• Home
  • ਆਖ਼ਰ ਸਰਕਾਰ ਨੇ 19 ਚੀਜ਼ਾਂ ‘ਤੇ ਕਿਉਂ ਵਧਾਈ ਕਸਟਮ ਡਿਊਟੀ-ਪੜੋ

ਆਖ਼ਰ ਸਰਕਾਰ ਨੇ 19 ਚੀਜ਼ਾਂ ‘ਤੇ ਕਿਉਂ ਵਧਾਈ ਕਸਟਮ ਡਿਊਟੀ-ਪੜੋ

ਚੰਡੀਗੜ, (ਖ਼ਬਰ ਵਾਲੇ ਬਿਊਰੋ):ਪਿਛਲੇ ਇਕ ਮਹੀਨੇ ਤੋਂ ਤੇਲ ਦੀਆਂ ਵਧ ਰਹੀਆਂ ਕੀਮਤਾਂ ਤੋਂ ਜਿਥੇ ਲੋਕ ਪ੍ਰੇਸ਼ਾਨ ਸੀ ਤੇ ਹੁਣ ਕੇਂਦਰ ਸਰਕਾਰ ਨੇ ਆਮ ਲੋਕਾਂ 'ਤੇ ਹੋਰ ਬੋਝ ਪਾ ਦਿੱਤਾ ਗਿਆ ਹੈ। ਨਵਾਂ ਫ਼ੁਰਮਾਨ ਆਇਆ ਹੈ ਕਿ ਆਮ ਲੋਕਾਂ ਦੇ ਘਰਾਂ 'ਚ ਵਰਤੀਆਂ ਜਾਣ ਵਾਲੀਆਂ 19 ਚੀਜ਼ਾਂ 'ਤੇ ਕਸਟਮ ਡਿਊਟੀ ਢਾਈ ਤੋਂ 10 ਫ਼ੀ ਸਦੀ ਤਕ ਵਧ ਜਾਵੇਗੀ। ਇਹ ਫੈਸਲਾ ਭਲਕੇ ਤੋਂ ਲਾਗੂ ਕਰ ਕੇ ਦੇਸ਼ ਦੇ ਖ਼ਜ਼ਾਨੇ ਨੂੰ ਹੋਰ ਭਰਿਆ ਜਾਵੇਗਾ ਜਾਂ ਇਹ ਕਹਿ ਲਵੋ ਕਿ ਲੋਕਾਂ ਦੀਆਂ ਜੇਬਾਂ 'ਚੋਂ ਪੈਸਾ ਨਿਕਲ ਕੇ ਸਰਕਾਰ ਦੀ ਤਿਜੌਰੀ 'ਚ ਚਲਾ ਜਾਵੇਗਾ।
ਇਹ ਚੀਜ਼ਾਂ ਕਿਹੜੀਆਂ ਹਨ -ਫ਼ਰਿੱਜ, ਏਸੀ, ਵਾਸ਼ਿੰਗ ਮਸ਼ੀਨ, ਟਰੈਵਲ ਬੈਗ, ਸੂਟ ਕੇਸ, ਵਿਦੇਸ਼ੀ ਗਹਿਣੇ, ਹੀਰੇ ਮੋਤੀ, ਜੁੱਤੀਆਂ, ਰੇਡੀਕਲ ਕਾਰ ਟਾਇਰ, ਪਲਾਸਟਿਕ ਦਾ ਸਮਾਨ ਆਦਿ।
ਪਹਿਲੀ ਨਜ਼ਰ 'ਚ ਇਹ ਲੱਗ ਰਿਹਾ ਹੈ ਕਿ ਸਰਕਾਰ ਨੇ ਇਨਾਂ ਚੀਜ਼ਾਂ ਦੀਆਂ ਕੀਮਤਾਂ ਵਧਾ ਕੇ ਆਮ ਆਦਮੀ 'ਤੇ ਬੋਝ ਪਾ ਦਿੱਤਾ ਹੈ ਪਰ ਸਰਕਾਰ ਦਾ ਮੰਨਣਾ ਇਹ ਨਹੀਂ ਹੈ ਕਿਉਂਕਿ ਸਰਕਾਰ ਨੇ ਫ਼ੈਸਲਾ ਕੀਤਾ ਸੀ ਕਿ ਪੰਜ ਪੜਾਵਾਂ ਵਿਚ ਅਜਿਹਾ ਕੀਤਾ ਜਾਵੇਗਾ ਜਿਸ ਨਾਲ ਗੈਰ ਜ਼ਰੂਰੀ ਆਯਾਤ ਨੂੰ ਰੋਕਿਆ ਜਾ ਸਕੇ। ਸਰਕਾਰ ਦਾ ਮਕਸਦ ਵਧਦੇ ਚਾਲੂ ਖਾਤਾ ਘਾਟੇ ਨੂੰ ਰੋਕਣਾ ਹੈ। ਇਸ ਦੇ ਨਾਲ ਵਿਦੇਸ਼ੀ ਪੂੰਜੀ ਦੇ ਨਿਕਾਸ 'ਤੇ ਵੀ ਬੰਧਸ਼ ਲੱਗ ਜਾਵੇਗੀ।
ਦਸ ਦਈਏ ਕਿ ਚਾਲੂ ਖਾਤਾ ਘਾਟਾ ਦੇਸ਼ 'ਚ ਆ ਰਹੀ ਵਿਦੇਸ਼ੀ ਪੂੰਜੀ ਤੇ ਦੇਸ਼ 'ਚੋਂ ਨਿਕਲ ਰਹੀ ਪੂੰਜੀ ਵਿਚਕਾਰਲੇ ਫ਼ਰਕ ਨੂੰ ਕਿਹਾ ਜਾਂਦਾ ਹੈ। ਅਪ੍ਰੈਲ-ਜੂਨ ਤਿਮਾਹੀ ਵਿਚ ਇਹ ਘਾਟਾ ਭਾਰਤੀ ਜੀਡੀਪੀ ਦੇ 2.5 ਫ਼ੀ ਸਦੀ ਦੇ ਬਰਾਬਰ ਹੋ ਗਿਆ ਹੈ।
ਵਿੱਤ ਮੰਤਰਾਲੇ ਦੀ ਜਾਣਕਾਰੀ ਅਨੁਸਾਰ ਬੀਤੇ ਵਿੱਤੀ ਸਾਲ ਦੌਰਾਨ ਇਨਾਂ ਚੀਜ਼ਾਂ ਦਾ ਸ਼ਿਪਮੈਂਟ ਬਿੱਲ 86 ਹਜ਼ਾਰ ਕਰੋੜ ਰੁਪਏ ਬਣਿਆ ਸੀ। ਵਿੱਤ ਮੰਤਰਾਲੇ ਅਨੁਸਾਰ ਇਹ ਕਦਮ ਅਜਿਹੀਆਂ ਚੀਜਾਂ ਦੇ ਆਯਾਤ ਨੂੰ ਰੋਕਣ ਲਈ ਚੁਕਿਆ ਗਿਆ ਹੈ। ਦਸ ਦਈਏ ਕਿ ਸਾਲ 2017-18 'ਚ ਇਸ ਸਮਾਨ ਦੀ ਵਿਕਰੀ 86 ਹਜ਼ਾਰ ਕਰੋੜ ਰੁਪਏ ਦੀ ਹੋਈ ਸੀ ਤੇ ਜਿਸ ਨਾਲ ਚਾਲੂ ਖਾਤਾ ਘਾਟਾ ਕਾਫ਼ੀ ਵਧ ਗਿਆ ਸੀ।
ਵਿੱਤ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਨਾਲ ਲੋਕਾਂ 'ਚ ਦੇਸ਼ 'ਚ ਬਣੀਆਂ ਚੀਜ਼ਾਂ ਖ਼ਰੀਦਣ ਦਾ ਰੁਝਾਨ ਤਾਂ ਵਧੇਗਾ ਹੀ ਬਲਕਿ ਵਿਦੇਸ਼ੀ ਪੂੰਜੀ ਦਾ ਨਿਕਾਸ ਵੀ ਘੱਟ ਹੋ ਜਾਵੇਗਾ। ਮੰਤਰਾਲੇ ਨੇ ਸਾਫ਼ ਕੀਤਾ ਕਿ ਇਨਾਂ ਚੀਜ਼ਾਂ 'ਤੇ ਕਸਟਮ ਡਿਊਟੀ ਵਧਾਉਣ ਨਾਲ ਮੱਧ ਵਰਗ 'ਤੇ ਬਹੁਤਾ ਅਸਰ ਨਹੀਂ ਪਵੇਗਾ।