• Home
  •  ਸਰਕਾਰ ਨੇ ਕੰਪਿਊਟਰ ਕੰਡੇ ਦੀ ਸ਼ਰਤ ਵਾਪਿਸ ਲਈ ,ਆੜ੍ਹਤੀਆਂ ਨੇ 1 ਸਤੰਬਰ ਦਾ ਪ੍ਰਦਰਸ਼ਨ ਵਾਪਿਸ ਲਿਆ

 ਸਰਕਾਰ ਨੇ ਕੰਪਿਊਟਰ ਕੰਡੇ ਦੀ ਸ਼ਰਤ ਵਾਪਿਸ ਲਈ ,ਆੜ੍ਹਤੀਆਂ ਨੇ 1 ਸਤੰਬਰ ਦਾ ਪ੍ਰਦਰਸ਼ਨ ਵਾਪਿਸ ਲਿਆ

ਚੰਡੀਗੜ੍ਹ,(ਖ਼ਬਰ ਵਾਲੇ ਬਿਊਰੋ ) :
ਆੜ੍ਹਤੀਆਂ ਵੱਲੋ 1 ਸਤੰਬਰ ਨੂੰ ਪੰਜਾਬ ਭਰ ਵਿਚ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਹੋਇਆ ਸੀ, ਉਸਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ । ਵਿਰੋਧ ਦਾ ਕਾਰਨ ਪੰਜਾਬ ਸਰਕਾਰ ਵੱਲੋ ਆੜ੍ਹਤੀਆ ਨੂੰ ਤੁਲਾਈ ਵਾਲੇ ਫਰਸ਼ੀ ਕੰਡੇ ਦੀ ਥਾਂ ਕੰਪਿਊਟਰ ਤੁਲਾਈ ਕੰਡੇ ਲਾਉਣ ਲਈ ਹੁਕਮ ਦੇਣਾ ਸੀ। ਆੜ੍ਹਤੀਆਂ ਦਾ ਤਰਕ ਸੀ ਕਿ ਸੂਬੇ ਦੀਆਂ  26,000 ਆੜ੍ਹਤੀ ਫਰਮਾਂ ਕੋਲ 2 ਤੋਂ 10 ਫਰਸ਼ੀ ਕੰਡੇ ਹਨ ਅਤੇ ਇਕ ਕੰਡੇ ਦੀ ਕੀਮਤ 10 ਹਜ਼ਾਰ ਰੁਪਏ ਹੈ ,ਜਦਕਿ  ਕੰਪਿਊਟਰ ਤੁਲਾਈ ਪ੍ਰਤੀ ਕੰਡੇ ਦੀ ਕੀਮਤ 15,000 ਰੁਪਏ ਹੈ। ਜਿਸਦੇ ਅਨੁਸਾਰ ਵਪਾਰੀਆਂ ਨੂੰ 130 ਕਰੋੜ ਰੁਪਏ  ਤੋਂ ਵੱਧ ਦਾ ਨੁਕਸਾਨ ਬੇ -ਮਤਲਬ ਹੋਵੇਗਾ। ਹੋਰ ਤਾਂ ਹੋਰ ਜਿਹੜੇ 1763 ਪੇਂਡੂ ਖਰੀਦ ਕੇਂਦਰਾਂ ਵਿਚ ਕੰਪਿਊਟਰ ਤੁਲਾਈ ਕੰਡੇ ਲਾਉਣ ਦੀ ਗੱਲ ਕਹਿ ਜਾ ਰਹੀ ਹੈ , ਉੱਥੇ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਹੈ , ਕੇਂਦਰਾਂ ਦੇ ਫ਼ਰਸ਼ ਟੁੱਟੇ ਹੋਏ ਹਨ ਅਤੇ ਜਨਰੇਟਰਾਂ ਨਾਲ ਬਿਜਲੀ ਸਪਲਾਈ ਦੇ ਉਤਾਰ -ਚੜਾਅ ਕਾਰਨ ਤੁਲਾਈ ਵਿਚ ਫਰਕ ਆ ਸਕਦਾ ਹੈ।
ਸਰਕਾਰ ਨੇ ਵਪਾਰੀਆਂ ਦੀ ਇਸ ਦਲੀਲ ਨੂੰ ਮੰਨਦਿਆਂ ਇਕ ਵਾਰ ਕੰਪਿਊਟਰ ਤੁਲਾਈ ਕੰਡੇ ਦੀ ਪ੍ਰੀਕ੍ਰਿਆ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਆੜ੍ਹਤੀ ਫੈਡਰੇਸ਼ਨ ਇਸ ਗੱਲ ਨੂੰ ਸਾਬਿਤ ਕਰਨ ਲਈ ਤਕਨੀਕੀ ਮਾਹਿਰ ਵੀ ਨਾਲ ਲੈ ਕੇ ਗਈ ਸੀ। ਸਰਕਾਰ ਕੇ ਇਸ ਭਰੋਸੇ ਤੋਂ ਬਾਅਦ ਆੜ੍ਹਤੀਆਂ ਨੇ 1 ਸਤੰਬਰ ਨੂੰ ਕੀਤੇ ਜਾਣ ਵਾਲੇ ਵਿਰੋਧ ਪ੍ਰਦਰਸ਼ਨ ਨੂੰ ਰੱਦ ਕਰ ਦਿੱਤਾ ਹੈ। ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਇਸ ਸਾਰੀ ਖੇਡ ਪਿਛੇ ਇਕ ਕੰਪਿਊਟਰ ਕੰਡਾ ਕੰਪਨੀ ਦੇ ਮਾਲਿਕ ਦਾ ਵੀ ਜ਼ੋਰ ਸੀ।
ਅੱਜ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਅਸ਼ਨ ਆਫ ਪੰਜਾਬ ਦੇ ਪ੍ਰਧਾਨ ਵਿਜੈ ਕਾਲੜਾ ਦੀ ਰਹਿਨੁਮਾਈ ਹੇਠ ਆੜ੍ਹਤੀਆਂ ਦੇ ਇਕ ਵਫ਼ਦ ਨੇ ਮੁੱਖ ਮੰਤਰੀ ਦੇ ਸੱਦੇ ਤੇ ਮੁੱਖ ਪ੍ਰਧਾਨ ਸਕੱਤਰ ਸੁਰੇਸ਼ ਕੁਮਾਰ , ਮੰਤਰੀ ਵਿਜੈ ਸਿੰਗਲਾ , ਮੁੱਖ ਮੰਤਰੀ ਦੇ ਓ ਐੱਸ ਡੀ ਅੰਕਿਤ ਬਾਂਸਲ ਅਤੇ ਪੰਜਾਬ ਮੰਤਰੀ ਬੋਰਡ ਦੇ ਸਕੱਤਰ ਅਮਿਤ ਢਾਕਾ ਨਾਲ ਮੀਟਿੰਗ ਕੀਤੀ , ਜਿਸ ਵਿਚ ਉਪਰੋਕਤ ਫੈਸਲੇ ਦੇ ਨਾਲ-ਨਾਲ ਆੜ੍ਹਤੀਆਂ ਦੀਆਂ ਹੋਰ ਮੰਗਾਂ ਬਾਰੇ ਵੀ ਕਈ ਅਹਿਮ ਫੈਸਲੇ ਲਏ ਗਏ।