• Home
  • ਕੈਪਟਨ ਵੱਲੋਂ ਸੁਖਬੀਰ ਤੇ ਹਰਸਿਮਰਤ ਦੇ ਹਲਕਿਆਂ ਵਿੱਚ ਧਾਵਾ – ਫਿਰਕੂ ਲੀਹ ’ਤੇ ਸੂਬੇ ਨੂੰ ਵੰਡਣ ਦੀ ਕੋਸ਼ਿਸ਼ ਕਰਨ ਵਾਲੇ ਬਾਦਲਾਂ ਨੂੰ ਪਾਠ ਪੜਾਉਣ ਲਈ ਲੋਕਾਂ ਨੂੰ ਅਪੀਲ

ਕੈਪਟਨ ਵੱਲੋਂ ਸੁਖਬੀਰ ਤੇ ਹਰਸਿਮਰਤ ਦੇ ਹਲਕਿਆਂ ਵਿੱਚ ਧਾਵਾ – ਫਿਰਕੂ ਲੀਹ ’ਤੇ ਸੂਬੇ ਨੂੰ ਵੰਡਣ ਦੀ ਕੋਸ਼ਿਸ਼ ਕਰਨ ਵਾਲੇ ਬਾਦਲਾਂ ਨੂੰ ਪਾਠ ਪੜਾਉਣ ਲਈ ਲੋਕਾਂ ਨੂੰ ਅਪੀਲ

ਫਾਜ਼ਿਲਕਾ/ਭੁੱਚੋ, 7 ਮਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਅਤੇ ਹਰਸਿਮਰਤ ਬਾਦਲ ਦੇ ਹਲਕਿਆਂ ਵਿੱਚ ਧਾਵਾ ਬੋਲ ਕੇ ਉਨਾਂ ਦੇ ਘੁਮੰਡ ਨੂੰ ਬੁਰੀ ਤਰਾਂ ਉਧੇੜ ਕੇ ਰੱਖ ਦਿੱਤਾ ਅਤੇ ਇਸ ਭਿ੍ਰਸ਼ਟ ਅਤੇ ਸੱਤਾ ਦੇ ਭੁੱਖੇ ਜੋੜੇ ’ਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਸੂਬੇ ਨੂੰ ਫਿਰਕੂ ਆਧਾਰ ’ਤੇ ਵੰਡਣ ਦੀ ਬਾਦਲਾਂ ਦੀ ਕੋਸ਼ਿਸ਼ ਦੇ ਲਈ ਇਨਾਂ ਚੋਣਾਂ ਵਿੱਚ ਉਨਾਂ ਨੂੰ ਨਾ ਭੁੱਲਣ ਵਾਲਾ ਪਾਠ ਪੜਾਏ ਜਾਣ ਦੀ ਜ਼ਰੂਰਤ ਹੈ।  ਸੁਖਬੀਰ ਦੇ ਫ਼ਿਰੋਜ਼ਪੁਰ ਅਤੇ ਹਰਸਿਮਰਤ ਦੇ ਬਠਿੰਡਾ ਹਲਕਿਆਂ ਵਿੱਚ ਪ੍ਰਭਾਵੀ ਚੋਣ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੌੜੇ ਹਿੱਤਾਂ ਨੂੰ ਬੜਾਵਾ ਦੇਣ ਵਾਲੇ ਅਜਿਹੇ ਆਗੂਆਂ ਨੂੰ ਹਰਾਉਣ ਦਾ ਲੋਕਾਂ ਨੂੰ ਸੱਦਾ ਦਿੱਤਾ ਹੈ ਜੋ ਸੱਤਾ ਨੂੰ ਸੂਬੇ ਦੀ ਭਲਾਈ ਦੇ ਥਾਂ ਆਪਣੇ ਨਿੱਜੀ ਹਿੱਤਾਂ ਲਈ ਵਰਤਦੇ ਹਨ।

