• Home
  • “ਆਪ” ਦੇ ਵਿਧਾਇਕ ਨੇ ਹੁਣ ਖੁੱਲ੍ਹਕੇ ਕੇਜਰੀਵਾਲ ਨੂੰ ਲਲਕਾਰਿਆ ! ਦੇਖੋ ਕੇਜਰੀਵਾਲ ਪ੍ਰਤੀ ਮੋਹ ਵੀ ਤੇ ਤਿੱਖੇ ਤੇਵਰ ਵੀ

“ਆਪ” ਦੇ ਵਿਧਾਇਕ ਨੇ ਹੁਣ ਖੁੱਲ੍ਹਕੇ ਕੇਜਰੀਵਾਲ ਨੂੰ ਲਲਕਾਰਿਆ ! ਦੇਖੋ ਕੇਜਰੀਵਾਲ ਪ੍ਰਤੀ ਮੋਹ ਵੀ ਤੇ ਤਿੱਖੇ ਤੇਵਰ ਵੀ

ਰਾਏਕੋਟ / ਗਿੱਲ
ਵਿਧਾਨ ਸਭਾ ਚੋਣਾਂ ਵੇਲੇ "ਕੇਜਰੀਵਾਲ-ਕੇਜਰੀਵਾਲ, ਸਾਰਾ ਪੰਜਾਬ ਤੇਰੇ ਨਾਲ" ਦੇ ਨਾਅਰਿਆਂ ਨਾਲ ਪੰਜਾਬ ਦੇ ਲੋਕਾਂ ਤੋਂ ਵੋਟਾਂ ਮੰਗਣ ਵਾਲੇ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਵੱਖਰੀ ਪਾਰਟੀ ਪੰਜਾਬੀ ਏਕਤਾ ਪਾਰਟੀ ਬਣਾ ਲਈ ਹੈ ਅਤੇ ਕਈ ਹੋਰ ਵਿਧਾਇਕ ਵੀ ਉਸ ਦੀ ਗੱਡੀ 'ਤੇ ਸਵਾਰ ਤਾਂ ਹੋ ਗਏ ਹਨ, ਪਰ ਹਾਲੇ ਵੀ ਉਨ੍ਹਾਂ ਨੇ ਕੇਜਰੀਵਾਲ ਅਤੇ ਚੋਣ ਨਿਸ਼ਾਨ ਝਾੜੂ ਦਾ ਮੋਹ ਨਹੀਂ ਤਿਆਗਿਆ ਹੈ। ਹਲਕਾ ਰਾਏਕੋਟ ਤੋਂ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਰਾਏਕੋਟ ਦੇ ਹੋਟਲ ਏ9 ਲਾਗੇ ਆਪਣਾ ਜਿਹੜਾ ਮੁੱਖ ਦਫ਼ਤਰ ਖੋਲ੍ਹ ਰੱਖਿਆ ਹੈ ਉਸ ਦੇ ਬਾਹਰ ਇੱਕ ਵੱਡਾ ਬੋਰਡ ਲਾਇਆ ਹੋਇਆ ਹੈ। ਇਸ ਬੋਰਡ ਉੱਪਰ ਮੁਸਕਰਾਉਂਦੇ ਚਿਹਰੇ ਵਾਲਾ ਕੇਜਰੀਵਾਲ ਅਤੇ ਝਾੜੂ ਦਾ ਨਿਸ਼ਾਨ ਅੱਜ ਵੀ ਉਸੇ ਤਰ੍ਹਾਂ ਲੱਗਾ ਹੋਇਆ ਹੈ। ਹਾਲਾਂਕਿ ਇਸ ਦਫ਼ਤਰ ਤੋਂ ਦੋ ਕੁ ਸੌ ਗਜ ਦੀ ਦੂਰੀ 'ਤੇ ਬਰਨਾਲਾ ਚੌਂਕ ਵਿਚ ਪ੍ਰੀਤਮ ਸਿੰਘ ਰਟੌਲ ਦੇ ਰੀਅਲ ਅਸਟੇਟ ਦਫ਼ਤਰ ਵਿਚ ਫ਼ਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਪੀਡੀਏ ਦੇ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਜਿਹੜੇ ਖ਼ੁਦ ਲੋਕ ਇਨਸਾਫ਼ ਪਾਰਟੀ ਦੀ ਪ੍ਰਤੀਨਿਧਤਾ ਕਰਦੇ ਹਨ ਦਾ ਦਫ਼ਤਰ ਵੀ ਖੁੱਲ੍ਹ ਚੁੱਕਾ ਹੈ, ਉੱਥੇ ਪੀਡੀਏ ਦੇ ਬਾਕੀ ਆਗੂਆਂ ਸਮੇਤ ਸੁਖਪਾਲ ਸਿੰਘ ਖਹਿਰਾ ਅਤੇ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਦੀ ਤਸਵੀਰ ਵੀ ਲੱਗੀ ਹੈ।

