• Home
  • ਕੌਮੀ ਮਜ਼ਦੂਰ ਦਿਹਾੜੇ ਤੇ ਸਾਥੀ ਸੱਜਨ ਸਿੰਘ ਵੱਲੋਂ ਚੰਡੀਗੜ੍ਹ‘ਚ ਮਰਨ ਵਰਤ ਸ਼ੁਰੂ-2 ਮਈ ਨੂੰ ਉਮੀਦਵਾਰਾਂ, ਮੰਤਰੀਆ ਤੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਕਰਨਗੇ ਪ੍ਰਦਰਸ਼ਨ

ਕੌਮੀ ਮਜ਼ਦੂਰ ਦਿਹਾੜੇ ਤੇ ਸਾਥੀ ਸੱਜਨ ਸਿੰਘ ਵੱਲੋਂ ਚੰਡੀਗੜ੍ਹ‘ਚ ਮਰਨ ਵਰਤ ਸ਼ੁਰੂ-2 ਮਈ ਨੂੰ ਉਮੀਦਵਾਰਾਂ, ਮੰਤਰੀਆ ਤੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਕਰਨਗੇ ਪ੍ਰਦਰਸ਼ਨ

ਚੰਡੀਗੜ੍ਹ:-ਕੌਮੀ ਮਜ਼ਦੂਰ ਦਿਹਾੜੇ ਮੋਕੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਕਾਂਗਰਸ ਦੇ ਲਾਰਿਆ ਖਿਲਾਫ ਆਰ ਪਾਰ ਦਾ ਸਘੰਰਸ਼ ਕਰਦੇ ਹੋਏ ਮੁਲਾਜ਼ਮਾਂ ਦੇ ਪ੍ਰਮੁੱਖ ਆਗੂ ਸੱਜਨ ਸਿੰਘ ਵੱਲੋਂ ਸੈਕਟਰ 43 ਚੰਡੀਗੜ੍ਹ ਬੱਸ ਸਟੈਂਡ ਦੇ ਬਾਹਰ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ।ਕਿਉਕਿ ਪੰਜਾਬ ਤੇ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਐਕਸ਼ਨ ਕਮੇਟੀ ਦੇ  ਆਗੂਆ ਨਾਲ ਸਰਕਾਰ ਦੀ ਕੱਲ ਗੱਲਬਾਤ ਅਧੂਰੀ ਤੇ ਬੇਸਿੱਟਾ ਰਹੀ।ਸੱਜਨ ਸਿੰਘ ਦੇ ਮਰਨ ਵਰਤ ਦੀ ਹਮਾਇਤ ਵਿਚ ਅੱਜ ਤੋਂ ਸਮੂਹ ਜ਼ਿਲ੍ਹਿਆ ਵਿਚ ਲੜੀਵਾਰ ਭੁੱਖ ਹੜਤਾਲਾਂ ਸ਼ੁਰੂ ਕਰ ਦਿੱਤੀਆ ਗਈਆ ਹਨ।ਮੁਲਾਜ਼ਮ ਹੁਣ ਆਪਣੀਆ ਮੰਗਾਂ ਨੂੰ ਲੈ ਕੇ ਪੂਰੇ ਰੋਹ ਵਿਚ ਹਨ ਤੇ ਮੁਲਾਜ਼ਮ ਆਗੂਆ ਦਾ ਕਹਿਣਾ ਹੈ ਕਿ ਹੁਣ ਮੰਗਾਂ ਮੰਨਵਾ ਕੇ ਹੀ ਵਾਪਿਸ ਮੁੜਨਗੇ।

ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਦਰਸ਼ਨ ਸਿੰਘ ਲੁਬਾਣਾ, ਰਣਬੀਰ ਸਿੰਘ ਢਿੱਲੋਂ, ਅਸ਼ੀਸ਼ ਜੁਲਾਹਾ, ਚੰਦਨ ਗਰੇਵਾਲ,ਰਣਜੀਤ ਸਿੰਘ ਰਾਣਵਾਂ, ਜਗਦੀਸ਼ ਸਿੰਘ ਚਾਹਲ, ਹਰਭਜਨ ਸਿੰਘ ਪਿਲਖਣੀ, ਜਸਵੰਤ ਸਿੰਘ ਚੱਲਾ,ਕਰਤਾਰਪਾਲ ਸਿੰਘ ਅਮ੍ਰਿੰਤਪਾਲ ਸਿੰਘ, ਰਜਿੰਦਰ ਸਿੰਘ ਸੰਧਾ, ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਵੋਟਾਂ ਵੇਲੇ ਮੁਲਾਜ਼ਮਾਂ ਨਾਲ ਕਈ ਵਾਅਦੇ ਕੀਤੇ ਸੀ ਪਰ ਉਹ ਸਾਰੇ ਵਾਅਦੇ ਲਾਰੇ ਹੀ ਸਾਬਿਤ ਹੋਏ ਹਨ। ਆਗੂਆ ਨੇ ਕਿਹਾ ਕਿ ਬੀਤੇ ਕੱਲ ਵੀ ਸਾਥੀ ਸੱਜਨ ਸਿੰਘ, ਰਣਬੀਰ ਢਿੱਲੋਂ ਦਰਸ਼ਨ ਸਿੰਘ ਲੁਬਾਣਾ ਤੇ ਅਸ਼ੀਸ਼ ਜੁਲਾਹਾ ਨਾਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਕੀਤੀ ਅਤੇ ਇਸ ਉਪਰੰਤ ਦੇਰ ਰਾਤ ਤੱਕ ਸਕੱਤਰੇਤ ਵਿਖੇ ਮੁਲਾਜ਼ਮਾਂ ਦਾ ਮੁੱਖ ਸਕੱਤਰ, ਵਿੱਤ ਸਕੱਤਰ ਤੇ ਹੋਰ ਅਧਿਕਾਰੀਆ ਨਾਲ ਮੀਟਿੰਗਾਂ ਦਾ ਦੋਰ ਚੱਲਿਆ ਤੇ ਸਰਕਾਰ ਵੱਲੋਂ ਅੱਜ ਫਿਰ ਮੀਟਿੰਗ ਕਰਕੇ ਮੰਗਾਂ ਦਾ ਨਿਪਟਾਰਾਂ ਕਰਨ ਦਾ ਭਰੋਸਾ ਦਿੱਤਾ ਸੀ ਪਰ ਅੱਜ ਫਿਰ ਸਰਕਾਰ ਨੇ ਉਹੀ ਪੁਰਣਾ ਰਵੱਈਆ ਅਪਣਾਉਦਿਆ ਸਰਕਾਰ ਗੱਲਬਾਤ ਤੋਂ ਭੱਜ ਗਈ।

