• Home
  • ਹੜਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਵਲੋਂ ਘੱਗਰ ਦਾ ਦੌਰਾ

ਹੜਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਵਲੋਂ ਘੱਗਰ ਦਾ ਦੌਰਾ

ਪਟਿਆਲਾ, (ਖ਼ਬਰ ਵਾਲੇ ਬਿਊਰੋ): ਤਿੰਨ ਦਿਨ ਪਏ ਜ਼ਬਰਦਸਤ ਮੀਂਹ ਨੇ ਜਿਥੇ ਪੰਜਾਬ ਦਾ ਆਮ ਜੀਵਨ ਅਸਤ ਵਿਅਸਤ ਕਰ ਕੇ ਰੱਖ ਦਿੱਤਾ ਉਥੇ ਹੀ ਸੂਬੇ ਦੇ ਨਦੀ ਨਾਲੇ ਲੋਕਾਂ ਨੂੰ ਡਰਾਉਣ ਲੱਗ ਪਏ ਹਨ ਜਿਸ ਦੇ ਮੱਦੇਨਜ਼ਰ ਪ੍ਰਸ਼ਾਸਨ ਲਗਾਤਾਰ ਚੌਕਸ  ਹੈ। ਪਟਿਆਲਾ ਜ਼ਿਲਾ ਪ੍ਰਸ਼ਾਸਨ ਨੇ ਘੱਗਰ ਸਮੇਤ ਜ਼ਿਲੇ ਦੇ ਸਾਰੇ ਬਰਸਾਤੀ ਨਦੀ-ਨਾਲਿਆਂ ਵਿਚ ਹਾਲ ਦੀ ਘੜੀ ਪਾਣੀ ਦਾ ਵਹਾਅ ਕੰਟਰੋਲ ਹੇਠ ਹੋਣ ਦਾ ਦਾਅਵਾ ਕੀਤਾ ਹੈ।। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕਿਹਾ ਕਿ ਉਹ ਘੱਗਰ, ਪਟਿਆਲਾ ਨਦੀ, ਜੈਕਬ ਡਰੇਨ ਅਤੇ ਝੰਬੋ ਚੋਅ ਦਾ ਡਰੇਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਦੌਰਾ ਕਰ ਕੇ ਆਏ ਹਨ। ਇਨਾਂ ਸਾਰੇ ਨਦੀ ਨਾਲਿਆਂ ਵਿਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਬਹੁਤ ਹੇਠਾਂ ਵਗ ਰਿਹਾ ਹੈ।। ਉਨਾਂ ਦੱਸਿਆ ਕਿ ਕਿਸੇ ਵੀ ਤਰਾਂ ਦੀ ਸੰਭਾਵਿਤ ਹੜਾਂ ਦੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਤਿਆਰ-ਬਰ-ਤਿਆਰ ਹੈ। ਹਾਲ ਦੀ ਘੜੀ ਕਿਸੇ ਖ਼ਤਰੇ ਦੀ ਸੰਭਾਵਨਾ ਨਹੀਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ  ਘੱਗਰ ਦਰਿਆ ਦੇ ਸਰਾਲਾ ਹੈੱਡ ਵਿਖੇ ਦੁਪਹਿਰ 2 ਵਜੇ ਤੱਕ ਪਾਣੀ ਸਿਰਫ਼ 9 ਫੁੱਟ ਵਗ ਰਿਹਾ ਸੀ। ਖ਼ਤਰੇ ਦਾ ਨਿਸ਼ਾਨ 16 ਫੁੱਟ 'ਤੇ ਹੈ। ਇਸ ਤਰਾਂ ਪਟਿਆਲਾ ਨਦੀ ਵਿਚ ਵੀ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ 9 ਫੁੱਟ ਹੇਠਾਂ ਹੈ।। ਉਨਾਂ ਦੱਸਿਆ ਕਿ ਜੈਕਬ ਡਰੇਨ ਵਿਚ ਸੂਲਰ ਕੋਲ 4 ਫੁੱਟ ਪਾਣੀ ਵਗ ਰਿਹਾ ਹੈ।। ਖ਼ਤਰੇ ਦਾ ਨਿਸ਼ਾਨ 6 ਫੁੱਟ 'ਤੇ ਹੈ।। ਫਿਲਹਾਲ ਪਟਿਆਲਾ ਜ਼ਿਲੇ ਦੇ ਲੋਕਾਂ ਲਈ ਰਾਹਤ ਦੀ ਖ਼ਬਰ ਹੈ ਤੇ ਲੋਕ ਚੈਨ ਨਾਲ ਰਹਿ ਸਕਦੇ ਹਨ।