• Home
  • ਟੋਰੰਟੋ ਵੱਸਦੇ ਲੇਖਕ ਤੇ ਪੱਤਰਕਾਰ ਹਰਜੀਤ ਬਾਜਵਾ ਦਾ ਲੁਧਿਆਣਾ ਚ ਸਨਮਾਨ

ਟੋਰੰਟੋ ਵੱਸਦੇ ਲੇਖਕ ਤੇ ਪੱਤਰਕਾਰ ਹਰਜੀਤ ਬਾਜਵਾ ਦਾ ਲੁਧਿਆਣਾ ਚ ਸਨਮਾਨ

ਲੁਧਿਆਣਾ: (ਖ਼ਬਰ ਵਾਲੇ ਬਿਊਰੋ )

ਟੋਰੰਟੋ ਵੱਸਦੇ ਪੰਜਾਬੀ ਲੇਖਕ ਤੇ ਪੱਤਰਕਾਰ ਹਰਜੀਤ ਸਿੰਘ ਬਾਜਵਾ
ਨੂੰ ਲੁਧਿਆਣਾ ਚ ਬਾਬਾ ਫ਼ਰੀਦ ਫਾਉਂਡੇਸ਼ਨ ਵੱਲੋਂ ਸਨਮਾਨਿਤ ਕਰਦਿਆਂ ਫਾਉਂਡੇਸ਼ਨ ਦੇ ਬਾਨੀ ਚੇਅਰਮੈਨ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ
ਬਦੇਸ਼ਾਂ ਚ ਸਾਹਿੱਤ ਸਿਰਜਣਾ ਤੇ ਉਥੋਂ ਦੇ ਪੰਜਾਬੀਆਂ ਦਾ ਦੁਖ ਸੁਖ ਪੱਤਰਕਾਰੀ ਰਾਹੀਂ ਵਤਨ ਪਹੁੰਚਾਉਣ ਵਾਲੇ ਬਿਨ ਤਨਖਾਹੋਂ ਰਾਜਦੂਤ ਹੁੰਦੇ ਹਨ।
ਪਹਿਲਾਂ ਪੰਜਾਬ ਪੜਜ ਦਰਿਆਵਾਂ ਦੁਆਲੇ ਪਸਰੀ ਭੂਗੋਲਕ ਇਕਾਈ ਦਾ ਨਾਮ ਸੀ ਪਰ ਪਿਛਲੀ ਇੱਕ ਸਦੀ ਤੋਂ ਪਰਵਾਸ ਬਿਰਤੀ ਵਧਣ ਕਾਰਨ ਹੁਣ ਸੱਤ ਸਮੁੰਦਰਾਂ ਤੋਂ ਪਾਰ ਵੱਖ ਵੱਖ ਮਹਾਂਦੀਪਾਂ ਚ ਸੁਭਾਇਮਾਨ ਹੈ। ਉਨ੍ਹਾਂ ਆਖਿਆ ਕਿ ਹਰਜੀਤ ਸਿੰਘ ਬਾਜਵਾ ਆਪਣੇ ਕਾਰੋਬਾਰ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਹਿੱਤ ਅਕਾਦਮੀ(ਵਿਪਸਾ) ਦਾ ਵੀ ਜਨਰਲ ਸਕੱਤਰ ਰਿਹਾ ਹੈ ਤੇ ਇਸ ਦੀਆਂ ਟੋਰੰਟੋ ਚ ਗੁਰਦਿਆਲ ਸਿੰਘ ਕੰਵਲ ਨਾਲ ਮਿਲ ਕੇ ਕੀਤੀਆਂ ਸਾਹਿੱਤਕ ਸਰਗਰਮੀਆਂ ਮੁੱਲਵਾਨ ਸਨ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਿਰਦੇਸ਼ਕ ਯੁਵਕ ਭਲਾਈ ਡਾ:,ਨਿਰਮਲ ਜੌੜਾ ਨੇ ਕਿਹਾ ਕਿ 1999 ਤੋਂ ਬਾਦ ਕੈਨੇਡਾ ਪੁੱਜ ਕੇ ਹਰਜੀਤ ਨੇ ਪੱਤਰਕਾਰੀ ਚ ਵੀ ਗੂੜ੍ਹੀਆਂ ਪੈੜਾਂ ਕੀਤੀਆਂ ਹਨ। ਸਭ ਨੇ ਮਿਲ ਕੇ
ਬਾਬਾ ਫ਼ਰੀਦ ਫਾਉਂਡੇਸ਼ਨ ਦੇ ਚੇਅਰਮੈਨ ਸ: ਪ੍ਰੀਤਮ ਸਿੰਘ ਭਰੋਵਾਲ ਤੇ ਸਰਦਾਰਨੀ ਜਸਵਿੰਦਰ ਕੌਰ ਗਿੱਲ ਤੇ ਵਿਨੋਦ ਹਰਪਾਲਪੁਰੀ ਸਮੇਤ ਹਰਜੀਤ ਸਿੰਘ ਬਾਜਵਾ ਨੂੰ ਦੋਸ਼ਾਲਾ ਤੇ ਸਨਮਾਨ ਵਜੋਂ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ।

ਸ: ਬਾਜਵਾ ਨੇ ਇੰਡੋ ਕੈਨੇਡੀਅਨ ਪੰਜਾਬੀ ਭਾਈਚਾਰੇ ਬਾਰੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਪਹਿਲਾਂ ਵੱਸੇ ਪੰਜਾਬੀਆਂ ਤੇ ਨਵੇਂ ਜਾ ਰਹੇ ਵਿਦਿਆਰਥੀ ਵਰਗ ਚ ਟਕਰਾਓ ਹੋਣ ਦਾ ਕਾਰਨ ਇਹ ਹੈ ਕਿ ਦੋ ਤਰ੍ਹਾਂ ਦੇ ਵਿਦਿਆਰਥੀ ਉਥੇ ਜਾ ਰਹੇ ਨੇ। ਮਿਹਨਤ ਨਾਲ ਪੜ੍ਹਾਈ ਕਰਦਿਆਂ ਕਿਰਤ ਕਰਕੇ ਅੱਗੇ ਵਧਣ ਵਾਲਿਆਂ ਦੀ ਕੋਈ ਸਮੱਸਿਆ ਨਹੀਂ ਪਰ ਇਧਰੋਂ ਮਾਪਿਆਂ ਦੇ ਸਿਰੋਂ ਐਸ਼ ਕਰਨ ਵਾਲੇ ਕੁਝ ਗਿਣਵੇਂ ਵਿਦਿਆਰਥੀ ਬਾਕੀਆਂ ਲਈ ਵੀ ਸਮੱਸਿਆਵਾਂ ਖੜ੍ਹੀਆਂ ਕਰਦੇ ਹਨ।
ਇਧਰੋਂ ਜਾਣ ਵਾਲੇ ਬੱਚਿਆਂ ਨੂੰ ਓਧ ਜਾਣ ਤੋਂ ਪਹਿਲਾਂ ਓਥੋਂ ਦੇ ਮਾਹੌਲ ਤੇ ਵਿਦਿਅਕ ਢਾਂਚੇ ਬਾਰੇ ਸਿਖਿਅਤ ਕਰਨਾ ਚਾਹੀਦਾ ਹੈ। ਉਨ੍ਹਾਂ ਸਭ ਦਾ ਆਦਰ ਮਾਣ ਦੇਣ ਲਈ ਧੰਨਵਾਦ ਕੀਤਾ।