ਭੁੱਚੋ ਵਿੱਖੇ ਮੁੱਖ ਮੰਤਰੀ ਦੇ ਨਾਲ ਉਨਾਂ ਦੇ ਕੈਬਨਿਟ ਸਾਥੀ ਮਨਪ੍ਰੀਤ ਬਾਦਲ ਅਤੇ ਸੀਨੀਅਰ ਕਾਂਗਰਸੀ ਆਗੂ ਅਤੇ ਰਾਜਸਥਾਨ ਦੇ ਮੰਤਰੀ ਹਰੀਸ਼ ਚੌਧਰੀ ਵੀ ਹਾਜ਼ਰ ਸਨ।  ਬਾਦਲਾਂ ਵਿਰੁੱਧ ਚੋਣ ਮੈਦਾਨ ਵਿੱਚ ਨਿੱਤਰੇ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਅਤੇ ਅਮਰਿੰਦਰ ਸਿੰਘ ਰਾਜ ਵੜਿੰਗ ਨੂੰ ਵੋਟਾਂ ਪਾਉਣ ਦੀ ਲੋਕਾਂ ਨੂੰ ਅਪੀਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਬਾਦਲਾਂ ਨੇ ਆਪਣੇ ਕਾਲ ਦੌਰਾਨ ਪੰਜਾਬ ਦੇ ਲੋਕਾਂ ਦੀ ਲਾਗਤ ’ਤੇ ਆਪਣੇ ਹੋਟਲ ਅਤੇ ਜਾਇਦਾਦਾਂ ਬਣਾਈਆਂ ਹਨ। ਹੁਣ ਉਨਾਂ ਦੇ ਕੰਨਾਂ ਵਿੱਚ ਇਹ ਗੱਲ ਵੀ ਪਈ ਹੈ ਕਿ ਅਕਾਲੀ ਆਗੂ ਕਾਂਗਰਸ ਨੂੰ ਵੋਟਾਂ ਪਾਉਣ ਵਿਰੁੱਧ ਲੋਕਾਂ ਨੂੰ ਧਮਕੀਆਂ ਦੇ ਰਹੇ ਹਨ। ਮੁੱਖ ਮੰਤਰੀ ਨੇ ਲੋਕਾਂ ਨੂੰ ਸੰਕਟ ਪੈਦਾ ਕਰਨ ਵਾਲੇ ਅਕਾਲੀਆਂ ਦਾ ਨਾਂ ਦੱਸਣ ਲਈ ਆਖਿਆ। ਉਨਾਂ ਜੋਸ਼ ਭਰੀ ਆਵਾਜ਼ ਵਿੱਚ ਕਿਹਾ ਕਿ ਮੈਂ ਜਾਣਦਾ ਹਾਂ ਕਿ ਉਨਾਂ ਨੂੰ ਕਿਸ ਤਰਾਂ ਠੀਕ ਕਰਨਾ ਹੈ ਅਤੇ ਮੈਂ ਇਹ ਵੀ ਜਾਣਦਾ ਹਾਂ ਕਿ ਬਾਦਲਾਂ ਨੂੰ ਉਨਾਂ ਦੀ ਬਣਦੀ ਥਾਂ ’ਤੇ ਕਿਸ ਤਰਾਂ ਰੱਖਣਾ ਹੈ।  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵਰਗੇ ਹੋਰ ਅਕਾਲੀ ਇਹ ਸੋਚਦੇ ਹਨ ਕਿ ਉਹ ਲੋਕਾਂ ਨੂੰ ਡਰਾ ਧਮਕਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਵਾ ਸਕਦੇ ਹਨ ਤਾਂ ਉਹ ਗਲਤੀ ਕਰ ਰਹੇ ਹਨ। ਉਨਾਂ ਕਿਹਾ ਕਿ ਜਮਹੂਰੀਅਤ ਵਿੱਚ ਡੋਲਿਆਂ ਦਾ ਜ਼ੋਰ ਅਤੇ ਧੱਕਾਜ਼ੋਰੀ ਨਹੀਂ ਚੱਲਦੀ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅਕਾਲੀਆਂ ਨੂੰ ਇਨਾਂ ਚੋਣਾਂ ਵਿੱਚ ਪੂਰਾ ਸਬਕ ਪੜਾ ਦਿੱਤਾ ਜਾਵੇਗਾ।  