• Home
  • ‘ਚਲੋ ਰੈਲੀ ‘ਚ–ਚਲੋ ਧਰਨਾ ਦਈਏ’ ਦੇ ਰੌਲੇ ਰੱਪੇ ‘ਚ ਦੱਬਿਆ ਗਿਆ ਪੰਜਾਬ

‘ਚਲੋ ਰੈਲੀ ‘ਚ–ਚਲੋ ਧਰਨਾ ਦਈਏ’ ਦੇ ਰੌਲੇ ਰੱਪੇ ‘ਚ ਦੱਬਿਆ ਗਿਆ ਪੰਜਾਬ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਭਾਵੇਂ ਦੋ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਭਲਕੇ ਹਨ ਤੇ ਦੋ ਧੜਿਆਂ ਦੇ ਰੋਸ ਮਾਰਚ ਤੇ ਧਰਨੇ ਵੀ ਭਲਕੇ ਹਨ ਪਰ ਅੱਜ ਦਾ ਦਿਨ ਇਸੇ ਸ਼ੋਰ 'ਚ ਲੰਘ ਰਿਹਾ ਹੈ 'ਚਲੋ ਬਈ ਰੈਲੀ 'ਚ ਚਲੋ-ਚਲੋ ਬਈ ਧਰਨਾ ਦਈਏ'
ਆਖ਼ਰ ਅੱਜ ਦਾ ਦਿਨ ਖ਼ਾਸ ਕਿਉਂ ਹੈ? 7 ਅਕਤੂਬਰ ਨੂੰ ਕਾਂਗਰਸ ਦੀ ਲੰਬੀ ਤੇ ਅਕਾਲੀ ਦਲ ਦੀ ਪਟਿਆਲਾ ਵਿਖੇ ਰੈਲੀ ਹੈ। ਦੋਵੇਂ ਪਾਰਟੀਆਂ ਦੇ ਆਗੂ ਰੈਲੀਆਂ ਨੂੰ ਕਾਮਯਾਬ ਕਰਨ ਲਈ ਸਿਰਤੋੜ ਯਤਨ ਕਰ ਰਹੀਆਂ ਹਨ। ਦੋਹਾਂ ਪਾਰਟੀਆਂ ਦੇ ਸੀਨੀਅਰਾਂ ਆਗੂਆਂ ਦੇ ਨਾਲ ਨਾਲ ਆਮ ਵਰਕਰ ਵੀ ਸਰਮਰਮ ਹਨ ਤੇ ਜਿਹੜੇ ਹਰੇਕ ਬੰਦੇ ਨੂੰ ਰੋਕ ਰੋਕ ਕੇ ਰੈਲੀਆਂ 'ਚ ਜਾਣ ਲਈ ਕਹਿ ਰਹੇ ਹਨ ਤੇ ਰਣਨੀਤੀਆਂ ਘੜੀਆਂ ਜਾ ਰਹੀਆਂ ਹਨ।
ਉਧਰ ਅੱਜ ਸਵੇਰਸਾਰ ਹੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਲਾ ਕੇ ਧਰਨਿਆਂ ਦੀ ਗਿਣਤੀ ਹੋਰ ਵਧਾ ਦਿੱਤੀ।
ਦੂਜੇ ਪਾਸੇ ਖਹਿਰਾ ਧੜਾ ਭਲਕ ਦੇ ਰੋਸ ਮਾਰਚ ਨੂੰ ਕਾਮਯਾਬ ਕਰਨ ਲਈ ਦਿਨ ਰਾਤ ਇੱਕ ਕਰ ਕੇ ਘੁੰਮ ਰਹੇ ਹਨ ਤੇ ਅੱਜ ਵੀ ਉਨਾਂ ਦਾ ਕਈ ਥਾਵਾਂ 'ਤੇ ਜਾਣ ਦਾ ਪ੍ਰੋਗਰਾਮ ਹੈ।
ਧਰਨਿਆਂ ਦੀ ਗੱਲ ਇਥੇ ਹੀ ਖ਼ਤਮ ਨਹੀਂ ਹੁੰਦੀ ਬਲਕਿ ਪਿਛਲੇ ਦਿਨੀਂ ਸਰਕਾਰ ਵਲੋਂ ਅਧਿਆਪਕਾਂ ਸਬੰਧੀ ਸੁਣਾਏ ਫੈਸਲੇ ਨੇ ਪੰਜਾਬ 'ਚ ਸਰਗਰਮੀਆਂ ਹੋਰ ਵਧਾ ਦਿੱਤੀਆਂ ਹਨ। ਗੁਸਾਏ ਅਧਿਆਪਕ ਵੀ ਜਗਾ-ਜਗਾ ਆਪਣੇ ਗੁਸੇ ਦਾ ਇਜ਼ਹਾਰ ਕਰਨ ਲਈ ਧਰਨੇ ਲਾ ਰਹੇ ਹਨ। ਕਈ ਥਾਵਾਂ 'ਤੇ ਤਾਂ ਉਨਾਂ ਦੇ ਪਰਵਾਰਕ ਮੈਂਬਰ ਵੀ ਧਰਨਿਆਂ 'ਚ ਸ਼ਾਮਲ ਹੋ ਰਹੇ ਹਨ।
ਇੰਝ ਲਗਦਾ ਹੈ ਕਿ ਅੱਜ ਪੰਜਾਬ 'ਚ ਕੇਵਲ ਰੈਲੀਆਂ ਤੇ ਧਰਨੇ ਹੀ ਪ੍ਰਮੁੱਖ ਹਨ ਪਰ ਇਨਾਂ ਦਾ ਆਯੋਜਨ ਕਰਨ ਵਾਲੇ ਇਹ ਭੁੱਲ ਜਾਂਦੇ ਹਨ ਕਿ ਆਮ ਲੋਕਾਂ ਦੇ ਹੋਰ ਵੀ ਕਈ ਮਸਲੇ ਹਨ। ਕਿਸਾਨ ਦੀ ਫ਼ਸਲ ਖ਼ਰਾਬ ਹੋ ਗਈ, ਦੋਆਬੇ 'ਚ ਡੇਂਗੂ ਫੈਲ ਰਿਹਾ ਹੈ, ਗਲੀਆਂ 'ਚ ਵਿਹਲੜ ਨੌਜਵਾਨ ਘੁੰਮ ਰਹੇ ਹਨ ਆਦਿ। ਕੀ ਇਹ ਲੋਕ ਇਧਰ ਵੀ ਧਿਆਨ ਦੇਣਗੇ।