• Home
  • ਐਨ.ਡੀ.ਪੀ.ਐਸ. ਐਕਟ ਤਹਿਤ ਬਠਿੰਡਾ ਪੁਲਿਸ ਨੇ ਨਸ਼ੇ ਨੂੰ ਲੈ ਕੇ ਹੁਣ ਤੱਕ 980 ਵਿਅਕਤੀ ਕੀਤੇ ਗ੍ਰਿਫ਼ਤਾਰ

ਐਨ.ਡੀ.ਪੀ.ਐਸ. ਐਕਟ ਤਹਿਤ ਬਠਿੰਡਾ ਪੁਲਿਸ ਨੇ ਨਸ਼ੇ ਨੂੰ ਲੈ ਕੇ ਹੁਣ ਤੱਕ 980 ਵਿਅਕਤੀ ਕੀਤੇ ਗ੍ਰਿਫ਼ਤਾਰ

ਬਠਿੰਡਾ, 7 ਮਾਰਚ : ਪੰਜਾਬ ਸਰਕਾਰ ਦੁਆਰਾ ਨਸ਼ੇ ਵਿਰੁੱਧ ਵਿੱਢੀ ਗਈ ਮੁਹਿੰਮ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲਾ ਬਠਿੰਡਾ ਨੂੰ ਨਸ਼ਾ ਮੁਕਤ ਬਣਾਉਣ ਲਈ ਬਠਿੰਡਾ ਪੁਲਿਸ ਨੇ ਸਖ਼ਤ ਕਦਮ ਚੁੱਕੇ ਹਨ। ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ. ਨਾਨਕ ਸਿੰਘ ਨੇ ਪੰਜਾਬ ਸਰਕਾਰ ਦੇ ਆਦੇਸ਼ਾਂ 'ਤੇ ਚਲਦਿਆਂ ਕਿਹਾ ਕਿ ਬਠਿੰਡਾ ਪੁਲਿਸ ਨੇ ਨਸ਼ੇ ਨੂੰ ਠੱਲ ਪਾਉਣ ਲਈ ਦਿਨ-ਰਾਤ ਇੱਕ ਕੀਤਾ ਹੋਇਆ ਹੈ। 

ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਡਾ. ਨਾਨਕ ਸਿੰਘ ਨੇ ਦੱਸਿਆ ਕਿ 1 ਜਨਵਰੀ 2018 ਤੋਂ 5 ਮਾਰਚ 2019 ਤੱਕ ਜ਼ਿਲਾ ਬਠਿੰਡਾ ਦੀ ਪੁਲਿਸ ਨੇ ਐਨ.ਪੀ.ਐਸ. ਐਕਟ ਤਹਿਤ 709 ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ ਅਤੇ 980 ਨੂੰ ਕਾਨੂੰਨ ਦੇ ਸਿਕੰਜੇ ਵਿਚ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਕਅਤੀਆਂ ਪਾਸੋਂ 4.313 ਕਿਲੋਗ੍ਰਾਮ ਹੈਰੋਇਨ, 83 ਗ੍ਰਾਮ ਸਮੈਕ, 38.236 ਕਿਲੋਗ੍ਰਾਮ ਅਫ਼ੀਮ, 2588.310 ਕਿਲੋਗ੍ਰਾਮ ਚੂਰਾ ਪੋਸਟ, 80.017 ਕਿਲੋਗ੍ਰਾਮ ਗਾਂਜਾ, 300 ਗ੍ਰਾਮ ਭੰਗ, 350 ਗ੍ਰਾਮ ਨਸ਼ੀਲਾ ਪਾਊਡਰ, 390 ਨਸ਼ੀਲੇ ਟੀਕੇ, 488945 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ, 3291 ਨਸ਼ੀਲੀਆਂ ਸ਼ੀਸ਼ੀਆਂ ਅਤੇ 0.601 ਲੀਟਰ ਨਸ਼ੀਲਾ ਘੋਲ ਦੀ ਬਰਾਮਦੀ ਕੀਤੀ ਹੈ।

