• Home
  • ਕੀ ਪ੍ਰਤਾਪ ਬਾਜਵਾ ਭਾਜਪਾ ਦੇ ਉਮੀਦਵਾਰ ?ਪੰਜਾਬ ਭਾਜਪਾ ਦੇ ਦਾਅਵੇਦਾਰਾਂ ‘ਚ ਕਾਂਗਰਸੀ ਐੱਮ ਪੀ ਬਾਜਵਾ,ਸੰਨੀ ਦਿਓਲ ਤੇ ਕ੍ਰਿਕਟਰ ਭੱਜੀ ਦੇ ਨਾਵਾਂ ਤੇ ਹੋਈ ਚਰਚਾ

ਕੀ ਪ੍ਰਤਾਪ ਬਾਜਵਾ ਭਾਜਪਾ ਦੇ ਉਮੀਦਵਾਰ ?ਪੰਜਾਬ ਭਾਜਪਾ ਦੇ ਦਾਅਵੇਦਾਰਾਂ ‘ਚ ਕਾਂਗਰਸੀ ਐੱਮ ਪੀ ਬਾਜਵਾ,ਸੰਨੀ ਦਿਓਲ ਤੇ ਕ੍ਰਿਕਟਰ ਭੱਜੀ ਦੇ ਨਾਵਾਂ ਤੇ ਹੋਈ ਚਰਚਾ

ਚੰਡੀਗੜ੍ਹ , 19 ਮਾਰਚ ( ਹਿੰਸ ): ਪੰਜਾਬ ਤੋਂ ਲੋਕ ਸਭਾ ਚੋਣਾਂ ਲਈ ਭਾਜਪਾ ਟਿਕਟ ਦੇ ਦਾਅਵੇਦਾਰਾਂ ਦੀ ਸੂਚੀ ਲੰਬੀ ਹੁੰਦੀ ਜਾ ਰਹੀ ਹੈ ।ਪੰਜਾਬ ਭਾਜਪਾ ਦੀ ਚੋਣ ਕਮੇਟੀ ਦੀ ਮੰਗਲਵਾਰ ਨੂੰ ਹੋਈ ਮੀਟਿੰਗ ਵਿੱਚ ਆਏ ਨਾਮਾਂ ' ਤੇ ਚਰਚਾ ਕੀਤੀ ਗਈ । ਅਕਾਲੀ ਦਲ ਨਾਲ ਗੱਠਜੋੜ ਦੇ ਚੱਲਦਿਆਂ ਪੰਜਾਬ ਦੀਆਂ 13  ਲੋਕ ਸਭਾ ਸੀਟਾਂ ਵਿੱਚ ਭਾਜਪਾ ਦੇ ਹਿੱਸੇ 3  ਅੰਮ੍ਰਿਤਸਰ,  ਗੁਰਦਾਸਪੁਰ ਅਤੇ ਹੁਸ਼ਿਆਰਪੁਰ ਸੀਟਾਂ ਹਨ।  ਤਿੰਨ ਸੀਟਾਂ ਲਈ ਪੰਜਾਬ ਭਾਜਪਾ ਵੱਲੋਂ ਪੈਨਲ ਬਣਾ ਕੇ ਪਾਰਟੀ ਹਾਈਕਮਾਨ ਨੂੰ ਭੇਜਿਆ ਜਾਵੇਗਾ ।ਟਿਕਟ ਦੇ ਦਾਅਵੇਦਾਰਾਂ ਵਿੱਚ ਦਿਲਚਸਪ ਨਾਮ ਹਨ।  ਗੁਰਦਾਸਪੁਰ ਲੋਕ ਸਭਾ ਲਈ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਟਿਕਟ ਦੇ ਦਾਅਵੇਦਾਰਾਂ ਵਿੱਚੋਂ ਇੱਕ ਹਨ ,ਜਦਕਿ ਅੰਮ੍ਰਿਤਸਰ ਲੋਕ ਸਭਾ ਤੋਂ ਕ੍ਰਿਕੇਟਰ ਹਰਭਜਨ ਭੱਜੀ,  ਫਿਲਮ ਸਟਾਰ ਸੰਨੀ ਦਿਓਲ ਅਤੇ  ਪੂਨਮ ਢਿੱਲੋਂ ਦੇ ਨਾਮ ਵੀ ਸ਼ਾਮਲ ਹਨ ।ਉਪਰੋਕਤ ਸਾਰੇ ਨਾਵਾਂ ' ਤੇ ਚਰਚਾ ਪਾਰਟੀ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਅਤੇ ਸੰਗਠਨ ਮੰਤਰੀ ਦਿਨੇਸ਼ ਕੁਮਾਰ ਦੀ ਰਹਿਨੁਮਾਈ ਹੇਠ ਹੋਈ ਮੀਟਿੰਗ ਵਿੱਚ ਕੀਤੀ ਗਈ ।

