• Home
  • ਮੁੱਖ ਮੰਤਰੀ ਵੱਲੋਂ ਕਣਕ ਦੀ ਖਰੀਦ ਦਾ ਜਾਇਜ਼ਾ-ਕਣਕ ਦਾ ਇਕ-ਇਕ ਦਾਣਾ ਖਰੀਦਣ ਅਤੇ ਚੁੱਕੇ ਜਾਣ ਲਈ ਵਚਨਬੱਧਤਾ ਦੁਹਰਾਈ

ਮੁੱਖ ਮੰਤਰੀ ਵੱਲੋਂ ਕਣਕ ਦੀ ਖਰੀਦ ਦਾ ਜਾਇਜ਼ਾ-ਕਣਕ ਦਾ ਇਕ-ਇਕ ਦਾਣਾ ਖਰੀਦਣ ਅਤੇ ਚੁੱਕੇ ਜਾਣ ਲਈ ਵਚਨਬੱਧਤਾ ਦੁਹਰਾਈ

ਚੰਡੀਗੜ੍ਹ, 30 ਅਪ੍ਰੈਲ

       ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸੂਬੇ ਵਿੱਚ ਕਣਕ ਦੀ ਖਰੀਦ ਦੇ ਕਾਰਜ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨੂੰ ਸੁਵਿਧਾਵਾਂ ਮੁਹੱਈਆ ਕਰਵਾਉਣ ਅਤੇ ਮੰਡੀਆਂ ਵਿੱਚ ਪਹੁੰਚ ਰਹੀ ਕਣਕ ਨੂੰ 24 ਘੰਟੇ ਦੇ ਵਿੱਚ ਖਰੀਦਣ ਨੂੰ ਯਕੀਨੀ ਬਣਾਉਣ ਲਈ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੂੰ ਨਿਰਦੇਸ਼ ਦਿੱਤੇ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲ ਨਾ ਆਵੇ। ਉਨ੍ਹਾਂ ਨੇ ਕਣਕ ਦੀ ਚੁਕਾਈ ਵਿੱਚ ਤੇਜ਼ੀ ਲਿਆਉਣ ਲਈ ਵੀ ਵਿਭਾਗ ਨੂੰ ਨਿਰਦੇਸ਼ ਦਿੱਤੇ।

ਇਸ ਦੀ ਵਿਸਤ੍ਰਿਤ ਜਾਣਕਾਰੀ ਦਿੰਦੇ ਹਏ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 60 ਫੀਸਦੀ ਤੋਂ ਵੱਧ ਫਸਲ ਪਹਿਲਾਂ ਹੀ ਮੰਡੀਆਂ ਵਿੱਚ ਪਹੁੰਚ ਚੁੱਕੀ ਹੈ। ਪਿਛਲੇ ਤਿੰਨ-ਚਾਰ ਦਿਨਾਂ ਤੋਂ ਮੰਡੀਆਂ ਵਿੱਚ ਕਣਕ ਪਹੁੰਚਣ ਵਿੱਚ ਤੇਜ਼ੀ ਆਈ ਹੈ ਅਤੇ ਰੋਜ਼ਾਨਾ 10 ਲੱਖ ਮੀਟਰਕ ਟਨ ਤੋਂ ਵੱਧ ਕਣਕ ਮੰਡੀਆਂ ਵਿੱਚ ਪਹੁੰਚ ਰਹੀ ਹੈ। ਉਨ੍ਹਾਂ ਦੱਸਿਆ ਕਿ ਕਣਕ ਦੇ ਉਤਪਾਦਨ ਵਿੱਚ ਤਿੰਨ ਤੋਂ ਪੰਜ ਫੀਸਦੀ ਵਾਧਾ ਹੋਇਆ ਹੈ ਜਿਸ ਕਰਕੇ ਸੂਬਾ 132 ਲੱਖ ਮੀਟਰਕ ਟਨ ਤੋਂ ਵੱਧ ਕਣਕ ਖਰੀਦ ਕੇ ਰਿਕਾਰਡ ਨੂੰ ਤੋੜਨ ਵੱਲ ਵੱਧ ਰਿਹਾ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਵਿਭਾਗ ਨੇ ਸੂਬੇ ਦੀਆਂ ਖਰੀਦ ਏਜੰਸੀਆਂ ਰਾਹੀਂ ਕਣਕ ਦੀ ਖਰੀਦ ਲਈ ਪਹਿਲਾਂ ਹੀ ਵਿਸ਼ਾਲ ਪ੍ਰਬੰਧ ਕੀਤੇ ਹਨ।  ਉਨ੍ਹਾਂ ਦੱਸਿਆ ਕਿ ਬੇ-ਮੌਸਮੀ ਮੀਂਹ ਅਤੇ ਮੌਸਮ ਦੀਆਂ ਵਿਪਰੀਤ ਹਾਲਤਾਂ ਦੇ ਬਾਵਜੂਦ ਵਿਭਾਗ ਨੇ 29 ਅਪ੍ਰੈਲ ਤੱਕ 79.66 ਲੱਖ ਮੀਟਰਕ ਟਨ ਕਣਕ ਖਰੀਦ ਲਈ ਹੈ।