ਉਨਾਂ ਕਿਹਾ ਕਿ ਐਕਸਾਈਜ਼ ਐਕਟ ਦੇ ਅਧੀਨ 1 ਜਨਵਰੀ ਤੋਂ 5 ਮਾਰਚ 2019 ਤੱਕ ਨਸ਼ਾ ਤਸਕਰਾਂ ਵਿਰੁੱਧ 1129 ਪਰਚੇ ਕੀਤੇ ਅਤੇ 1161 ਵਿਅਕਤੀਆਂ ਨੂੰ ਸਲਾਖ਼ਾ ਦੇ ਪਿੱਛੇ ਡੱਕਿਆ। ਬਠਿੰਡਾ ਪੁਲਿਸ ਨੇ 1527.925 ਲੀਟਰ ਘਰ ਕੱਢੀ ਦੇਸੀ ਸ਼ਰਾਬ, 111536.375 ਲੀਟਰ ਠੇਕਾ ਦੇਸੀ ਸ਼ਰਾਬ, 1038.725 ਅੰਗਰੇਜ਼ੀ ਸ਼ਰਾਬ, 16498 ਕਿਲੋਗ੍ਰਾਮ ਲਾਹਣ ਅਤੇ 51 ਚਲਦੀਆਂ ਸ਼ਰਾਬ ਦੀਆਂ ਭੱਠੀਆਂ ਫੜੀਆਂ ਗਈਆਂ।

ਉਨਾਂ ਦੱਸਿਆ ਕਿ ਨੌਜਵਾਨ ਪੀੜੀ ਨੂੰ ਨਸ਼ੇ ਦੀ ਦਲਦਲ ਵਿਚੋਂ ਕੱਢਣ ਲਈ ਜ਼ਿਲਾ ਬਠਿੰਡਾ ਦੇ ਸਮੂਹ ਸਾਂਝ ਕੇਂਦਰਾਂ ਵਲੋਂ ਜ਼ਿਲਾ ਲੈਵਲ ਅਤੇ ਸਬ ਡਵੀਜ਼ਨ ਲੈਵਲ 'ਤੇ ਅੰਤਰਰਾਸ਼ਟਰੀ ਦਿਵਸ ਅਗੇਤਰੀ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗ਼ੈਰ ਕਾਨੂੰਨੀ ਟੇ੍ਰਫਿਕਿੰਗ ਸਬੰਧ 26 ਜੂਨ 2018 ਨੂੰ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਲਗਭਗ 1000 ਵਿਅਕਤੀਆਂ ਨੇ ਹਿੱਸਾ ਲਿਆ। ਇਸੇ ਤਰਾਂ 3 ਮਾਰਚ 2018 ਨੂੰ ਬਲੇਜਿੰਗ ਸਟਾਰ ਰਿਜੋਰਟ ਵਿਚ ਨਸ਼ਾ ਰੋਕੂ ਮੁਹਿੰਮ ਤਹਿਤ ਪ੍ਰੋਗਰਾਮ ਕਰਵਾਇਆ ਗਿਆ ਇਸ ਪ੍ਰੋਗਰਾਮ ਪੰਜਾਬ ਸਰਕਾਰ ਵਲੋਂ ਨਸ਼ਾ ਰੋਕੂ ਅਫ਼ਸਰ ਜੀ.ਓ. ਅਤੇ 550 ਕੇ ਕਰੀਬ ਵਿਅਕਤੀਆਂ ਨੇ ਹਿੱਸਾ ਲਿਆ ਅਤੇ ਇਕੱਤਰ ਹੋਏ ਵਿਅਕਤੀਆਂ ਵਲੋਂ ਨਸ਼ੇ ਨੂੰ ਤਿਆਗਣ ਲਈ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਹੁੰ ਚੁਕਾਈ ਹੈ।

