• Home
  • ਦਿਵਿਆਂਗ ਵੋਟਰਾਂ ਲਈ ਵ੍ਹੀਲ ਚੇਅਰ ਦਾ ਪ੍ਰਬੰਧ ਕਰਨਾ ਯਕੀਨੀ ਬਣਾਇਆ ਜਾਵੇ: ਸੀ.ਈ.ਓ. ਡਾ. ਰਾਜੂ

ਦਿਵਿਆਂਗ ਵੋਟਰਾਂ ਲਈ ਵ੍ਹੀਲ ਚੇਅਰ ਦਾ ਪ੍ਰਬੰਧ ਕਰਨਾ ਯਕੀਨੀ ਬਣਾਇਆ ਜਾਵੇ: ਸੀ.ਈ.ਓ. ਡਾ. ਰਾਜੂ

ਚੰਡੀਗੜ, 26 ਅਪ੍ਰੈਲ : ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਅੱਜ ਕਿਹਾ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਲੋਕ ਸਭਾ ਚੋਣਾਂ 2019 ਦੌਰਾਨ ਦਿਵਿਆਂਗ ਵੋਟਰਾਂ ਲਈ ਵ੍ਹੀਲ ਚੇਅਰ ਦਾ ਪ੍ਰਬੰਧ ਕਰਨਾ ਯਕੀਨੀ ