• Home
  • ਹੁਣ ਸਰਕਾਰ ਨਾਲ ਰੁੱਸੇ 5178 ਅਧਿਆਪਕ, ਰੈਗੂਲਰ ਨਾ ਕਰਨ ਦੇ ਰੋਸ ਵਜੋਂ ਕਰਨਗੇ ਭੁੱਖ ਹੜਤਾਲ

ਹੁਣ ਸਰਕਾਰ ਨਾਲ ਰੁੱਸੇ 5178 ਅਧਿਆਪਕ, ਰੈਗੂਲਰ ਨਾ ਕਰਨ ਦੇ ਰੋਸ ਵਜੋਂ ਕਰਨਗੇ ਭੁੱਖ ਹੜਤਾਲ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪਿਛਲੇ ਲੰਮੇ ਸਮੇਂ ਤੋਂ ਰੈਗੂਲਰ ਕਰਨ ਦੀ ਹੱਕੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀ 5178 ਅਧਿਆਪਕ ਯੂਨੀਅਨ ਵਲੋਂ ਇੱਕ ਅਹਿਮ ਮੀਟਿੰਗ ਅਬੋਹਰ ਦੇ ਬਲਾਕ ਪ੍ਰਧਾਨ ਗੌਰਵ ਗਗਨੇਜਾ ਦੀ ਅਗਵਾਈ ਵਿੱਚ ਨਹਿਰੂ ਪਾਰਕ, ਅਬੋਹਰ ਵਿਖੇ ਕੀਤੀ ਗਈ ਜਿਸ ਵਿੱਚ 5178 ਅਧਿਆਪਕ ਯੂਨੀਅਨ ਦੀ ਸਟੇਟ ਕਮੇਟੀ ਵਲੋਂ ਉਲੀਕੇ ਗਏ ਐਕਸ਼ਨ ਮੁਤਾਬਕ ਰੈਗੂਲਰ ਨਾ ਕਰਨ ਦੇ ਰੋਸ ਵਜੋਂ ਆਉਣ ਵਾਲੀ 23 ਸਤੰਬਰ ਨੂੰ ਪੂਰੇ ਪੰਜਾਬ ਦੇ ਕਾਂਗਰਸ ਦੇ ਕੈਬਨਿਟ ਮੰਤਰੀ, ਐਮ ਐਲ ਏ ਦੇ ਘਰਾਂ ਦੇ ਅੱਗੇ ਇੱਕ ਰੋਜਾ ਭੁੱਖ ਹੜਤਾਲ ਰੱਖਣ ਦਾ ਐਲਾਨ ਕੀਤਾ ਗਿਆ ਜਿਸ ਦੇ ਤਹਿਤ ਜ਼ਿਲ•ਾ ਫ਼ਾਜ਼ਿਲਕਾ ਦੇ ਸਮੂਹ ਅਧਿਆਪਕਾਂ ਵਲੋਂ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਮੈਬਰ ਪਾਰਲੀਮੈਂਟ ਸੁਨੀਲ ਜਾਖੜ ਦੇ ਘਰ ਮੂਹਰੇ ਇੱਕ ਦਿਨ ਦੀ ਭੁੱਖ ਹੜਤਾਲ ਦਾ ਫੈਸਲਾ ਕੀਤਾ ਗਿਆ।
ਇਸ ਮੌਕੇ ਬਲਾਕ ਅਬੋਹਰ ਦੇ ਪ੍ਰਧਾਨ ਗੌਰਵ ਗਗਨੇਜਾ ਨੇ ਦੱਸਿਆ ਕਿ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ 5178 ਅਧਿਆਪਕ ਪੰਜਾਬ ਸਰਕਾਰ ਵਲੋਂ 2011 ਵਿੱਚ ਲਿਆ ਪਹਿਲਾ ਟੈਟ ਦਾ ਟੈਸਟ ਪਾਸ ਕਰਨ ਉਪਰੰਤ ਸਿੱਖਿਆ ਵਿਭਾਗ ਦੀਆਂ ਮਨਜ਼ੂਰਸ਼ੁਦਾ ਪੋਸਟਾਂ ਉਤੇ ਨਵੰਬਰ 2014 ਤੋਂ ਤਿੰਨ ਸਾਲ ਦੀ ਠੇਕੇ ਦੀ ਸ਼ਰਤ ਉੱਤੇ 6000 ਰੁਪਏ ਮਹੀਨਾ ਤਨਖ਼ਾਹ ਤੇ ਭਰਤੀ ਕੀਤੇ ਗਏ ਸਨ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਮੁਤਾਬਕ ਇਨਾਂ ਅਧਿਆਪਕਾਂ ਨੂੰ ਨਵੰਬਰ 2017 ਵਿੱਚ ਰੈਗੂਲਰ ਕੀਤਾ ਜਾਣਾ ਬਣਦਾ ਸੀ। ਅਕਤੂਬਰ 2017 ਵਿੱਚ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ.) ਵਲੋਂ ਰੈਗੂਲਰ ਦੀਆਂ ਫਾਈਲਾਂ ਵੀ ਲੈ ਲਈ ਗਈਆਂ ਹਨ। ਹੁਣ ਤਿੰਨ ਸਾਲ ਤੋਂ ਦਸ ਮਹੀਨੇ ਬਾਅਦ ਵੀ ਅਜੇ ਤੱਕ ਇਨਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ। ਜਦਕਿ ਵਿੱਤ ਵਿਭਾਗ ਵਲੋਂ ਪੱਤਰ ਜਾਰੀ ਕਰਕੇ ਨਾ-ਮਾਤਰ ਦਿੱਤੀ ਜਾ ਰਹੀਂ ਤਨਖਾਹ ਦੇਣੀ ਵੀ ਬੰਦ ਕਰ ਦਿੱਤੀ ਗਈ। ਇਸ ਤੋਂ ਇਲਾਵਾ ਸਰਕਾਰ ਵਲੋਂ ਮੀਟਿੰਗਾਂ ਵਿੱਚ ਜਾਂ ਤਾਂ ਪੂਰੀ ਤਨਖਾਹ ਹੋਣ ਤੱਕ 10000 ਰੁਪਏ ਸਾਲਾਨਾ ਵਾਧਾ ਜਾਂ ਅਪ੍ਰੈਲ 2019 ਤੋਂ ਰੈਗੂਲਰ ਕਰਨ ਦੀ ਅਜੀਬੋ-ਗਰੀਬ ਸ਼ਰਤਾਂ ਦਾ ਪ੍ਰਸਤਾਵ ਸਾਡੇ ਸੂਬਾਈ ਆਗੂਆਂ ਸਾਹਮਣੇ ਰੱਖੀਆਂ ਗਈਆਂ ਜਿਸ ਨੂੰ ਉਹਨਾਂ ਵਲੋਂ ਮੁੱਢੋਂ ਹੀ ਰੱਦ ਕਰ ਦਿੱਤਾ ਗਿਆ ਅਤੇ ਆਪਣੇ ਤਿੰਨ ਸਾਲ ਪੂਰੇ ਹੋਣ ਉਪਰੰਤ ਭਾਵ ਨਵੰਬਰ 2017 ਤੋਂ ਹੀ ਫੁੱਲ ਸਕੇਲ ਤੇ ਰੈਗੂਲਰ ਦੀ ਮੰਗ ਕੀਤੀ ਗਈ।