ਬੁਲਾਰੇ ਅਨੁਸਾਰ ਸੂਬਾ ਪੱਧਰ 'ਤੇ ਕਣਕ ਦੀ ਚੁਕਾਈ ਸੀਮਤ ਹੈ। ਰੋਜ਼ਾਨਾ ਤਕਰੀਬਨ 5.5 ਲੱਖ ਮੀਟਰਕ ਟਨ ਕਣਕ ਦੀ ਚੁਕਾਈ ਹੋ ਰਹੀ ਹੈ ਜਦਕਿ ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ 10 ਲੱਖ ਮੀਟਰਕ ਟਨ ਕਣਕ ਮੰਡੀਆਂ ਵਿੱਚ ਪਹੁੰਚ ਰਹੀ ਹੈ। ਇਸ ਦੇ ਕਾਰਨ ਕੁੱਝ ਮੰਡੀਆਂ ਵਿੱਚ ਕਣਕ ਦੇ ਵੱਡੇ ਭੰਡਾਰ ਲੱਗੇ ਹੋਏ ਹਨ। ਖਰੀਦ ਦੇ ਸਮੇਂ ਦੌਰਾਨ ਹਰੇਕ ਸਾਲ ਤਕਰੀਬਨ 6 ਤੋਂ 7 ਦਿਨ ਇਸ ਤਰ੍ਹਾਂ ਦੀ ਹਾਲਤ ਰਹਿੰਦੀ ਹੈ। ਖਰੀਦ ਦੇ ਅੰਤਿਮ ਪੜਾਅ 'ਤੇ ਪਹੁੰਚਣ ਕਾਰਨ ਅਗਲੇ ਤਿੰਨ-ਚਾਰ ਦਿਨਾਂ ਵਿੱਚ ਸਥਿਤੀ ਵਿੱਚ ਕੁਝ ਸੁਖਾਲਾਪਨ ਆਉਣ ਦੀ ਉਮੀਦ ਹੈ। ਖਰਾਮ ਮੌਸਮ ਕਾਰਨ ਮੰਡੀਆਂ ਵਿੱਚ ਕਣਕ ਦੇਰੀ ਨਾਲ ਆਉਣ ਅਤੇ ਅਚਾਨਕ ਵੱਡੀ ਪੱਧਰ 'ਤੇ ਆਉਣੀ ਸ਼ੁਰੂ ਹੋਣ ਕਾਰਨ ਮੰਡੀਆਂ ਵਿੱਚ ਕਣਕ ਦੇ ਢੇਰ ਲੱਗੇ ਹਨ।

