• Home
  • ਪੰਜਾਬ ਨੂੰ ਯੁੱਧ ਨਹੀਂ ਵਿਕਾਸ ਚਾਹੀਦਾ ਹੈ -ਸੁਨੀਲ ਜਾਖੜ

ਪੰਜਾਬ ਨੂੰ ਯੁੱਧ ਨਹੀਂ ਵਿਕਾਸ ਚਾਹੀਦਾ ਹੈ -ਸੁਨੀਲ ਜਾਖੜ

ਝਬਕਾਰਾ, ਦੀਨਾਨਗਰ, 30 ਅਪ੍ਰੈਲ
ਪੰਜਾਬ ਪ੍ਰਦੇੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਉਮੀਦਵਾਰ ਸ੍ਰੀ ਸੁਨੀਲ ਜਾਖੜ ਨੇ ਅੱਜ ਦੀਨਾਨਗਰ ਵਿਧਾਨ ਸਭਾ ਹਲਕੇ ਅਧੀਨ ਵੱਖ ਵੱਖ ਥਾਂਵਾਂ ਤੇ ਚੋਣ ਪ੍ਰਚਾਰ ਕਰਦਿਆਂ ਆਖਿਆ ਕਿ ਪੰਜਾਬ ਨੂੰ ਯੁੱਧ ਨਹੀਂ ਬਲਕਿ ਵਿਕਾਸ ਚਾਹੀਦਾ ਹੈ ਜਦ ਕਿ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਦੀ ਲਗਾਤਾਰ ਇਹ ਕੋਸ਼ਿਸ ਚੱਲ ਰਹੀ ਹੈ ਕਿ ਪਾਕਿਸਤਾਨ ਨਾਲ ਹਾਲਾਤ ਖਰਾਬ ਕਰਕੇ ਦੇਸ਼ ਦੇ ਅਸਲ ਮੁੱਦਿਆਂ ਤੋਂ ਰਾਸ਼ਟਰ ਦੇ ਆਮ ਲੋਕਾਂ ਦਾ ਧਿਆਨ ਭੜਕਾ ਦਿੱਤਾ ਜਾਵੇ। ਉਨਾਂ ਨੇ ਕਿਹਾ ਕਿ ਕੀ ਯੁਧ ਵਰਗੇ ਹਾਲਤਾਂ ਵਿਚ ਸਰਹੱਦੀ ਖੇਤਰਾਂ ਦਾ ਵਿਕਾਸ ਤਾਂ ਕੀ ਹੋਣਾ ਹੈ ਸਗੋਂ ਸਾਡਾ ਤਾਂ ਉਜਾੜਾ ਹੋ ਜਾਵੇਗਾ। ਇਸ ਮੌਕੇ ਕੈਬਨਿਟ ਮੰਤਰੀ ਅਰੂਣਾ ਚੌਧਰੀ ਅਤੇ ਸਾਬਕਾ ਜ਼ਿਲਾ ਪ੍ਰਧਾਨ ਸ੍ਰੀ ਅਸੋਕ ਚੌਧਰੀ ਵੀ ਹਾਜਰ ਸਨ।
ਸ੍ਰੀ ਜਾਖੜ ਨੇ ਕਿਹਾ ਕਿ ਦੇਸ਼ ਨੂੰ ਸਮਰੱਥ ਸਰਕਾਰ ਚਾਹੀਦੀ ਹੈ ਜੋ ਦੇਸ਼ ਦੀ ਸੁਰੱਖਿਆ ਵੀ ਯਕੀਨੀ ਬਣਾਏ ਅਤੇ ਸਰਹੱਦਾਂ ਤੇ ਸਾਂਤੀ ਵੀ ਰਹੇ। ਉਨਾਂ ਨੇ ਕਿਹਾ ਕਿ ਇਸ ਲਈ ਕਾਂਗਰਸ ਦੇ ਹੱਕ ਵਿਚ ਦੇਸ਼ ਭਰ ਵਿਚ ਲਹਿਰ ਸ਼ੁਰੂ ਹੋ ਗਈ ਹੈ ਅਤੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਫਰਤ ਦੀ ਸਿਆਸਤ ਦਾ ਸੱਚ ਸਮਝ ਚੁੱਕੇ ਹਨ। ਸ੍ਰੀ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ ਕਿਉਂਕਿ ਜੰਮੂ ਕਸ਼ਮੀਰ ਵਿਚ ਸ਼ਹੀਦ ਹੋਏ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਉਨਾਂ ਦੇ ਘਰਾਂ ਵਿਚ ਭੇਜਣ ਦੀ ਬਜਾਏ ਪਹਿਲਾਂ ਪ੍ਰਧਾਨ ਮੰਤਰੀ ਨੇ ਆਪਣੀ ਫੋਟੋ ਕਰਵਾਉਣ ਲਈ ਦਿੱਲੀ ਮੰਗਵਾਈਆਂ ਜਦ ਕਿ ਉਨਾਂ ਦੇ ਵਾਰਸ ਘਰਾਂ ਵਿਚ ਆਪਣੇ ਲਾਲਾਂ ਨੂੰ ਉਡੀਕ ਰਹੇ ਸਨ।
ਇਸ ਮੌਕੇ ਸ੍ਰੀ ਜਾਖੜ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹਾ ਸਾਂਸਦ ਚੁਣਨ ਜਿਸ ਨੂੰ ਸਥਾਨਕ ਮੁਸਕਿਲਾਂ ਦੀ ਸਮਝ ਹੋਵੇ ਅਤੇ ਜੋ ਇੰਨਾਂ ਦਾ ਹੱਲ ਕਰਵਾ ਸਕਦਾ ਹੋਵੇ। ਸ੍ਰੀ ਜਾਖੜ ਨੇ ਦੱਸਿਆ ਕਿ ਉਨਾਂ ਨੇ ਆਪਣੇ 18 ਮਹੀਨਿਆਂ ਦੇ ਪਿੱਛਲੇ ਕਾਰਜਕਾਲ ਦੌਰਾਨ ਹਲਕੇ ਵਿਚ ਦੋ ਮੈਡੀਕਲ ਕਾਲਜ ਮੰਜੂਰ ਕਰਵਾਏ ਹਨ ਜਦ ਕਿ ਉਨਾਂ ਵੱਲੋਂ ਇਸ ਸਰਹੱਦੀ ਖੇਤਰ ਵਿਚ ਪੁਲਾਂ ਦੇ ਨਿਰਮਾਣ ਤੇ ਵੀ ਵਿਸ਼ੇਸ ਜੋਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਦੀਨਾਨਗਰ ਵਿਚ ਆਰਓਬੀ ਦੇ ਨਿਰਮਾਣ ਸ਼ੁਰੂ ਕਰਵਾਉਣ ਤੋਂ ਇਲਾਵਾ 10.39 ਕਰੋੜ ਰੁਪਏ ਨਾਲ ਦੀਨਾਨਗਰ ਮਿਰੱਥਲ ਰੋਡ ਤੇ ਦੋ ਹਾਈ ਲੈਵਲ ਪੁੱਲ ਬਣਾਏ ਜਾ ਰਹੇ ਹਨ ਜਿੰਨਾਂ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਇਸੇ ਤਰਾਂ ਦੀਨਾਨਗਰ ਤਾਰਾਗੜ ਰੋਡ ਤੇ 4.28 ਕਰੋੜ ਨਾਲ ਬਣਾਏ ਜਾਣ ਵਾਲੇ ਪੁਲ ਦੇ ਟੈਂਡਰ ਹੋ ਚੁੱਕੇ ਹਨ। ਹਲਕਾ ਦੀਨਾ ਨਗਰ ਵਿਚ 3.40 ਕਰੋੜ ਨਾਲ ਇਕ ਵੱਡਾ ਪੁੱਲ ਫਰੀਦਾ ਨਗਰ ਵਿਚ ਬਣਾਇਆ ਜਾਣਾ ਹੈ ਜਿਸ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਬਾਅਦ ਵਿਚ ਉਨਾਂ ਨੇ ਮਕੌੜਾ ਪੱਤਣ ਵੀ ਗਏ।