• Home
  • ਅਕਾਲੀ ਦਲ ਤੇ ਸਿੱਖ ਜਥੇਬੰਦੀਆਂ ‘ਚ ਫਿਰ ਹੋ ਸਕਦੈ ਟਕਰਾਅ

ਅਕਾਲੀ ਦਲ ਤੇ ਸਿੱਖ ਜਥੇਬੰਦੀਆਂ ‘ਚ ਫਿਰ ਹੋ ਸਕਦੈ ਟਕਰਾਅ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਬੇਅਦਬੀ ਦੀਆਂ ਘਟਨਾਵਾਂ ਕਾਰਨ ਲੋਕਾਂ ਵਿਚ ਅਕਾਲੀ ਦਲ ਪ੍ਰਤੀ ਕਾਫ਼ੀ ਗੁਸਾ ਪਾਇਆ ਜਾ ਰਿਹਾ ਹੈ। ਪਿਛਲੇ ਦਿਨੀਂ ਜਦੋਂ ਫ਼ਰੀਦਕੋਟ ਵਿਖੇ ਅਕਾਲੀ ਦਲ ਦੀ ਮੀਟਿੰਗ 'ਚ ਹਿੱਸਾ ਲੈਣ ਲਈ ਸੁਖਬੀਰ ਬਾਦਲ ਗਏ ਸਨ ਤਾਂ ਸਿੱਖ ਜਥੇਬੰਦੀਆਂ ਨੇ ਉਨਾਂ ਦਾ ਭਾਰੀ ਵਿਰੋਧ ਕੀਤਾ ਸੀ ਅਤੇ ਉਨਾਂ ਨੂੰ ਕਾਲੀਆਂ ਝੰਡੀਆਂ ਵੀ ਦਿਖਾਈਆਂ ਸਨ। ਇਸ ਸਮੇਂ ਅਕਾਲੀ ਵਰਕਰਾਂ ਤੇ ਸਿੱਖ ਜਥੇਬੰਦੀਆਂ ਵਿਚਕਾਰ ਤਿੱਖੀ ਝੜਪ ਵੀ ਹੋਈ ਸੀ। ਹੁਣ ਖ਼ਬਰ ਇਹ ਹੈ ਕਿ ਅਕਾਲੀ ਦਲ ਨੇ 15 ਸਤੰਬਰ ਨੂੰ ਕੋਟਕਪੂਰਾ ਵਿਖੇ ਰੈਲੀ ਰੱਖੀ ਹੈ। ਇਸ ਬਾਰੇ ਸਿੱਖ ਜਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਇਸ ਰੈਲੀ ਨੂੰ ਰੋਕਿਆ ਜਾਵੇ ਕਿਉਂਕਿ ਇਸ ਰੈਲੀ ਕਾਰਨ ਮਾਹੌਲ ਖ਼ਰਾਬ ਹੋ ਸਕਦਾ ਹੈ। ਅੱਜ ਇਸ ਮਸਲੇ ਨੂੰ ਲੈ ਕੇ ਇਨਸਾਫ਼ ਮੋਰਚੇ 'ਚ ਸ਼ਾਮਲ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਐਸਐਸਪੀ ਨੂੰ ਮਿਲੇ ਤੇ ਮੰਗ ਕੀਤੀ ਕਿ ਅਕਾਲੀ ਦਲ ਦੀ ਰੈਲੀ ਨੂੰ ਤੁਰਤ ਰੱਦ ਕੀਤਾ ਜਾਵੇ। ਦਸ ਦਈਏ ਕਿ ਗੋਲੀਕਾਂਡ ਦੀ ਘਟਨਾ ਕੋਟਕਪੂਰਾ ਵਿਖੇ ਹੀ ਹੋਈ ਸੀ ਤੇ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਪੁਲਿਸ ਮੁਖੀ 'ਤੇ ਦੋਸ਼ ਲੱਗ ਰਹੇ ਹਨ ਕਿ ਗੋਲੀਕਾਂਡ ਦੀ ਘਟਨਾ ਪਿਛੇ ਇਨਾਂ ਦੋਹਾਂ ਦਾ ਹੱਥ ਸੀ। ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਸ ਟਕਰਾਅ ਨੂੰ ਕਿਵੇਂ ਟਾਲਦਾ ਹੈ।