ਆਗੂਆ ਨੇ ਕਿਹਾ ਕਿ ਮੁਲਾਜ਼ਮਾਂ ਦੀਆ ਮੰਗਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, 6ਵਾਂ ਪੇ ਕਮਿਸ਼ਨ ਦੀ ਮਿਆਦ ਵਧਾਉਣ ਕਰਕੇ 125% ਮਹਿੰਗਾਈ ਭੱਤੇ ਨੂੰ ਬੇਸਿਕ ਤਨਖਾਹ ਵਿਚ ਮਰਜ਼ ਕਰਕੇ 25 % ਅੰਤਰਿਮ ਰਲੀਫ ਜੋੜ ਕੇ ਸੋਧੀ ਤਨਖਾਹ ਲਾਗੂ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਨਵੀ ਪੈਨਸ਼ਨ ਸਕੀਮ ਵਾਲੇ ਮੁਲਾਜ਼ਮਾਂ ਤੇ  ਫੈਮਿਲੀ ਪੈਨਸ਼ਨ ਸਕੀਮ ਲਾਗੂ ਕਰਨਾ, ਮਹਿੰਗਾਈ ਭੱਤੇ ਦੀਆ ਤਿੰਨ ਕਿਸ਼ਤਾਂ ਬਕਾਏ ਸਮੇਤ ਜ਼ਾਰੀ ਕਰਨ, ਆਸ਼ਾ ਵਰਕਰਾਂ ਨੂੰ ਹਰਿਆਣਾ ਪੈਟਰਨ ਤੇ ਤਨਖਾਹ ਵਿਚ ਵਾਧਾ ਕਰਨਾ, ਘੱਟੋ ਘੱਟ ਉਜ਼ਰਤ ਲਾਗੂ ਕਰਨਾ, ਟਰਾਂਸਪੋਰਟ ਬਿਜਲੀ ਵਿਭਾਗ ਅਤੇ ਹੋਰ ਸਰਕਾਰੀ ਅਦਾਰਿਆ ਦਾ ਨਿੱਜੀ ਕਰਨ ਬੰਦ ਕਰਨਾ ਮੁੱਖ ਮੰਗਾਂ ਹਨ ਪਰ ਸਰਕਾਰ ਨੇ ਮੁੱਖ ਮੰਗਾਂ ਤੇ ਚੁੱਪੀ ਵੱਟੀ ਹੋਈ ਹੈ।ਆਗੂਆ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਸਰਕਾਰ ਦਾ ਕੋਈ ਵਾਧੂ ਪੈਸਾ ਖਰਚ ਨਹੀ ਹੋਣਾ ਹੈ ਪਰ ਫਿਰ ਵੀ ਸਰਕਾਰ ਮੁਲਾਜ਼ਮਾਂ ਦੀਆ ਮੰਗਾਂ ਮੰਨਣ ਨੂੰ ਤਿਆਰ ਹੀ ਨਹੀ ਇਸ ਲਈ ਹੁਣ ਮੁਲਾਜ਼ਮਾਂ ਨੇ ਵੀ ਜ਼ਿੱਦ ਫੜ ਲਈ ਹੈ ਮੁਲਾਜ਼ਮ ਮੰਗਾਂ ਮੰਨਵਾਂ ਕੇ ਹੀ ਰਹਿਣਗੇ। 

ਆਗੂਆ ਨੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿਚ ਸਰਕਾਰ ਨੂੰ ਹਰ ਫਰੰਟ ਤੇ ਘੇਰਿਆ ਜਾਵੇਗਾ ਤੇ ਸਰਕਾਰ ਦੀ ਹਠਧਰਮੀ ਨੂੰ ਤੋੜਿਆ ਜਾਵੇਗਾ।ਇਸ ਲਈ ਰੋਜ਼ਨਾ ਹੀ ਪੰਜਾਬ ਦੀਆ ਸੜਕਾਂ ਤੇ ਵੱਖੋ ਵੱਖਰੇ ਐਕਸ਼ਨ ਕੀਤੇ ਜਾਣਗੇ ਇਸੇ ਲੜੀ ਤਹਿਤ ਮਿਤੀ 2 ਮਈ ਤੋਂ ਮੁਲਾਜ਼ਮ ਕਾਂਗਰਸ ਪਾਰਟੀ ਦੇ ਲੋਕ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ, ਕੈਬਿਨਟ ਮੰਤਰੀਆ ਅਤੇ ਵਿਧਾਇਕਾਂ ਦੇ ਘਰ ਜਾ ਕੇ ਰੋਸ ਪ੍ਰਦਰਸ਼ਨ ਕਰਨਗੇ ਮਰਨ ਵਰਤ ਸਬੰਧੀ ਮੰਗ ਪੱਤਰ ਦਿੱਤੇ ਜਾਣਗੇ।