ਹਾਲਾਂਕਿ ਬੇ-ਮੌਸਮੀ ਮੀਂਹ ਅਤੇ ਮੌਸਮ ਦੀਆਂ ਵਿਪਰੀਤ ਹਾਲਤਾਂ ਕਾਰਨ ਕਣਕ ਨੂੰ ਹੋਏ ਨੁਕਸਾਨ ਦੇ ਬਾਵਜੂਦ ਸੂਬੇ ਦੀਆਂ ਏਜੰਸੀਆਂ ਤੇਜ਼ੀ ਨਾਲ ਖਰੀਦ ਕਰ ਰਹੀਆਂ ਹਨ। ਇਸ ਦੀ ਗਵਾਈ ਇਹ ਤੱਥ ਵੀ ਭਰਦੇ ਹਨ ਕਿ ਇਕਲੇ 29 ਅਪ੍ਰੈਲ ਨੂੰ 10.8 ਮੀਟਰਕ ਟਨ ਕਣਕ ਮੰਡੀਆਂ ਦੇ ਵਿੱਚ ਆਉਣ ਦੇ ਬਾਵਜੂਦ ਸਿਰਫ 3.6 ਲੱਖ ਮੀਟਰਕ ਟਨ ਕਣਕ ਦਿਨ ਦੀ ਖਰੀਦ ਬੰਦ ਹੋਣ ਤੱਕ ਅਣਵਿਕੀ ਰਹੀ ਜਿਸ ਤੋਂ ਇਹ ਪ੍ਰਗਟਾਵਾ ਹੁੰਦਾ ਹੈ ਕਿ ਉਸ ਦਿਨ ਮੰਡੀ ਵਿੱਚ ਪਹੁੰਚਣ ਵਾਲੀ ਕਣਕ ਦਾ 70 ਫੀਸਦੀ ਤੋਂ ਵੱਧ ਖਰੀਦੀਆ ਗਿਆ।

ਬੁਲਾਰੇ ਨੇ ਅੱਗੇ ਦੱਸਿਆ ਕਿ ਦੋਆਬਾ ਖੇਤਰ ਦੇ ਜਲੰਧਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਸੋਮਵਾਰ ਤੱਕ 7.12 ਲੱਖ ਮੀਟਰਕ ਟਨ ਖਰੀਦੀ ਗਈ ਜਦਕਿ ਮਾਝਾ ਖੇਤਰ ਦੇ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਅਤੇ ਪਠਾਨਕੋਟ ਜ਼ਿਲ੍ਹਿਆਂ ਵਿਚੋਂ 8.26 ਲੱਖ ਮੀਟਰਕ ਟਨ ਕਣਕ ਖਰੀਦੀ ਗਈ। ਇਸੇ ਤਰ੍ਹਾਂ ਹੀ ਮਾਲਵਾ ਖੇਤਰ ਦੇ ਲੁਧਿਆਣਾ, ਮੋਗਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਫਾਜਿਲਕਾ, ਸੰਗਰੂਰ, ਬਰਨਾਲਾ, ਰੂਪ ਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਫਰੀਦਕੋਟ, ਪਟਿਆਲਾ ਅਤੇ ਫਤਹਿਗੜ੍ਹ ਜ਼ਿਲ੍ਹਿਆਂ ਵਿਚ 60.65 ਲੱਖ ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ। ਜ਼ਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਮੰਡੀਆਂ ਵਿਚੋਂ ਕਣਕ ਦੀ ਤੇਜ਼ੀ ਨਾਲ ਚੁਕਾਈ ਅਤੇ ਕਿਸਾਨਾਂ ਨੂੰ ਸੁਵਿਧਾਵਾਂ ਯਕੀਨੀ ਬਣਾਉਣ।

ਬੁਲਾਰੇ ਨੇ ਅੱਗੇ ਦੱਸਿਆ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਲਈ ਦਰੁਸਤ ਢੰਗ-ਤਰੀਕਾ ਅਪਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ 4300 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਅਨਾਜ ਉਤਪਾਦਕਾਂ ਦੇ ਹਿੱਤਾਂ ਨੂੰ ਸੁਰੱਖਿਅਤ ਬਣਾਇਆ ਗਿਆ ਹੈ। ਮੌਸਮ ਦੀ ਖਰਾਬੀ ਕਾਰਨ ਸੂਬਾ ਸਰਕਾਰ ਨੇ ਭਾਰਤ ਸਰਕਾਰ ਤੋਂ ਕਣਕ ਦੀ ਖਰੀਦ ਦੇ ਮਾਪਦੰਡਾਂ ਵਿੱਚ ਢਿਲ ਦੇਣ ਦੀ ਪਿਛਲੇ ਹਫਤੇ ਮੰਗ ਕੀਤੀ ਸੀ ਜਿਸ ਨੂੰ ਹਾਲ ਹੀ ਵਿੱਚ ਪ੍ਰਵਾਨ ਕੀਤਾ ਗਿਆ ਹੈ।