• Home
  • ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਲਿਆਂਵਾਲਾ ਬਾਗ਼ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਆਜ਼ਾਦੀ ਲਈ ਤਾਰੇ ਮੁੱਲ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ ਰਾਹੁਲ

ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਲਿਆਂਵਾਲਾ ਬਾਗ਼ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਆਜ਼ਾਦੀ ਲਈ ਤਾਰੇ ਮੁੱਲ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ ਰਾਹੁਲ

ਅੰਮਿ੍ਰਤਸਰ, 13 ਅਪ੍ਰੈਲ: ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹਜ਼ਾਰਾਂ ਲੋਕਾਂ ਨੇ ਅੱਜ ਮਨਾਈ ਗਈ ਜਲਿਆਂਵਾਲਾ ਬਾਗ਼ ਕਤਲੇਆਮ ਦੀ ਸ਼ਤਾਬਦੀ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।  ਦੋਵਾਂ ਆਗੂਆਂ ਨੇ ਇੱਕ ਸਦੀ ਪਹਿਲਾਂ 13 ਅਪ੍ਰੈਲ, 1919 ਨੂੰ ਦੇਸ਼ ਦੇ ਲਈ ਜਾਨਾਂ ਨਿਸ਼ਾਵਰ ਕਰਨ ਵਾਲੇ ਸ਼ਹੀਦਾਂ ਦੇ ਸਨਮਾਨ ਵਿੱਚ ਇਤਿਹਾਸਕ ਜਲਿਆਂਵਾਲਾ ਬਾਗ਼ ਰਾਸ਼ਟਰੀ ਯਾਦਗਾਰ ਵਿਖੇ ਪੁਸ਼ਪ ਮਾਲਾਵਾਂ ਰੱਖੀਆਂ। ਜਲਿਆਂਵਾਲਾ ਬਾਗ਼ ਭਾਰਤੀ ਆਜ਼ਾਦੀ ਸੰਘਰਸ਼ ਦਾ ਇਕ ਸਭ ਤੋਂ ਵੱਡਾ ਭਿਆਨਕ ਖੂਨੀ ਸਾਕਾ ਸੀ।  ਸ਼ਹੀਦਾਂ ਨੂੰ ਸਤਿਕਾਰ ਭੇਟ ਕਰਨ ਲਈ ਇਤਿਹਾਸਕ ਯਾਦਗਾਰ ਵਿਖੇ ਇਕੱਠੇ ਹੋਏ ਵੱਖ-ਵੱਖ ਵਰਗਾਂ ਦੇ ਹਜ਼ਾਰਾਂ ਲੋਕਾਂ ਦੇ ਨਾਲ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਮੌਨ ਖੜੇ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਨਿਸ਼ਾਵਰ ਕਰਨ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ।  ਸ਼ਹੀਦੀ ਯਾਦਗਾਰ ਵਿਖੇ ਕਾਂਗਰਸ ਦੇ ਪ੍ਰਧਾਨ ਨੇ ‘ਵਿਜ਼ਟਰਜ਼ ਬੁੱਕ’ ਵਿੱਚ ਲਿਖਿਆ,‘‘ਆਜ਼ਾਦੀ ਲਈ ਤਾਰੇ ਗਏ ਮੁੱਲ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਅਸੀਂ ਭਾਰਤ ਦੇ ਉਨਾਂ ਲੋਕਾਂ ਨੂੰ ਸਲਾਮ ਪੇਸ਼ ਕਰਦੇ ਹਾਂ ਜਿਨਾਂ ਨੇ ਆਜ਼ਾਦੀ ਲਈ ਹਰ ਉਹ ਚੀਜ਼ ਦਿੱਤੀ ਜੋ ਉਹ ਦੇ ਸਕਦੇ ਸਨ।’’ ਇਹ ਸ਼ਹੀਦ ਰਾਸ਼ਟਰਵਾਦ ਦੇ ਪ੍ਰਤੀਕ ਹਨ ਜੋ ਹਮੇਸ਼ਾ ਹੀ ਹਰੇਕ ਭਾਰਤੀ ਦੇ ਦਿਲਾਂ ਵਿੱਚ ਵਸੇ ਰਹਿਣਗੇ।  ਇਸ ਮੌਕੇ ਪਿਛੋਕੜ ਵਿੱਚ ਰਾਸ਼ਟਰੀ ਗੀਤ ਚੱਲ ਰਿਹਾ ਸੀ। ਇਹ ਲੋਕਾਂ ਲਈ ਬਹੁਤ ਭਾਵੁਕ ਮੌਕਾ ਸੀ। ਬਹੁਤ ਸਾਰੇ ਲੋਕਾਂ ਦੀਆਂ ਨਮ ਹੋਈਆਂ ਅੱਖਾਂ ਵੀ ਦਿਖੀਆਂ ਅਤੇ ਉਨਾਂ ਨੇ ਸ਼ਹੀਦਾਂ ਨੂੰ ਸਲਾਮ ਦਿੱਤਾ।  ਏ.ਆਈ.ਸੀ.ਸੀ. ਪੰਜਾਬ ਦੇ ਇੰਚਾਰਜ ਆਸ਼ਾ ਕੁਮਾਰੀ, ਪੀ.ਪੀ.ਸੀ.ਸੀ. ਦੇ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਸੁਖਬਿੰਦਰ ਸਿੰਘ ਸਰਕਾਰੀਆ ਅਤੇ ਸੁਖਜਿੰਦਰ ਸਿੰਘ ਰੰਧਾਵਾ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਸ਼ਾਮਲ ਸਨ।  ਇਸ ਇਤਿਹਾਸਕ ਮੌਕੇ ਪੰਜਾਬ ਸਰਕਾਰ ਵੱਲੋਂ ਆਯੋਜਿਤ ਵੱਖ-ਵੱਖ ਸਮਾਗਮਾਂ ਦੇ ਹਿੱਸੇ ਵਜੋਂ ਕੈਪਟਨ ਅਮਰਿੰਦਰ ਸਿੰਘ ਇੱਥੇ ਕੱਲ ਪਹੁੰਚੇ ਸਨ। ਉਨਾਂ ਦੇ ਨਾਲ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵੀ ਸ਼ਾਮਲ ਸਨ। ਉਨਾਂ ਨੇ ਹਜ਼ਾਰਾਂ ਹੋਰ ਲੋਕਾਂ ਦੇ ਨਾਲ ਮਿਲ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਪਿਛਲੀ ਸ਼ਾਮ ਇਤਿਹਾਸਕ ਕੈਂਡਲ ਮਾਰਚ ਵੀ ਕੀਤਾ। ਮੁੱਖ ਮੰਤਰੀ ਕੱਲ ਰਾਹੁਲ ਗਾਂਧੀ ਦੇ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਵੀ ਗਏ।