰੀ ਡਾਸ ਡਰਾਮਾ ਅਗਨੀ ਪੇਸ਼ ਕਰਨਗੇ।ਉਨ੍ਹਾਂ ਦੱਸਿਆ ਕਿ 22 ਫਰਵਰੀ ਨੂੰ ਸਵੇਰੇ 11 ਵਜੇ ਬਾਰਾਂਦਰੀ ਬਾਗ ਵਿਖੇ ਫਲਾਵਰ ਅਤੇ ਫੂਡ ਫੈਸਟੀਵਲ ਹੋਵੇਗਾ ਅਤੇ ਸ਼ਾਮ 6:30 ਵਜੇਂ ਕਿਲਾ ਮੁਬਾਰਕ ਵਿਖੇ ਪਦਮ ਭੁਸ਼ਨ ਪੰਡਿਤ ਸ੍ਰੀ ਵਿਸਵਾ ਮੋਹਨ ਭੱਟ ਆਪਣੀ ਪੇਸ਼ਕਾਰੀ ਦੇਣਗੇ ਅਤੇ ਰਾਮਾ ਵੇਦਾਨਾਥਨ ਆਪਣੇ ਗਰੁੱਪ ਨਾਲ ਭਾਰਤਨਾਟੀਅਮ ਡਾਂਸ ਪੇਸ਼ ਕਰਨਗੇ। ਉਨ੍ਹਾਂ ਦੱਸਿਆ ਕਿ 23 ਫਰਵਰੀ ਨੂੰ ਸਵੇਰੇ 7 ਵਜੇ ਐਨ.ਆਈ.ਐਸ ਤੋਂ ਸਾਈਕਲ ਰੈਲੀ ਸ਼ੁਰੂ ਹੋਵੇਗੀ ਅਤੇ ਦੁਪਹਿਰੇ 12 ਵਜੇ ਪੋਲੋ ਗਰਾਊਂਡ ਵਿਖੇ ਸਾਈਕਲ ਪੋਲੋ ਮੈਚ ਹੋਵੇਗਾ। ਉਨ੍ਹਾਂ ਦੱਸਿਆ ਕਿ ਸ਼ਾਮ ਸਮੇਂ ਵਾਈ.ਪੀ.ਐਸ. ਸਟੇਡੀਅਮ ਵਿਖੇ ਪੌਪ ਸ਼ੋਅ ਹੋੇਵੇਗਾ ਜਿਸ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਐਮੀ ਵਿਰਕ ਅਤੇ ਜਸਬੀਰ ਜੱਸੀ ਆਪਦੇ ਫੰਨ ਦਾ ਮੁਜਾਹਰਾ ਕਰਨਗੇ।ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਵਿਰਾਸਤੀ ਉਤਸਵ ਦੇ ਆਖੀਰੀ ਦਿਨ ਏਵੀਏਸ਼ਨ ਕਲੱਬ ਨਿਊ ਪੋਲੋ ਗਰਾਊਂਡ ਵਿਖੇ ਪੋਲੋ ਮੈਚ ਅਤੇ ਟੈਟ ਪੈਗਿੰਗ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਸ਼ਾਮ ਸਮੇਂ ਐਨ.ਆਈ.ਐਸ ਵਿਖੇ ਹਰਬਖ਼ਸ ਸਿੰਘ ਲਾਟਾ ਵੱਲੋਂ ਨਿਰਦੇਸ਼ਤ 'ਸਤਿਗੁਰ ਨਾਨਕ ਪ੍ਰਗਟਿਆ' ਲਾਇਟ ਐਂਡ ਸਾਊਂਡ ਪਨੋਰਮਾ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇਗਾ।ਮੀਟਿੰਗ ਦੌਰਾ ਐਸ.ਐਸ.ਪੀ ਸ. ਮਨਦੀਪ ਸਿੰਘ ਸਿੱਧੂ, ਐਸ.ਡੀ.ਐਮ ਪਟਿਆਲਾ ਸ. ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ ਸਮਾਣਾ ਅਰਵਿੰਦ ਕੁਮਾਰ, ਐਸ.ਡੀ.ਐਮ. ਪਾਤੜਾਂ ਸ੍ਰੀਮਤੀ ਪਾਲਿਕਾ ਅਰੌੜਾ, ਸਹਾਇਕ ਕਮਿਸ਼ਨਰ ਸ੍ਰੀ ਨਮਨ ਮੜਕਨ, ਸਹਾਇਕ ਕਮਿਸ਼ਨਰ (ਸ਼ਿਕਾਇਤਾ) ਮਿਸ ਹਰਕੀਰਤ ਕੌਰ ਸਮੇਤ ਵੱਖ ਵਿੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।