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨਾਂ ਦਾਅਪੇਚਾਂ ਤੋਂ ਲਗਦਾ ਹੈ ਕਿ ਬਾਦਲ ਆਪਣੀ ਵੱਟ ’ਤੇ ਪਈ ਹਾਰ ਨੂੰ ਦੇਖ ਕੇ ਡਰ ਗਏ ਹਨ ਅਤੇ ਬਾਦਲਾਂ ਨੂੰ ਪਤਾ ਹੈ ਕਿ ਉਨਾਂ ਨੂੰ ਆਪਣੇ ਕੀਤੇ ਦਾ ਪਰਿਨਾਮ ਭੁਗਤਨਾ ਪਵੇਗਾ। ਉਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ, ਗੀਤਾ, ਬਾਈਬਲ ਅਤੇ ਕੁਰਾਨ ਵਰਗੇ ਪਵਿੱਤਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਕਿਸੇ ਨੂੰ ਵੀ ਸਜਾ ਤੋਂ ਭੱਜਣ ਨਹੀਂ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਬੁਰੇ ਦੌਰ ਵਿੱਚੋਂ ਦੀ ਲੰਘਿਆ ਹੈ ਅਤੇ ਬਾਦਲਾਂ ਨੇ ਆਪਣੇ ਫੁੱਟ ਪਾਊ ਏਜੰਡੇ ਨੂੰ ਬੁਰੀ ਤਰਾਂ ਅੱਗੇ ਵਧਾਇਆ ਹੈ। ਉਨਾਂ ਨੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀ ਆਗਿਆ ਦੇ ਕੇ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ।   ਮੁੱਖ ਮੰਤਰੀ ਨੇ ਕਿਹਾ ਕਿ ਬੇਅਦਬੀ ਦੇ ਕੇਸਾਂ ਦੀ ਜਾਂਚ ਦਾ ਕੰਮ ਸਿਰੇ ਲਾਉਣ ਲਈ ਚੋਣਾਂ ਤੋਂ ਬਾਅਦ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਵਾਪਸ ਐਸ.ਆਈ.ਟੀ. ਵਿੱਚ ਆ ਜਾਵੇਗਾ। ਉਨਾਂ ਕਿਹਾ ਕਿ ਅਕਾਲੀ ਆਪਣੇ ਆਪ ਨੂੰ 2-3 ਹਫਤੇ ਬਚਾ ਕੇ ਰੱਖ ਸਕਦੇ ਹਨ, ਇਸ ਤੋਂ ਜਿਆਦਾ ਸਮਾਂ ਨਹੀਂ।  