        ਡਾ. ਨਾਨਕ ਸਿੰਘ ਨੇ ਦੱਸਿਆ ਕਿ ਜ਼ਿਲਾ ਬਠਿੰਡਾ ਦੇ ਸਮੂਹ ਥਾਣਿਆਂ ਅਤੇ ਸਾਂਝ ਕੇਂਦਰਾਂ ਵੱਲੋਂ ਆਮ ਲੋਕਾਂ ਤੇ ਡੈਪੋਜ਼ ਨੂੰ ਜਾਗਰੂਕ ਕਰਨ ਅਤੇ ਨਸ਼ੇ ਦੀ ਭੈੜੀ ਲੱਤ ਨੂੰ ਤਿਆਗਣ ਲਈ ਸਕੂਲਾਂ, ਕਾਲਜਾਂ, ਜਨਤਕ ਸਥਾਨਾਂ, ਪਿੰਡਾਂ, ਮੁਹੱਲਿਆਂ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰਰਹਿਣ ਲਈ ਸੈਮੀਨਾਰ, ਰੈਲੀਆਂ ਅਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਨਾਲ ਲੋਕਾਂ ਵਿੱਚ ਜਾਗਰੂਕਤਾ ਆ ਰਹੀ ਹੈ। ਉਨਾਂ ਦੱਸਿਆ ਕਿ ਜ਼ਿਲਾ ਬਠਿੰਡਾ ਵਿੱਚ 1 ਅਪ੍ਰੈਲ ਤੋਂ 31 ਦਸੰਬਰ, 2018 ਤੱਕ 549 ਸੈਮੀਨਾਰ, ਰੈਲੀਆਂ ਅਤੇ ਮੀਟਿੰਗਾਂ ਕੀਤੀਆਂ ਗਈਆਂ, ਜਿਨਾਂ ਵਿੱਚ ਕਰੀਬ 15,487 ਵਿਅਕਤੀਆਂ ਨੇ ਸ਼ਮੂਲੀਅਤ ਕੀਤੀ। ਉਨਾਂ ਦੱਸਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਉਲੀਕੇ ਪ੍ਰੋਗਰਾਮ ਅਨੁਸਾਰ 13 ਮਾਰਚ 2018 ਨੂੰ ਜ਼ਿਲਾ ਬਠਿੰਡਾ ਦੇ ਸਮੂਹ ਸਾਂਝ ਕੇਂਦਰ ਅੰਦਰ ਡੈਪੋ ਦੀ ਰਜਿਸਟੇ੍ਰਸ਼ਨ ਕਰਨੀ ਸ਼ੁਰੂ ਕੀਤੀ ਗਈ ਅਤੇ 23 ਮਾਰਚ 2018 ਤੱਕ ਜ਼ਿਲਾ ਬਠਿੰਡਾ ਵਿਚ ਕੁੱਲ 41,251 ਡੈਪੋ ਰਜਿਸਟਰਡ ਕੀਤੇ ਗਏ ਹਨ। 

ਉਨਾਂ ਦੱਸਿਆ ਕਿ ਜੋ ਨੌਜਵਾਨ ਨਸ਼ੇ ਦੀ ਆੜ ਵਿਚ ਆ ਚੁੱਕੇ ਹਨ, ਨੂੰ ਨਸ਼ੇ ਦੇ ਗ੍ਰਿਫਤ ਵਿੱਚੋਂ ਕੱਢਣ ਲਈ ਪੰਜਾਬ ਸਰਕਾਰ ਵਲੋਂ ਜ਼ਿਲਾ ਬਠਿੰਡਾ ਵਿਚ 4 ਓਟ ਕੇਂਦਰ ਸਥਾਪਤ ਕੀਤੇ ਗਏ ਹਨ ਜੋ ਕਿ ਸਿਵਲ ਹਸਤਪਾਲ ਬਠਿੰਡਾ ਵਿਖੇ, ਤਲਵੰਡੀ ਸਾਬੋ ਵਿਖੇ, ਰਾਮਪੁਰਾ ਫੂਲ ਵਿਖੇ ਅਤੇ ਸੈਂਟਰਲ ਜੇਲ ਹਸਪਤਾਲ ਬਠਿੰਡਾ ਵਿਖੇ ਚੱਲ ਰਹੇ ਹਨ। ਇਨਾਂ ਓਟ ਕੇਂਦਰਾਂ ਦਾ ਮੁੱਖ ਮਕਸਦ ਪੰਜਾਬ ਦੀ ਜੁਆਨੀ ਨੂੰ ਨਸ਼ੇ ਦੀ ਦਲਦਲ ਵਿਚੋਂ ਕੱਢਣਾ ਹੈ ਅਤੇ ਇੱਕ ਤੰਦਰੁਸਤ ਅਤੇ ਸਿਹਤਮੰਦ ਪੰਜਾਬ ਬਣਾਉਣਾ ਹੈ।