• Home
  • ਪੰਜਾਬ ਪੁਲਿਸ ਨੇ 2.99 ਕਰੋੜ ਰੁਪਏ ਕੀਤੇ ਬਰਾਮਦ

ਪੰਜਾਬ ਪੁਲਿਸ ਨੇ 2.99 ਕਰੋੜ ਰੁਪਏ ਕੀਤੇ ਬਰਾਮਦ

ਮਾਨਸਾ,: ਮਾਨਸਾ ਪੁਲਿਸ ਨੇ ਤਲਵੰਡੀ ਸਾਬੋ ਰੋਡ ਤੇ ਬਹਿਣੀਵਾਲ ਨੇੜੇ ਨਾਕਾਬੰਦੀ ਦੌਰਾਨ ਸਿਰਸਾ ਨਿਵਾਸੀ ਇਕ ਵਿਅਕਤੀ ਕੋਲੋਂ 2.99 ਕਰੋੜ ਰੁਪਏ ਬਰਾਮਦ ਕੀਤੇ ਹਨ ਜਿਸ ਸਬੰਧੀ ਉਕਤ ਵਿਅਕਤੀ ਕੋਈ ਵੀ ਸਪਸ਼ਟ ਜਵਾਬ ਨਹੀਂ ਦੇ ਸਕਿਆ।
ਐਸ.ਐਸ.ਪੀ. ਸ੍ਰ. ਮਨਧੀਰ ਸਿੰਘ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਵਿਚ ਦੱਸਿਆ ਕਿ ਇਹ ਪੈਸਾ ਇਕ ਕਾਰ ਵਿਚੋਂ ਬਰਾਮਦ ਹੋਇਆ ਹੈ ਜਿਸ ਨੂੰ ਨਿਰਮਲ ਸਿੰਘ ਨਾਮਕ ਵਿਅਕਤੀ ਵਾਸੀ ਸਰਸਾ ਚਲਾ ਰਿਹਾ ਸੀ ਜੋ ਕਿ ਆਪਣੀ ਪਤਨੀ ਨਾਲ ਸੀ।ਉਨ੍ਹਾਂ ਕਿਹਾ ਕਿ ਪੁਲਿਸ ਦੀ ਟੀਮ ਦੁਆਰਾ ਨਾਕਾਬੰਦੀ ਦੌਰਾਨ ਕਾਰ ਨੂੰ ਰੋਕਿਆ ਗਿਆ।
ਸ੍ਰ. ਮਨਧੀਰ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿਚ ਸੀ.ਆਰ.ਪੀ.ਸੀ. ਦੀ ਧਾਰਾ 102 ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਇਹ ਪੈਸਾ ਜੋ ਕਿ ਹਰਿਆਣਾ ਦੇ ਰਜਿਸਟਰੇਸ਼ਨ ਨੰਬਰ ਵਾਲੀ ਟੋਇਟਾ ਈਟਿਅਸ ਕਾਰ ਵਿਚ ਦੋ ਅਲੱਗ ਅਲੱਗ ਬੈਗਾਂ ਵਿਚ ਪਾ ਕੇ ਅੱਗੇ ਅਤੇ ਪਿੱਛੇ ਰੱਖਿਆ ਹੋਇਆ ਸੀ ਬਾਬਤ ਦੋਨੋ ਪਤੀ ਪਤਨੀ ਕੋਈ ਵੀ ਜਾਣਕਾਰੀ ਦੇਣ ਵਿਚ ਅਸਮਰਥ ਰਹੇ।
ਐਸ.ਐਸ.ਪੀ. ਨੇ ਅੱਗੇ ਕਿਹਾ ਕਿ ਜੋੜੇ ਨੇ ਦਾਅਵਾ ਕੀਤਾ ਹੈ ਕਿ ਉਹ ਮਾਨਸਾ ਦੇ ਪਿੰਡ ਦਲੀਏਵਾਲੀ ਵਿਖੇ ਆਪਣੀ ਰਿਸ਼ਤੇਦਾਰੀ ਵਿਚ ਜਾ ਰਹੇ ਹਨ ਅਤੇ ਇਹ ਪੈਸਾ ਇਕ ਠੇਕੇਦਾਰ ਦਾ ਹੈ।ਉਨ੍ਹਾਂ ਦੱਸਿਆ ਕਿ ਇਨਕਮ ਟੈਕਸ ਦੇ ਅਧਿਕਾਰੀਆਂ ਨੂੰ ਇਸ ਪੈਸੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਕਾਨੂੰਨ ਮੁਤਾਬਿਕ ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ।