• Home
  • ..ਜਦੋਂ ਜਾਖੜ ਦੇ ਹੱਕ ਚ ਪਠਾਨਕੋਟ ਦੀਆਂ ਮਹਿਲਾਵਾਂ ਵੱਲੋਂ ਕੀਤੀ ਮੀਟਿੰਗ ਚੋਣ ਰੈਲੀ ਬਣੀ :- ਪੜ੍ਹੋ ਔਰਤਾਂ ਦੇ ਇਕੱਠ ਤੋਂ ਉਤਸ਼ਾਹਿਤ ਹੋਏ ਜਾਖੜ ਨੇ ਕੀ ਕਿਹਾ ?

..ਜਦੋਂ ਜਾਖੜ ਦੇ ਹੱਕ ਚ ਪਠਾਨਕੋਟ ਦੀਆਂ ਮਹਿਲਾਵਾਂ ਵੱਲੋਂ ਕੀਤੀ ਮੀਟਿੰਗ ਚੋਣ ਰੈਲੀ ਬਣੀ :- ਪੜ੍ਹੋ ਔਰਤਾਂ ਦੇ ਇਕੱਠ ਤੋਂ ਉਤਸ਼ਾਹਿਤ ਹੋਏ ਜਾਖੜ ਨੇ ਕੀ ਕਿਹਾ ?

ਪਠਾਨਕੋਟ, 8 ਮਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਸ੍ਰੀ ਸੁਨੀਲ ਜਾਖੜ ਦੇ ਸਮੱਰਥਨ ਵਿਚ ਅੱਜ ਮਹਿਲਾ ਮੰਡਲ ਵੱਲੋਂ ਇੱਥੇ ਇਕ ਵੱਡਾ ਜਲਸਾ ਕੀਤਾ ਗਿਆ। ਹਜਾਰਾਂ ਮਹਿਲਾਵਾਂ ਦੇ ਇਸ ਜਲਸੇ ਨੂੰ ਸੰਬੋਧਨ ਕਰਦਿਆਂ ਸ੍ਰੀ ਸੁਨੀਲ ਜਾਖੜ ਨੇ ਆਖਿਆ ਕਿ ਪ੍ਰਧਾਨ ਮੰਤਰੀ ਨੈਤਿਕ ਕਦਰਾਂ ਕੀਮਤਾਂ ਹੀ ਭੁੱਲ ਗਏ ਹਨ। ਉਨਾਂ ਨੇ ਕਿਹਾ ਕਿ ਕਾਂਗਰਸ ਦੇ ਆਗੂ ਸ੍ਰੀਮਤੀ ਇੰਦਰਾ ਗਾਂਧੀ ਅਤੇ ਸ੍ਰੀ ਰਾਜੀਵ ਗਾਂਧੀ ਨੇ ਦੇਸ਼ ਲਈ ਜਾਨ ਕੁਰਬਾਨ ਕਰ ਦਿੱਤੀ ਸੀ ਪਰ ਪ੍ਰਧਾਨ ਮੰਤਰੀ ਉਨਾਂ ਦੀ ਸ਼ਹਾਦਤ ਦਾ ਅਪਮਾਨ ਕਰ ਰਹੇ ਹਨ।  ਸ੍ਰੀ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਮਾਜ ਦੇ ਹਰ ਵਰਗ ਨਾਲ ਧੋਖਾ ਕੀਤਾ ਹੈ। ਉਨਾਂ ਨੇ ਕਿਹਾ ਕਿ ਭਾਜਪਾ 2 ਕਰੋੜ ਨੌਕਰੀਆਂ ਹਰ ਸਾਲ ਨੌਜਵਾਨਾਂ ਨੂੰ ਦੇਣ ਦੇ ਵਾਅਦੇ ਨਾਲ ਸੱਤਾ ਵਿਚ ਆਈ ਸੀ ਪਰ ਉਲਟਾ ਨੋਟਬੰਦੀ ਕਰਕੇ ਲੱਖਾ ਨੌਕਰੀਆਂ ਖੋਹ ਲਈਆਂ ਗਈਆਂ। ਉਨਾਂ ਨੇ ਕਿਹਾ ਕਿ ਕਾਲੇ ਧਨ ਦੀ ਗੱਲ ਕਰਨ ਵਾਲੇ ਭਾਜਪਾਈਆਂ ਦੇ ਰਾਜ ਵਿਚ ਕਾਲੇ ਧਨ ਵਾਲੇ ਦੇਸ਼ ਤੋਂ ਹੀ ਭੱਜ ਗਏ ਅਤੇ ਦੇਸ਼ ਦਾ ਚੌਕੀਦਾਰ ਵੇਖਦਾ ਰਹਿ ਗਿਆ।  