‌ਪੰਜਾਬ ਵਿੱਚ ਫਿਲਹਾਲ ਭਾਜਪਾ ਦੇ ਹਿੱਸੇ ਦੀਆਂ ਤਿੰਨ ਸੀਟਾਂ ਚੋਂ ਇੱਕ , ਹੁਸ਼ਿਆਰਪੁਰ ਤੋਂ ਹੀ ਪਾਰਟੀ ਦੇ ਲੋਕ ਸਭਾ ਮੈਂਬਰ ਵਿਜੇ ਸਾਂਪਲਾ ਹਨ ।ਗੁਰਦਾਸਪੁਰ ਤੋਂ ਵਿਨੋਦ ਖੰਨਾ ਮੈਂਬਰ ਸਨ,  ਪਰ ਉਨ੍ਹਾਂ ਦੀ ਅਚਾਨਕ ਮੌਤ ਤੋਂ ਬਾਅਦ ਹੋਈਆਂ ਉਪ-ਚੋਣਾਂ ਵਿਚ ਕਾਂਗਰਸ ਦੇ ਸੁਨੀਲ ਜਾਖੜ ਗੁਰਦਾਸਪੁਰ ਤੋਂ ਚੋਣ ਜਿੱਤੇ ਸਨ ।ਪੰਜਾਬ ਵਿੱਚ ਭਾਜਪਾ ਦੀਆਂ ਤਿੰਨ ਲੋਕ ਸਭਾ ਸੀਟਾਂ ਲਈ ਦਾਅਵੇਦਾਰਾਂ ਦੀ ਗਿਣਤੀ ਵੀ ਵਧ ਰਹੀ ਹੈ , ਪਰ ਪਾਰਟੀ ਦੀ ਮੀਟਿੰਗ ਵਿੱਚ ਉਨ੍ਹਾਂ ਸਾਰੇ ਨਾਮਾਂ 'ਤੇ ਵਿਚਾਰ ਨਹੀਂ ਕੀਤਾ ਗਿਆ ।ਜਿਨ੍ਹਾਂ ਨਾਮਾਂ 'ਤੇ ਵਿਚਾਰ ਕੀਤਾ ਗਿਆ , ਉਨ੍ਹਾਂ ਵਿੱਚ ਗੁਰਦਾਸਪੁਰ ਤੋਂ ਸਵਰਨ ਸਲਾਰੀਆ,  ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ,ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ , ਸਾਬਕਾ ਮੰਤਰੀ ਮਾਸਟਰ ਮੋਹਨ ਲਾਲ , ਦਿਨੇਸ਼ ਬੱਬੂ , ਨਰਿੰਦਰ ਪਰਮਾਰ ਅਤੇ ਜਗਦੀਸ਼ ਸਾਹਨੀ ਸ਼ਾਮਲ ਹਨ ।ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਨਾਮ ਤੇ ਵੀ ਚਰਚਾ ਮੀਟਿੰਗ ਵਿੱਚ ਕੀਤੀ ਗਈ ।ਪਾਰਟੀ ਦੇ ਉੱਚ ਪੱਧਰੀ ਸੂਤਰ ਨੇ ਖੁਲਾਸਾ ਕੀਤਾ ਕਿ ਕਾਂਗਰਸ ਤੋਂ ਖਫ਼ਾ ਬਾਜਵਾ ਨੇ ਪਾਰਟੀ ਦੇ ਹੀ ਇਕ ਨੇਤਾ ਰਾਹੀਂ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ । ਜਿਕਰਯੋਗ ਹੈ ਕਿ ਬਾਜਵਾ ਕਾਂਗਰਸ ਤੋਂ ਗੁਰਦਾਸਪੁਰ ਲੋਕ ਸਭਾ ਲਈ ਪਾਰਟੀ ਦੀ ਟਿਕਟ ਮੰਗ ਚੁੱਕੇ ਹੈ ਅਤੇ ਉੰਨਾ ਦੇ ਸਮਰਥਕ ਗੁਰਦਾਸਪੁਰ ਤੋਂ ਸੁਨੀਲ ਜਾਖੜ ਦੇ ਵਿਰੋਧ ਵਿਚ ਲੱਗੇ ਹੋਏ ਹਨ। ਅੰਮ੍ਰਿਤਸਰ ਤੋਂ ਰਾਜਿੰਦਰ ਮੋਹਨ ਛੀਨਾ , ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਤੋਂ ਇਲਾਵਾ ਕ੍ਰਿਕਟਰ ਹਰਭਜਨ ਭੱਜੀ , ਫਿਲਮ ਸਟਾਰ ਸੰਨੀ ਦਿਓਲ ਅਤੇ ਫਿਲਮੀ ਹੈਰੋਇਨ ਪੂਨਮ ਢਿੱਲੋਂ ਦੇ ਨਾਂਅ  ਵੀ ਸ਼ਾਮਿਲ ਹਨ।  ਹੁਸ਼ਿਆਰਪੁਰ  ਤੋਂ ਵਰਤਮਾਨ ਲੋਕ ਸਭਾ ਮੈਂਬਰ ਵਿਜੇ ਸਾਂਪਲਾ ਤੋਂ ਇਲਾਵਾ ਭਾਜਪਾ ਦੇ ਵਿਧਾਇਕ ਸੋਮ ਪ੍ਰਕਾਸ਼ , ਰਾਜੇਸ਼ ਬੱਗਾ ਅਵਤਾਰ ਸਿੰਘ  ਸੀਕਰੀ ਆਦਿ ਵੀ ਸ਼ਾਮਿਲ ਹਨ ।ਵਿਚਾਰ ਤੋਂ ਬਾਅਦ ਇਨ੍ਹਾਂ ਨਾਵਾਂ ਦਾ ਪੈਨਲ ਪਾਰਟੀ ਹਾਈਕਮਾਨ ਨੂੰ ਸੌਂਪਿਆ ਜਾਵੇਗਾ।  ਜਾਣਕਾਰੀ ਅਨੁਸਾਰ ਪਾਰਟੀ ਦਾ ਇੱਕ ਵਫ਼ਦ ਖੁਦ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨਾਲ ਮੀਟਿੰਗ ਦਾ ਸਮਾਂ ਤੈਅ ਕਰਕੇ ਪੈਨਲ ਨਾਲ ਲੈ ਕੇ ਜਾਵੇਗਾ । ਚੋਣ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਵਿਚ ਪਾਰਟੀ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਚੋਣ ਕਮੇਟੀ ਦੀ ਮੀਟਿੰਗ ਵਿੱਚ ਦਾਅਵੇਦਾਰਾਂ ਸਬੰਧੀ ਚਰਚਾ ਹੋਈ ਹੈ ਅਤੇ ਇਸ ਸਬੰਧੀ ਜੋ ਵੀ ਅੱਜ ਦਾ ਫੀਡਬੈਕ ਹੈ ਉਹ ਪਾਰਟੀ ਦੇ ਕੌਮੀ ਪ੍ਰਧਾਨ ਨੂੰ ਦਿੱਤਾ ਜਾਵੇਗਾ ।ਚੋਣਾਂ ਵਿਚ ਡੇਰਿਆਂ ਦੇ ਸਮਰਥਨ ਲੈਣ ਦੀ ਗੱਲ ਤੇ ਮਲਿਕ ਨੇ ਕਿਹਾ ਕਿ ਭਾਜਪਾ ਕਾਂਗਰਸ ਵਾਂਗ ਨਹੀਂ ਹੈ ਕਿਉਂਕਿ ਪਾਰਟੀ ਨੇ ਕੰਮ ਕੀਤਾ ਹੈ , ਉਸਦੇ ਆਧਾਰ 'ਤੇ ਲੋਕਾਂ ਕੋਲ ਵੋਟ ਮੰਗੇਗੀ , ਇਸ ਲਈ ਪਾਰਟੀ ਡੇਰਿਆਂ ਕੋਲ ਨਹੀਂ ਜਾਵੇਗੀ।