• Home
  • ਸਕਾਲਰਸ਼ਿਪ ਸਕੀਮ ਦਾ ਲਾਹਾ ਲੈਣ ਲਈ ਆਖਰੀ ਮਿਤੀ 15 ਅਕਤੂਬਰ ਤੱਕ ਵਧਾਈ

ਸਕਾਲਰਸ਼ਿਪ ਸਕੀਮ ਦਾ ਲਾਹਾ ਲੈਣ ਲਈ ਆਖਰੀ ਮਿਤੀ 15 ਅਕਤੂਬਰ ਤੱਕ ਵਧਾਈ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਤਹਿਤ ਦਿਵਿਆਂਗ ਵਿਦਿਆਰਥੀਆਂ ਤੋਂ ਮੰਗੀਆਂ ਅਰਜ਼ੀਆਂ ਦੀ ਆਖਰੀ ਮਿਤੀ ਵਧਾ ਕੇ 15 ਅਕਤੂਬਰ 2018 ਕਰ ਦਿੱਤੀ ਹੈ।। ਵਿਭਾਗ ਵੱਲੋਂ ਪ੍ਰੀ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇਣ ਲਈ ਦਿਵਿਆਂਗ ਵਿਦਿਆਰਥੀਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।। ਇਹ ਅਰਜ਼ੀਆਂ ਕੇਂਦਰੀ  ਸਮਾਜਿਕ ਨਿਆਂ ਤੇ ਸ਼ਕਤੀਕਰਨ ਮੰਤਰਾਲੇ ਦੇ ਵਿਭਾਗ ਦੀਆਂ ਹਿਦਾਇਤਾਂ ਦੇ ਅਨੁਸਾਰ ਮੰਗੀਆਂ ਗਈਆਂ ਹਨ।। ਇਹ ਜਾਣਕਾਰੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਜਾਰੀ ਪ੍ਰੈਸ ਬਿਆਨ ਵਿੱਚ ਦਿੱਤੀ।।

ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨਾਲ ਸਬੰਧਤ ਹਰ ਕਿਸਮ ਦੀਆਂ ਗਤਿਵਿਧੀਆਂ ਨੂੰ ਬੜੀ ਸੰਜੀਦਗੀ ਤੇ ਤਰਜੀਹ ਨਾਲ ਅਮਲ ਵਿੱਚ ਲਿਆ ਰਹੀ ਹੈ ਅਤੇ ਅਜਿਹੇ ਵਿਦਿਆਰਥੀਆਂ ਦੀ ਭਲਾਈ ਨੂੰ ਯਕੀਨੀ ਬਨਾਉਣ ਲਈ ਵਚਨਬੱਧ ਹੈ। ਉਨਾਂ ਦੱਸਿਆ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਸਕੀਮ 9ਵੀਂ ਅਤੇ 10ਵੀਂ ਜਮਾਤ ਦੇ ਉਨਾਂ ਦਿਵਿਆਂਗ ਵਿਦਿਆਰਥੀਆਂ 'ਤੇ ਲਾਗੂ ਹੁੰਦੀ ਹੈ ਜਿਨਾਂ ਦੀ ਸਾਲਾਨਾ ਪਰਿਵਾਰਕ ਆਮਦਨ 2.50 ਲੱਖ ਤੋਂ ਵੱਧ ਨਾ ਹੋਵੇ ਅਤੇ ਇਸ ਸਕਾਲਰਸ਼ਿਪ ਲਈ ਬਿਨੈ ਕਰਨ ਦੀ ਪਹਿਲਾ ਅੰਤਿਮ ਮਿਤੀ 30 ਸਤੰਬਰ ਸੀ ਜੋ ਹੁਣ ਵਧਾ ਕੇ 15 ਅਕਤੂਬਰ 2018 ਕਰ ਦਿੱਤੀ ਹੈ।

ਉਨਾਂ ਅਗਾਂਹ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਫਾਇਦਾ 11ਵੀਂ ਜਮਾਤ ਤੋਂ ਲੈ ਕੇ ਮਾਸਟਰ ਡਿਗਰੀ/ਡਿਪਲੋਮਾ ਕਰਨ ਵਾਲੇ ਉਹ ਵਿਦਿਆਰਥੀ ਲੈ ਸਕਣਗੇ ਜਿਨਾਂ ਦੀ ਸਾਲਾਨਾ ਪਰਿਵਾਰਕ ਆਮਦਨ  2.50 ਲੱਖ ਤੋਂ ਵੱਧ ਨਹੀਂ ਹੈ। ਇਸ ਲਈ ਅਰਜ਼ੀਆਂ ਦੇਣ ਦੀ ਅੰਤਿਮ ਮਿਤੀ 31 ਅਕਤੂਬਰ 2018 ਹੈ। ਸ੍ਰੀਮਤੀ ਚੌਧਰੀ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜਿਹੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ ਅਗਲੀ ਭਲਾਈ  ਸਕੀਮ, ਸਰਵੋਤਮ ਸ੍ਰੇਣੀ ਵਿਦਿਆ ਹੈ ਅਤੇ ਇਸ ਸਕੀਮ ਦਾ ਲਾਹਾ ਉਹ ਵਿਦਿਆਰਥੀ ਲੈ ਸਕਦੇ ਹਨ ਜਿਨਾਂ ਦੀ ਸਾਲਾਨਾ ਪਰਿਵਾਰਕ ਆਮਦਨ 6 ਲੱਖ ਰੁਪਏ ਤੋਂ ਵੱਧ ਨਹੀਂ ਹੈ।। ਇਸ ਲਈ ਅਰਜ਼ੀਆਂ ਦੇਣ ਦੀ ਅੰਤਿਮ ਮਿਤੀ ਵੀ 31 ਅਕਤੂਬਰ , 2018 ਹੈ।। ਇਹ ਸਕੀਮ ਇਨਸਟੀਟਿਊਸ਼ਨ ਆਫ਼ ਐਕਸੀਲੈਂਸ ਵਿੱਚ ਗਰੈਜੂਏਟ/ਪੋਸਟ ਗਰੈਜੂਏਟ ਡਿਗਰੀ/ਡਿਪਲੋਮਾ ਕੋਰਸ ਕਰਨ ਵਾਲੇ ਵਿਦਿਆਰਥੀਆਂ 'ਤੇ ਲਾਗੂ ਹੋਵੇਗੀ।