ਇਸ ਬੋਰਡ ਉੱਪਰ ਉਨ੍ਹਾਂ ਦਾ ਚੋਣ ਨਿਸ਼ਾਨ ਲੈਟਰ ਬਾਕਸ ਵੀ ਛਪਿਆ ਹੈ। ਪਰ ਇਸੇ ਦਫ਼ਤਰ ਦੇ ਐਨ ਸਾਹਮਣੇ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਦੀ ਤਸਵੀਰ ਨਾਲ ਕੇਜਰੀਵਾਲ ਅਤੇ ਝਾੜੂ ਦੀ ਤਸਵੀਰ ਲੋਕਾਂ ਦਾ ਮੂੰਹ ਚਿੜਾ ਰਹੀ ਹੈ। ਇਸ ਬਾਰੇ ਹਕੀਕਤ ਜਾਣਨ ਲਈ ਵਿਧਾਇਕ ਨਾਲ ਜਦੋਂ ਸੰਪਰਕ ਕੀਤਾ ਤਾਂ ਪਹਿਲਾਂ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਾਲੇ ਨਾ ਤਾਂ ਪਾਰਟੀ ਛੱਡੀ ਹੈ ਅਤੇ ਨਾ ਹੀ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ। ਜਦੋਂ ਉਨ੍ਹਾਂ ਨੂੰ ਫ਼ਤਿਹਗੜ੍ਹ ਸਾਹਿਬ ਤੋਂ ਆਪ ਆਦਮੀ ਪਾਰਟੀ ਦੇ ਉਮੀਦਵਾਰ ਦੀ ਵਿਰੋਧਤਾ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਪਾਰਟੀ ਤੋਂ ਬਗ਼ਾਵਤ ਕੀਤੀ ਹੈ, ਜੇ ਪਾਰਟੀ ਚਾਹੇ ਤਾਂ ਮੇਰੇ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰ ਸਕਦੀ ਹੈ।

ਦੱਸਣਯੋਗ ਹੈ ਕਿ ਰਾਏਕੋਟ ਦੇ ਵਿਧਾਇਕ ਜੱਗਾ ਹਿੱਸੋਵਾਲ ਜਿਸ ਨੇ ਸੁਖਪਾਲ ਸਿੰਘ ਖਹਿਰਾ ਦੇ ਨਾਲ ਹੀ ਆਮ ਆਦਮੀ ਪਾਰਟੀ ਚ ਬਗਾਵਤ ਕੀਤੀ ਸੀ ਅਤੇ ਜੱਗਾ ਹਿੱਸੋਵਾਲ ਵੱਲੋਂ ਪਰਦੇ ਪਿੱਛੇ ਹੀ ਸੁਖਪਾਲ ਸਿੰਘ ਖਹਿਰਾ ਦੀ ਸਰਗਰਮੀ ਚ ਹਿੱਸਾ ਲਿਆ ਜਾਂਦਾ ਸੀ ਅਤੇ ਪਹਿਲੀ ਵਾਰ ਇਨ੍ਹਾਂ ਚੋਣਾਂ ਚ ਜੱਗਾ ਹਿੱਸੋਵਾਲ ਵੱਲੋਂ ਖੁੱਲ੍ਹ ਕੇ ਕੇਜਰੀਵਾਲ ਨੂੰ ਲਲ਼ਕਾਰਿਆ ਗਿਆ ਹੈ।