• Home
  • ਕੈਪਟਨ ਨੂੰ ਮੁਫ਼ਤ ਸਲਾਹ :- ਪੜ੍ਹੋ ਨਰੋਆ ਪੰਜਾਬ ਸੰਸਥਾ ਨੇ ਵਾਤਾਵਰਨ ਬਚਾਉਣ ਲਈ ਮੁੱਖ ਮੰਤਰੀ ਨੂੰ ਕੀ ਨੁਕਤਾ ਦਿੱਤਾ?

ਕੈਪਟਨ ਨੂੰ ਮੁਫ਼ਤ ਸਲਾਹ :- ਪੜ੍ਹੋ ਨਰੋਆ ਪੰਜਾਬ ਸੰਸਥਾ ਨੇ ਵਾਤਾਵਰਨ ਬਚਾਉਣ ਲਈ ਮੁੱਖ ਮੰਤਰੀ ਨੂੰ ਕੀ ਨੁਕਤਾ ਦਿੱਤਾ?

ਮੁਫਤ ਬਿਜਲੀ ਲੈਣ ਵਾਲਿਆਂ ਲਈ ਬੂਟੇ ਲਾਓਣੇ ਲਾਜ਼ਮੀ ਕਰੇ ਸਰਕਾਰ
ਪੰਜਾਬ ਦੇ ਪ੍ਰਦੂਸ਼ਤ ਹੋ ਰਹੇ ਵਾਤਾਵਰਣ ਨੂੰ ਬਚਾਓਣ ਦਾ ਹੰਭਲਾ ਮਾਰਨ ਲਈ ਯਤਨਸ਼ੀਲ 'ਨਰੋਆ ਪੰਜਾਬ ਮੰਚ' ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਸਮੂਹ ਕਿਸਾਨ ਜਿਨ੍ਹਾਂ ਨੂੰ ਕਿ ਸਬਸਿਡੀ ਦੇ ਤਹਿਤ ਪੰਜਾਬ ਸਰਕਾਰ ਮੁਫਤ ਬਿਜਲੀ ਦੀ ਸਹੂਲਤ ਦੇ ਰਹੀ ਹੈ ਵਾਸਤੇ ਇਹ ਲਾਜ਼ਮੀ ਕੀਤਾ ਜਾਵੇ ਕਿ ਮੁਫਤ ਬਿਜਲੀ ਦੀ ਸਹੂਲਤ ਲੈਣ ਵਾਲਾ ਹਰ ਕਿਸਾਨ ਲਾਜ਼ਮੀ ਤੌਰ ਤੇ ਆਪਣੇ ਖੇਤ ਵਿਚ 10 ਬੂਟੇ ਲਗਾਵੇ।
ਨਰੋਆ ਪੰਜਾਬ ਮੰਚ ਦੇ ਕਨਵੀਨਰ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਇਹ ਬੂਟੇ ਇਸੇ ਸਾਲ ਤੋਂ ਲਾਓਣੇ ਲਾਜ਼ਮੀ ਕਰਾਰ ਕਰੇ ਓਥੇ ਇਹ ਵੀ ਲਾਜ਼ਮੀ ਕਰੇ ਕਿ ਗਿਰਦਾਵਰੀ ਵਿਚ ਪਟਵਾਰੀ ਇਨਾਂ ਬੂਟਿਆਂ ਸਬੰਧੀ ਦੱਸੇਗਾ ਕਿ ਇਹ ਕਿਹੋ ਜਿਹੀ ਹਾਲਤ ਵਿਚ ਹਨ ਅਤੇ ਕਿੰਨੇ ਵੱਡੇ ਹੋ ਰਹੇ ਹਨ।
ਇਸੇ ਮੰਚ ਦੇ ਮੈਂਬਰ ਡਾਕਟਰ ਅਮਰ ਸਿੰਘ ਅਜ਼ਾਦ ਦਾ ਕਹਿਣਾ ਹੈ ਕਿ ਕਿਸੇ ਸਮੇਂ ਪੰਜਾਬ ਦੇ ਖੇਤ ਤੇ ਖੇਤਾਂ ਵਿੱਚਲੀਆਂ ਮੋਟਰਾਂ ਦੇ ਕੋਠਿਆਂ ਦੁਆਲੇ ਭਰਪੂਰ ਹਰਿਆਲੀ ਹੁੰਦੀ ਸੀ ਪਰ ਅੱਜ ਇਹ ਸਾਰੀ ਹਰਿਆਲੀ ਕਿਸਾਨਾਂ ਨੇ ਖੁਦ ਹੀ ਖਤਮ ਕਰ ਲਈ ਹੈ।
ਸੰਗਰੂਰ ਤੋਂ ਸਮਾਜ ਸੇਵੀ ਤੇ ਨਰੋਆ ਪੰਜਾਬ ਮੰਚ ਦੇ ਮੈਂਬਰ ਡਾਕਟਰ ਏ.ਐਸ. ਮਾਨ ਸਮਝਦੇ ਹਨ ਕਿ ਪੰਜਾਬ ਵਾਲਿਆਂ ਨੂੰ ਰੁੱਖ ਲਾਓਣ ਲਈ ਸਿਰਫ ਸਰਕਾਰਾਂ ਦੇ ਮੂੰਹ ਵੱਲ ਨਹੀਂ ਵੇਖਣਾ ਚਾਹੀਦਾ ਸਗੋਂ ਹਰ ਇਕ ਨੂੰ ਆਪਣਾ ਫਰਜ਼ ਸਮਝਕੇ ਇਸ ਲਈ ਤੁਰੰਤ ਜੰਗੀ ਪੱਧਰ ਤੇ ਯਤਨ ਅਰੰਭਣੇ ਚਾਹੀਦੇ ਹਨ।
ਨਰੋਆ ਪੰਜਾਬ ਮੰਚ ਨਾਲ ਜੁੜੇ ਬਲਤੇਜ ਪਨੂੰ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਸਰਕਾਰ ਮੁਫਤ ਬਿਜਲੀ ਦੀ ਸਹੂਲਤ ਲੈਣ ਵਾਲੇ ਕਿਸਾਨਾਂ ਨੂੰ ਸਖਤੀ ਨਾਲ ਇਸੇ ਸਾਲ ਤੋਂ 10 ਬੂਟੇ ਹਰ ਕਿਸਾਨ ਨੂੰ ਲਾਉਣ ਦੀ ਤੁਰੰਤ ਹਦਾਇਤ ਨਹੀਂ ਜਾਰੀ ਕਰਦੀ ਤਾਂ ਨਰੋਆ ਪੰਜਾਬ ਮੰਚ ਇਸ ਮਾਮਲੇ ਪੰਜਾਬ ਹਰਿਆਣਾ ਹਾਈ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੋਲ ਲੈ ਕੇ ਜਾਵੇਗਾ। ਬਲਤੇਜ ਪਨੂੰ ਹੁਰਾਂ ਨੇ ਦੱਸਿਆ ਕਿ ਇਸ ਸਬੰਧੀ ਮੰਚ ਦੇ ਮੈਂਬਰ ਐਡਵੋਕੇਟ ਹਾਕਮ ਸਿੰਘ ਇਸ ਦੇ ਕਾਨੂੰਨੀ ਪੱਖਾਂ ਤੇ ਕੰਮ ਕਰ ਰਹੇ ਹਨ।
ਨਰੋਆ ਪੰਜਾਬ ਮੰਚ ਦੇ ਮੈਂਬਰ ਡਾਕਟਰ ਲੂੰਬਾ ਜੀ ਦਾ ਕਹਿਣਾ ਹੈ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਦਿਨੋ ਦਿਨ ਹੇਠਾਂ ਜਾਣ ਦਾ ਵੱਡਾ ਕਾਰਨ ਪੰਜਾਬ ਦੀ ਧਰਤੀ ਤੋਂ ਅੰਨ੍ਹੇਵਾਹ ਰੁੱਖਾਂ ਦਾ ਵੱਢੇ ਜਾਣਾ ਹੈ। ਡਾਕਟਰ ਲੂੰਬਾ ਨੇ ਕਿਹਾ ਕਿ ਵਿਕਾਸ ਤੇ ਸੜਕਾਂ ਬਨਾਓਣ ਦੇ ਨਾਮ ਹੇਠ ਪੰਜਾਬ ਦੇ ਜੰਗਲਾਤ ਦਾ ਕੀਤਾ ਗਿਆ ਉਜਾੜਾ ਅਸਲ ਵਿਚ ਕੁਦਰਤ ਦਾ ਉਜਾੜਾ ਹੈ ਅਤੇ ਰੁੱਖ ਵੱਢ ਕੇ ਹੋਰ ਰੁੱਖ ਲਾਓਣ ਦੀ ਜ਼ਿੰਮੇਵਾਰੀ ਕਿਸੇ ਨੇ ਨਿਭਾਈ ਹੀ ਨਹੀਂ।