ਸ੍ਰੀ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਔਰਤਾਂ ਦੇ ਸਸ਼ਕਤੀਕਰਨ ਲਈ ਕੰਮ ਕੀਤਾ ਗਿਆ ਹੈ। ਉਨਾਂ ਨੇ ਕਿਹਾ ਕਿ ਕਾਂਗਰਸ ਦੀ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਪੰਚਾਇਤੀ ਰਾਜ ਸੰਸਥਾਵਾਂ ਵਿਚ 50 ਫੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ ਅਤੇ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਬਣਨ ਤੇ ਕੇਂਦਰ ਸਰਕਾਰ ਦੀਆਂ ਨੌਕਰੀਆਂ ਵਿਚ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ। ਇਸੇ ਤਰਾਂ ਲੋਕ ਸਭਾ ਵਿਧਾਨ ਸਭਾਵਾਂ ਵਿਚ ਵੀ ਔਰਤਾਂ ਨੂੰ ਰਾਖਵਾਂ ਕਰਨ ਦਿੱਤਾ ਜਾਵੇਗਾ। ਉਨਾਂ ਨੇ ਕਿਹਾ ਨਿਆਏ ਸਕੀਮ ਤਹਿਤ ਗਰੀਬ ਪਰਿਵਾਰਾਂ ਨੂੰ ਮਿਲਣ ਵਾਲੀ 6000 ਰੁਪਏ ਦੀ ਮਦਦ ਵੀ ਪਰਿਵਾਰ ਦੀ ਮੁੱਖੀ ਔਰਤਾਂ ਦੇ ਖਾਤੇ ਵਿਚ ਹੀ ਆਵੇਗੀ।ਇਸ ਮੌਕੇ ਉਨਾਂ ਨੇ ਕਿਹਾ ਕਿ ਕਾਂਗਰਸ ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲਦੀ ਹੈ। ਉਨਾਂ ਨੇ ਕਿਹਾ ਕਿ ਸਿੱਖਿਆ ਲਈ ਹਲਕੇ ਵਿਚ ਸਿੱਧਪੁਰ ਤੇ ਕਲਨੌਰ ਵਿਚ ਜਿੱਥੇ ਡਿਗਰੀ ਕਾਲਜ ਬਣ ਰਹੇ ਹਨ ਉਥੇ ਹੀ ਜੁਗਿਆਲ ਵਿਚ ਕੁੜੀਆਂ ਲਈ ਕਾਲਜ ਵੀ ਪੰਜਾਬ ਸਰਕਾਰ ਨੇ ਮੰਜੂਰ ਕੀਤਾ ਹੈ। ਉਨਾਂ ਨੇ ਕਿਹਾ ਕਿ ਪਠਾਨਕੋਟ ਸ਼ਹਿਰ ਵਿਚ ਪਠਾਨਕੋਟ ਜੋਗਿੰਦਰਨਗਰ ਰੇਲ ਲਿੰਕ ਨੂੰ ਐਲੀਵੇਟਡ ਕਰਨ ਦੇ ਰੇਲਵੇ ਨੇ 226.77 ਕਰੋੜ ਦੇ ਐਸਟੀਮੇਟ ਬਣਾ ਲਏ ਹਨ ਅਤੇ ਇਸ ਪ੍ਰੋਜੈਕਟ ਦਾ ਫੀਜੀਬਿਲਟੀ ਸਰਵੇ ਕਰਨ ਲਈ ਪੰਜਾਬ ਸਰਕਾਰ ਵੱਲੋਂ ਫੰਡ ਜਾਰੀ ਕਰ ਦਿੱਤੇ ਹਨ। ਇਸ ਨਾਲ ਸ਼ਹਿਰ ਵਿਚ ਰੇਲਵੇ ਕ੍ਰਾਸਿੰਗ ਦੀ ਸਮੱਸਿਆ ਦਾ ਸਥਾਈ ਹੱਲ ਹੋ ਜਾਵੇਗਾ ਅਤੇ ਲੋਕਾਂ ਨੂੰ ਵੱਡੀ ਸੌਖ ਹੋਵੇਗੀ। ਇਸ ਮੌਕੇ ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਮਮਤਾ ਦੱਤਾ ਨੇ ਆਖਿਆ ਕਿ ਮੋਦੀ ਸਰਕਾਰ ਵੱਲੋਂ ਵਧਾਈ ਮਹਿੰਗਾਈ ਦਾ ਸਭ ਤੋਂ ਵੱਡਾ ਸੇਕ ਔਰਤਾਂ ਨੂੰ ਝੱਲਣਾ ਪਿਆ ਹੈ। ਉਨਾਂ ਨੇ ਕਿਹਾ ਕਿ ਦੇਸ਼ ਵਿਚ ਔਰਤਾਂ ਨੇ ਫੈਸਲਾ ਕਰ ਲਿਆ ਹੈ ਕਿ ਇਸ ਵਾਰ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਹੀ ਬਣਾਉਣੀ ਹੈ। ਇਸ ਤੋਂ ਪਹਿਲਾਂ ਬੋਲਦਿਆਂ ਵਿਧਾਇਕ ਸ੍ਰੀ ਅਮਿਤ ਵਿੱਜ ਨੇ ਕਿਹਾ ਕਿ ਭਾਜਪਾ ਨੇ ਪੰਜਾਬ ਦਾ ਵੱਡਾ ਨੁਕਸਾਨ ਕੀਤਾ ਹੈ। ਉਨਾਂ ਨੇ ਕਿਹਾ ਕਿ ਭਾਜਪਾ ਦੇ ਰਾਜ ਵਿਚ ਮਹਿੰਗਾਈ ਸਾਰੇ ਰਿਕਾਰਡ ਤੋੜ ਚੁੱਕੀ ਹੈ। ਉਨਾਂ ਨੇ ਅਪੀਲ ਕੀਤੀ ਕਿ 19 ਮਈ ਨੂੰ ਵੋਟਾਂ ਵਾਲੇ ਦਿਨ ਕਾਂਗਰਸ ਉਮੀਦਵਾਰ ਸ੍ਰੀ ਸੁਨੀਲ ਜਾਖੜ ਦਾ ਸਾਥ ਦਿਓ ਤਾਂ ਜੋ ਵਿਕਾਸ ਦੀ ਇਸ ਗਤੀ ਨੂੰ ਹੋਰ ਤੇਜ ਕੀਤਾ ਜਾ ਸਕੇ। ਇਸ ਮੌਕੇ ਜ਼ਿਲਾ ਮਹਿਲਾ ਕਾਂਗਰਸ ਪ੍ਰਧਾਨ ਰੰਜਨਾ ਮਹਾਜਨ, ਜ਼ਿਲਾ ਕਾਂਗਰਸ ਪ੍ਰਧਾਨ ਸ੍ਰੀ ਸੰਜੀਵ ਬੈਂਸ, ਸਾਬਕਾ ਜ਼ਿਲਾ ਪ੍ਰਧਾਨ ਸ੍ਰੀ ਅਨਿਲ ਵਿਜ ਆਦਿ ਵੀ ਹਾਜਰ ਸਨ।