ਮੁੱਖ ਮੰਤਰੀ ਨੇ ਕਿਹਾ ਕਿ ਬਾਦਲਾਂ ਨੇ ਪੰਜਾਬ ਨੂੰ ਵੰਡਣ ਦੀ ਕੋਸ਼ਿਸ਼ ਵਜੋਂ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਦਿੱਤੀਆਂ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੇਸ਼ ਦੀਆਂ ਧਰਮ ਨਿਰਪੱਖ ਤੰਦਾਂ ਨੂੰ ਢਾਹ ਲਾਈ। ਭਾਰਤੀ ਜਨਤਾ ਪਾਰਟੀ ਅਤੇ ਉਸ ਦੇ ਭਾਈਵਾਲ ਧਾਰਮਿਕ ਲੀਹ ਤੇ ਭਾਰਤ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਜਦਕਿ ਕਾਂਗਰਸ ਸਾਰੇ ਧਰਮਾਂ ਦੀ ਬਰਾਬਰਤਾ ਦੇ ਆਪਣੇ ਸਟੈਂਡ ’ਤੇ ਖੜੀ ਹੈ। ਉਨਾਂ ਕਿਹਾ ਕਿ ਏਕਤਾ ਹੀ ਭਾਰਤ ਦੀ ਸ਼ਕਤੀ ਹੈ ਜਿਸ ਨੂੰ ਬੀ.ਜੇ.ਪੀ., ਅਕਾਲੀ ਅਤੇ ਇਨਾਂ ਦੇ ਹੋਰ ਭਾਈਵਾਲ ਤਬਾਹ ਕਰਨ ’ਤੇ ਤੁਲੇ ਹੋਏ ਹਨ।  ਅਕਾਲ ਤਖਤ ਅਤੇ ਐਸ.ਜੀ.ਪੀ.ਸੀ. ਦੀ ਆਪਣੇ ਹਿੱਤਾਂ ਲਈ ਵਰਤੋਂ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਤਿੱਖੀ ਆਲੋਚਨਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਐਸ.ਜੀ.ਪੀ.ਸੀ. ਚੋਣਾਂ ਨਹੀਂ ਲੜਦੀ ਪਰ ਉਹ ਵਿਅਕਤੀਗਤ ਤੌਰ ’ਤੇ ਉਸ ਨੂੰ ਸਮਰਥਨ ਦੇਣਗੇ ਜੋ ਸਿੱਖ ਧਾਰਮਿਕ ਸੰਸਥਾਵਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਜਕੜ ਵਿੱਚੋਂ ਮੁਕਤ ਕਰਾ ਸਕਦੇ ਹਨ। ਐਸ.ਜੀ.ਪੀ.ਸੀ. ਚੋਣਾਂ ਲੰਮੇ ਸਮੇਂ ਤੋਂ ਹੋਣੀਆਂ ਬਾਕੀ ਹਨ ਪਰ ਸ਼੍ਰੋਮਣੀ ਅਕਾਲੀ ਦਲ ਦੇ ਕਹਿਣ ’ਤੇ ਬੀ.ਜੇ.ਪੀ. ਇਨਾਂ ਨੂੰ ਕਰਾਉਣ ਤੋਂ ਰੋਕਦੀ ਆਈ ਹੈ। ਇਨਾਂ ਨੂੰ ਕਰਾਉਣਾ ਪਾਰਲੀਮੈਂਟ ਦੇ ਅਧਿਕਾਰ ਖੇਤਰ ਵਿੱਚ ਹੈ ਜਿੱਥੇ ਉਹ ਬਹੁਮਤ ਵਿੱਚ ਹਨ।  