• Home
  • 11 ਸਾਲਾ ਬੱਚੇ ਨੂੰ ਅਗਵਾ ਕਰਨ ਵਾਲਾ ਗ੍ਰਿਫਤਾਰ- ਫਿਰੌਤੀ ਦੇ ਪੈਸਿਆਂ ਨਾਲ ਮੁੰਬਈ ਜਾ ਕੇ ਫਿਲਮਾਂ ‘ਚ ਕੰਮ ਕਰਨਾ ਚਾਹੁੰਦਾ ਸੀ

11 ਸਾਲਾ ਬੱਚੇ ਨੂੰ ਅਗਵਾ ਕਰਨ ਵਾਲਾ ਗ੍ਰਿਫਤਾਰ- ਫਿਰੌਤੀ ਦੇ ਪੈਸਿਆਂ ਨਾਲ ਮੁੰਬਈ ਜਾ ਕੇ ਫਿਲਮਾਂ ‘ਚ ਕੰਮ ਕਰਨਾ ਚਾਹੁੰਦਾ ਸੀ

ਐਸ.ਏ.ਐਸ. ਨਗਰ, 9 ਅਪ੍ਰੈਲ
ਕੁਝ ਦਿਨ ਪਹਿਲਾਂ ਕੁਰਾਲੀ ਤੋਂ 11 ਸਾਲਾ ਬੱਚੇ ਅਸ਼ੀਸ਼ਜੋਤ ਨੂੰ ਅਗਵਾ ਕਰਨ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਮੁੱਖ ਮੁਲਜ਼ਮ ਨੂੰ ਐਸ.ਏ.ਐਸ. ਨਗਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਜ਼ਿਲ•ਾ ਪੁਲਿਸ ਮੁਖੀ ਐਸ.ਏ.ਐਸ. ਨਗਰ ਸ. ਹਰਚਰਨ ਸਿੰਘ ਭੁੱਲਰ ਨੇ ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਕੁਰਾਲੀ ਤੋਂ ਅਗਵਾ ਹੋਏ ਅਸ਼ੀਸ਼ਜੋਤ ਨੂੰ ਵਾਰਦਾਤ ਤੋਂ 12 ਘੰਟਿਆਂ ਦੇ ਅੰਦਰ-ਅੰਦਰ 7 ਅਪ੍ਰੈਲ ਨੂੰ ਪੁਲੀਸ ਨੇ ਅੰਬਾਲਾ ਤੋਂ ਬਰਾਮਦ ਕਰ ਲਿਆ ਗਿਆ ਸੀ। ਇਸ ਮਗਰੋਂ ਇਸ ਮਾਮਲੇ ਦੇ ਦੋਸ਼ੀ ਨੂੰ ਫੜਨ ਲਈ ਐਸ.ਪੀ. (ਡੀ) ਮੁਹਾਲੀ ਸ੍ਰੀ ਵਰੁਣ ਸ਼ਰਮਾ, ਡੀ.ਐਸ.ਪੀ. (ਡੀ) ਮੁਹਾਲੀ ਸ. ਗੁਰਦੇਵ ਸਿੰਘ ਧਾਲੀਵਾਲ, ਇੰਚਾਰਜ ਸੀ.ਆਈ.ਏ. ਸਟਾਫ ਮੁਹਾਲੀ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਅਤੇ ਮੁੱਖ ਅਫਸਰ ਥਾਣਾ ਸਿਟੀ ਕੁਰਾਲੀ ਸ੍ਰੀਮਤੀ ਸੰਦੀਪ ਕੌਰ ਉਤੇ ਆਧਾਰਤ ਟੀਮ ਬਣਾਈ ਗਈ ਸੀ। ਇਸ ਟੀਮ ਨੇ ਤਫ਼ਤੀਸ਼ ਦੌਰਾਨ ਮੁਲਜ਼ਮ ਸਾਹਿਲ ਵਰਮਾ ਵਾਸੀ ਮਕਾਨ ਨੰਬਰ 480/9 ਡਾਕਟਰ ਨੰਦਾਲ ਵਾਲੀ ਗਲੀ, ਗੋਹਾਣਾ, ਥਾਣਾ ਸਦਰ ਗੋਹਾਣਾ, ਜ਼ਿਲ•ਾ ਸੋਨੀਪਤ (ਹਰਿਆਣਾ) ਨੂੰ ਗ੍ਰਿਫਤਾਰ ਕੀਤਾ।
ਸ. ਭੁੱਲਰ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਸਾਹਿਲ (ਉਮਰ ਕਰੀਬ 25 ਸਾਲ) ਤੋਂ ਮੁੱਢਲੀ ਪੁੱਛ-ਪੜਤਾਲ ਵਿੱਚ ਸਾਹਮਣੇ ਆਇਆ ਕਿ ਇਹ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਇਸ ਦਾ ਪਿਤਾ ਗੋਹਾਣਾ ਵਿਖੇ ਰਾਜ ਮਿਸਤਰੀ ਦੀ ਠੇਕੇਦਾਰੀ ਕਰਦਾ ਹੈ। ਉਸ ਨੂੰ ਸ਼ੁਰੂ ਤੋਂ ਸੰਗੀਤ ਦਾ ਸ਼ੌਕ ਹੋਣ ਕਰਕੇ ਸੰਗੀਤ ਸਿੱਖਣ ਲੱਗ ਪਿਆ ਸੀ ਤੇ ਨਾਲ-ਨਾਲ ਪੜ•ਾਈ ਵੀ ਕਰਦਾ ਰਿਹਾ। ਉਸ ਨੇ ਸਰਕਾਰੀ ਕਾਲਜ ਗੋਹਾਣਾ ਤੋਂ ਬੀ.ਏ. ਪਾਸ ਕੀਤੀ ਸੀ। ਸਾਲ 2016 ਵਿੱਚ ਚੰਡੀਗੜ• ਵਿੱਚ ਇਕ ਗੀਤ ਦੀ ਸ਼ੂਟਿੰਗ ਕੀਤੀ ਸੀ, ਜਿਸ ਦੌਰਾਨ ਇਸ ਦੀ ਜਾਣ-ਪਛਾਣ ਸ਼ੂਟਿੰਗ ਦਾ ਕੰਮ ਕਰਦੇ ਅਮਰ ਅਤੇ ਸੋਨੂੰ ਵਾਸੀ ਕੁਰਾਲੀ ਨਾਲ ਹੋ ਗਈ। ਉਸ ਦਾ ਅਮਰ ਤੇ ਸੋਨੂੰ ਦੇ ਘਰ ਕੁਰਾਲੀ ਵਿਖੇ ਆਉਣਾ-ਜਾਣਾ ਬਣਿਆ ਰਹਿੰਦਾ ਸੀ। ਮੁਲਜ਼ਮ ਸਾਹਿਲ ਕੁਝ ਸਮਾਂ ਪਰਮਿੰਦਰ ਸਿੰਘ ਉਰਫ ਸੋਨੂੰ ਪੁੱਤਰ ਵਾਸੀ ਵਾਰਡ ਨੰਬਰ 4 ਕੁਰਾਲੀ ਦੇ ਘਰ ਕੁਰਾਲੀ ਵਿਖੇ ਰਹਿੰਦਾ ਰਿਹਾ ਅਤੇ ਕਰੀਬ ਦੋ ਮਹੀਨੇ ਤੋਂ ਇਹ ਪਿੰਡ ਪਪਰਾਲੀ ਫੈਕਟਰੀ ਵਿੱਚ ਬਣੇ ਕਮਰਿਆਂ ਵਿੱਚ ਕਿਰਾਏ 'ਤੇ ਰਹਿੰਦਾ ਸੀ।
ਜ਼ਿਲ•ਾ ਪੁਲੀਸ ਮੁਖੀ ਨੇ ਦੱਸਿਆ ਕਿ ਮੁਲਜ਼ਮ ਸਾਹਿਲ ਨੇ ਕਰੀਬ 15 ਦਿਨ ਪਹਿਲਾਂ ਇਕ ਚਿੱਟੇ ਰੰਗ ਦੀ ਮਾਰੂਤੀ ਕਾਰ (ਸੀ.ਐਚ.01 ਐਲ 1469) ਜਸਪਾਲ ਸਿੰਘ ਵਾਸੀ ਕੁਰਾਲੀ ਪਾਸੋਂ 14 ਹਜ਼ਾਰ ਰੁਪਏ ਵਿੱਚ ਖਰੀਦੀ ਸੀ, ਜਿਸ ਵਿੱਚ ਉਹ ਰੋਜ਼ਾਨਾ ਸਿੰਘਪੁਰਾ ਰੋਡ ਕੁਰਾਲੀ ਸਟੇਡੀਅਮ ਵਿੱਚ ਜਾਂਦਾ ਸੀ। ਸਟੇਡੀਅਮ ਦੇ ਬਾਹਰ ਬਰਗਰ ਵਾਲੀ ਰੇਹੜੀ ਲੱਗੀ ਹੋਈ ਸੀ, ਜਿਥੇ ਮੁਲਜ਼ਮ 31 ਮਾਰਚ ਅਤੇ 2 ਅਪ੍ਰੈਲ 2019 ਨੂੰ ਅਸ਼ੀਸ਼ਜੋਤ ਸਿੰਘ ਸਮੇਤ ਇਸ ਦੇ 2 ਸਾਥੀ ਬੱਚਿਆਂ ਨੂੰ ਮਿਲਿਆ ਸੀ ਅਤੇ ਬਰਗਰ ਵੀ ਖਵਾਏ ਸਨ। ਇਸ ਕਾਰਨ ਅਸ਼ੀਸ਼ਜੋਤ ਸਿੰਘ ਨਾਲ ਇਸ ਦੀ ਨੇੜਤਾ ਹੋ ਗਈ। 6 ਅਪ੍ਰੈਲ ਨੂੰ ਸ਼ਾਮ ਸਮੇਂ ਮੁਲਜ਼ਮ ਸਾਹਿਲ ਵਰਮਾ ਆਪਣੀ ਕਾਰ ਵਿੱਚ ਸਬਜ਼ੀ ਮੰਡੀ ਕੁਰਾਲੀ ਗਿਆ ਤਾਂ ਇਸ ਨੂੰ ਸਬਜ਼ੀ ਮੰਡੀ ਵਿੱਚ ਅਸ਼ੀਸ਼ਜੋਤ ਸਿੰਘ ਅਤੇ ਉਸ ਦੇ ਸਾਥੀ ਮਿਲੇ। ਮੁਲਜ਼ਮ ਨੇ ਇਨ•ਾਂ ਬੱਚਿਆਂ ਨੂੰ ਚੌਧਰੀ ਹਸਪਤਾਲ ਦੇ ਸਾਹਮਣੇ ਡੇਅਰੀ ਵਿੱਚੋਂ ਆਈਸ ਕਰੀਮ ਲੈ ਕੇ ਦਿੱਤੀ ਤੇ ਅਸ਼ੀਸ਼ਜੋਤ ਸਿੰਘ ਨੂੰ ਗੱਲਾਂ ਵਿੱਚ ਲਾ ਕੇ ਆਪਣੀ ਕਾਰ ਵਿੱਚ ਬਿਠਾ ਕੇ ਪਿੰਡ ਸਿੰਘਪੁਰਾ ਰਾਹੀਂ ਬਾਈਪਾਸ ਨੂੰ ਹੁੰਦੇ ਹੋਏ ਲੁਧਿਆਣਾ ਸਾਈਡ ਨੂੰ ਲੈ ਗਿਆ। ਜਦੋਂ ਅਸ਼ੀਸ਼ਜੋਤ ਵਾਪਸ ਆਪਣੇ ਘਰ ਜਾਣ ਲਈ ਜ਼ਿੱਦ ਕਰਨ ਲੱਗਿਆ ਤਾਂ ਇਸ ਨੇ ਗੱਲਾਂ ਵਿੱਚ ਲਾ ਕੇ ਕਿਹਾ ਕਿ ਹਨੇਰਾ ਹੋ ਗਿਆ ਮੇਰੇ ਘਰ ਚੱਲਦੇ ਹਾਂ। ਇਹ ਲੁਧਿਆਣਾ ਤੋਂ ਪਹਿਲਾਂ ਕੁਹਾੜਾ ਕਸਬਾ ਟੱਪ ਕੇ ਕਾਰ ਸਾਈਡ 'ਤੇ ਖੜ•ੀ ਕਰਕੇ ਅਸ਼ੀਸ਼ਜੋਤ ਸਿੰਘ ਨੂੰ ਆਪਣੇ ਨਾਲ ਸਿਟੀ ਮਾਹਲ ਰੈਸਟੋਰੈਂਟ ਲੈ ਗਿਆ। ਇਸ ਨੇ ਹੋਟਲ ਵਿੱਚ ਜਾ ਕੇ ਕਮਰਾ ਲਿਆ ਅਤੇ ਬੱਚੇ ਨੂੰ ਰੋਟੀ ਪਾਣੀ ਖਵਾਇਆ। ਅਸ਼ੀਸ਼ਜੋਤ ਸਿੰਘ ਸੌਂ ਗਿਆ ਤਾਂ ਇਹ ਰਾਤ ਭਰ ਉਸ ਦੀ ਨਿਗਰਾਨੀ ਕਰਦਾ ਰਿਹਾ। 
ਸ. ਭੁੱਲਰ ਨੇ ਦੱਸਿਆ ਕਿ ਸਵੇਰੇ ਇਸ ਨੇ ਹੋਟਲ ਤੋਂ ਬਾਹਰ ਆ ਕੇ ਫਿਰੌਤੀ ਲੈਣ ਲਈ ਅਸ਼ੀਸ਼ਜੋਤ ਦੇ ਘਰ ਫੋਨ ਕੀਤਾ। ਫੋਨ ਕਰਨ ਤੋਂ ਬਾਅਦ ਇਹ ਡਰ ਗਿਆ ਕਿ ਇਸ ਦੇ ਫੋਨ ਦੀ ਲੋਕੇਸ਼ਨ ਵਗੈਰਾ ਹੋਟਲ ਦੀ ਆ ਸਕਦੀ ਹੈ, ਜਿਸ ਕਰਕੇ ਇਹ ਫੋਨ ਕਰਨ ਤੋ ਬਾਅਦ ਬੱਚੇ ਨੂੰ ਲੈ ਕੇ ਆਟੋ ਵਿੱਚ ਬਿਠਾ ਕੇ ਲੁਧਿਆਣਾ ਦੇ ਸਮਰਾਲਾ ਚੌਕ ਪਹੁੰਚਿਆ, ਜਿੱਥੋਂ ਬੱਸ ਵਿੱਚ ਅੰਬਾਲਾ ਲੈ ਗਿਆ। ਫੜੇ ਜਾਣ ਦੇ ਡਰ ਕਰ ਕੇ ਉਹ ਬੱਚੇ ਨੂੰ ਅੰਬਾਲਾ ਬੱਸ ਸਟੈਂਡ 'ਤੇ ਛੱਡ ਕੇ ਚਲਾ ਗਿਆ ਸੀ ਅਤੇ ਜਿਸ ਸਿੰਮ ਰਾਹੀਂ ਫਿਰੌਤੀ ਲੈਣ ਲਈ ਕਾਲ ਕੀਤੀ ਸੀ, ਉਹ ਸਿੰਮ ਫੋਨ ਵਿੱਚੋਂ ਕੱਢ ਕੇ ਸੁੱਟ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮ ਨੇ ਅਸ਼ੀਸ਼ਜੋਤ ਸਿੰਘ ਨੂੰ ਕਾਫੀ ਡਰਾਇਆ ਸੀ ਕਿ ਉਸ ਨੇ ਇਸ ਦਾ ਨਾਮ ਕਿਸੇ ਕੋਲ ਨਹੀਂ ਲੈਣਾ ਅਤੇ ਜੇ ਕੋਈ ਵੀ ਪੁੱਛੇ ਤਾਂ ਇਹੀ ਕਹਿਣਾ ਕਿ ਉਸ ਨੂੰ ਚਾਰ ਲੜਕੇ ਹਥਿਆਰਾਂ ਨਾਲ ਡਰਾ ਕੇ ਕੁਰਾਲੀ ਤੋਂ ਚੁੱਕ ਕੇ ਲੈ ਗਏ ਸਨ ਤੇ ਉਸ ਦੇ ਰੌਲਾ ਪਾਉਣ 'ਤੇ ਉਹ ਉਸ ਨੂੰ ਬੱਸ ਅੱਡਾ ਅੰਬਾਲਾ ਛੱਡ ਕੇ ਭੱਜ ਗਏ।
ਜ਼ਿਲ•ਾ ਪੁਲੀਸ ਮੁਖੀ ਅਨੁਸਾਰ ਮੁਲਜ਼ਮ ਨੇ ਅਗਵਾ ਦੇ ਮੰਤਵ ਬਾਰੇ ਦੱਸਿਆ ਕਿ ਉਹ ਮੁੰਬਈ ਵਿਖੇ ਜਾ ਕੇ ਫਿਲਮ ਇੰਡਸਟਰੀ ਵਿੱਚ ਕੰਮ ਕਰਨਾ ਚਾਹੁੰਦਾ ਸੀ ਅਤੇ ਉਸ ਕੋਲ ਇੰਨੇ ਪੈਸੇ ਨਹੀਂ ਸਨ, ਜਿਸ ਕਰਕੇ ਉਸ ਨੇ ਇਸ ਬੱਚੇ ਨੂੰ ਅਗਵਾ ਕਰਕੇ ਵਾਰਸਾਂ ਤੋਂ ਫਿਰੌਤੀ ਮੰਗਣ ਦੀ ਸਕੀਮ ਬਣਾਈ ਤਾਂ ਜੋ ਫਿਰੌਤੀ ਦੇ ਪੈਸਿਆਂ ਨਾਲ ਆਪਣਾ ਮਕਸਦ ਪੂਰਾ ਕਰ ਸਕੇ। ਮੁਲਜ਼ਮ ਤੋਂ ਹੋਰ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।