ਮੁੱਖ ਮੰਤਰੀ ਨੇ ਕਿਹਾ ਕਿ ਰਾਸ਼ਟਰਵਾਦ ਪੂਰੀ ਤਰਾਂ ਧਰਮ ਨਿਰਪੱਖ ਹੈ। ਹਥਿਆਰਬੰਦ ਫੌਜਾਂ ਦੀ ਸਫ਼ਲਤਾ ਨੂੰ ਆਪਣੇ ਸਿਰ ਬੰਨਣ ਦੀਆਂ ਮੋਦੀ ਦੀਆਂ ਨਿਰਾਸ਼ਾਜਨਕ ਕੋਸ਼ਿਸ਼ਾਂ ਰਾਸ਼ਟਰਵਾਦ ਨਹੀਂ ਹੈ। ਉਨਾਂ ਨੇ ਪ੍ਰਧਾਨ ਮੰਤਰੀ ਦੇ ਉੱਚ ਅਹੁਦੇ ਦੀ ਮਰਿਯਾਦਾ ਨੂੰ ਘਟਾਉਣ ਲਈ ਮੋਦੀ ਦੀ ਤਿੱਖੀ ਆਲੋਚਨਾ ਕੀਤੀ। ਉਨਾਂ ਕਿਹਾ ਕਿ ਇੰਦਰਾ ਗਾਂਧੀ ਨੇ ਪਾਕਿਸਤਾਨ ਦੀ ਵੰਡ ਕੀਤੀ ਪਰ ਉਸ ਨੇ ਕਦੀ ਵੀ ਇਸ ਦਾ ਸਿਹਰਾ ਆਪਣੇ ਸਿਰ ਨਹੀਂ ਲਿਆ ਜਦਕਿ ਮੋਦੀ ਹਥਿਆਰਬੰਦ ਫੌਜਾਂ ਦੇ ਕਾਰਜਾਂ ਦਾ ਸਿਹਰਾ ਆਪਣੇ ਸਿਰ ਬੰਨ ਰਿਹਾ ਹੈ। ਉਨਾਂ ਕਿਹਾ ਕਿ ਕਿਸੇ ਵੀ ਪ੍ਰਧਾਨ ਮੰਤਰੀ ਨੇ ਇਸ ਤਰਾਂ ਦਾ ਸ਼ਰਮਨਾਕ ਵਿਵਹਾਰ ਨਹੀਂ ਕੀਤਾ।  ਰਾਜੀਵ ਗਾਂਧੀ ’ਤੇ ਟਿੱਪਣੀ ਕਰਨ ਵਾਸਤੇ ਮੋਦੀ ਦੀ ਤਿੱਖੀ ਆਲੋਚਨਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਿੱਚ ਕੋਈ ਵੀ ਸ਼ਲੀਨਤਾ ਨਹੀਂ ਹੈ। ਉਸ ਨੇ ਉਸ ਆਦਮੀ ਨੂੰ ਵੀ ਨਹੀਂ ਬਖ਼ਸ਼ਿਆ ਜੋ ਇਸ ਦੁਨੀਆ ਵਿੱਚ ਨਹੀਂ ਹੈ ਅਤੇ ਆਪਣਾ ਪੱਖ ਪੇਸ਼ ਨਹੀਂ ਕਰ ਸਕਦਾ। ਉਨਾਂ ਕਿਹਾ ਕਿ ਇਹ ਭਾਰਤ ਦੀਆਂ ਰਿਵਾਇਤੀ ਕਦਰਾਂ ਕੀਮਤਾਂ ਅਤੇ ਨੈਤਿਕਤਾ ਦੇ ਵਿਰੁੱਧ ਹੈ।  ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਨੂੰ ਆਪਣੇ ਮੂੰਹੋ ਮਿਆਂਮਿੱਠੂ ਬਨਣ ’ਚ ਲਿਪਤ ਹੋਣ ਦੀ ਥਾਂ ਲੋਕਾਂ ਦੀਆਂ ਸਮੱਸਿਆਵਾਂ ਖਾਸਕਰ ਕਿਸਾਨਾਂ ਤੇ ਨੌਜਵਾਨਾਂ ਦੀਆਂ ਸਮੱਸਿਆਵਾਂ ਬਾਰੇ ਸੋਚਣਾ ਚਾਹੀਦਾ ਹੈ। ਉਨਾਂ ਕਿਹਾ ਕਿ ਮੋਦੀ ਦੇ ਝੂਠੇ ਵਾਅਦੇ ਪੂਰੀ ਤਰਾਂ ਨੰਗੇ ਹੋ ਗਏ ਹਨ। ਉਨਾਂ ਨੇ ਪ੍ਰਧਾਨ ਮੰਤਰੀ ਦੇ ਹਰੇਕ ਦੇ ਖਾਤੇ ਵਿੱਚ 15 ਲੱਖ ਰੁਪਏ ਆਉਣ ਵਾਲੇ ਵਾਅਦੇ ਦਾ ਵੀ ਜ਼ਿਕਰ ਕੀਤਾ। ਉਨਾਂ ਕਿਹਾ ਕਿ ਰਾਹੁਲ ਗਾਂਧੀ ਨੇ ਪੂਰੀ ਤਰਾਂ ਤਰਕਮਈ ਵਾਅਦਾ ਕੀਤਾ ਹੈ ਅਤੇ ਗਰੀਬਾਂ ਨੂੰ ਸਾਲਾਨਾ 72 ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਇਸ ਨੰੂ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਦਾ ਹਿੱਸਾ ਬਣਾਇਆ ਹੈ।  ਮੁੱਖ ਮੰਤਰੀ ਨੇ ਕਿਹਾ ਕਿ ਉਹ ਜਦੋਂ ਵੀ ਪ੍ਰਧਾਨ ਮੰਤਰੀ ਨੂੰ ਮਿਲੇ ਹਨ ਤਾਂ ਉਨਾਂ ਨੇ ਹਰ ਵਾਰ ਪੰਜਾਬ ਦੀਆਂ ਚਿੰਤਾਵਾਂ ਨੂੰ ਸੰਬੋਧਿਤ ਹੋਣ ਦਾ ਵਾਅਦਾ ਕੀਤਾ ਹੈ ਪਰ ਅਜੇ ਤੱਕ ਕੁਝ ਵੀ ਨਹੀਂ ਕੀਤਾ। ਇਸ ਦੇ ਉਲਟ ਕਾਂਗਰਸ ਨੇ ਆਪਣੇ ਦੋ ਸਾਲ ਦੇ ਸ਼ਾਸਨ ਦੌਰਾਨ ਅਨੇਕਾਂ ਵਾਅਦੇ ਪੂਰੇ ਕਰ ਦਿੱਤੇ ਹਨ ਅਤੇ ਬਾਕੀ ਰਹਿੰਦੇ ਵਾਅਦੇ ਅਗਲੇ ਤਿੰਨ ਸਾਲਾਂ ਵਿੱਚ ਪੂਰੇ ਕਰ  ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਪੰਜਾਬ ਦੇ ਬੱਚਿਆਂ ਨੂੰ ਬਚਾਉਣ ਲਈ ਨਸ਼ਾ ਮਾਫੀਏ ਦਾ ਲੱਕ ਤੋੜਣ ਦਾ ਵਾਅਦਾ ਕੀਤਾ ਸੀ ਜਿਸ ਨੂੰ ਪੂਰਾ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਜਿਹੜੇ ਲੋਕ ਪੰਜਾਬ ਦੇ ਨੌਜਵਾਨਾਂ ਨੂੰ ਤਬਾਹ ਕਰਨ ਦੇ ਦੋਸ਼ੀ ਹਨ ਉਨਾਂ ਨੂੰ ਇਸ ਦਾ ਹਿਸਾਬ ਦੇਣਾ ਪਵੇਗਾ।  ਉਨਾਂ ਕਿਹਾ ਕਿ ਇਨਾਂ ਚੋਣਾਂ ਵਿੱਚ ਸਾਡੇ ਬੱਚਿਆਂ ਦੇ ਭਵਿੱਖ ਅਤੇ ਦੇਸ਼ ਨੂੰ ਬਚਾਉਣ ਦਾ ਟੀਚਾ ਹੈ ਜਿਸ ਕਰਕੇ ਕਾਂਗਰਸ ਨੂੰ ਲੋਕਾਂ ਦੇ ਸਮਰਥਨ ਦੀ ਜ਼ਰੂਰਤ ਹੈ ਤਾਂ ਜੋ ਉਪਰੋਕਤ ਟੀਚੇ ਨੂੰ ਯਕੀਨੀ ਬਣਾਇਆ ਜਾ ਸਕੇ।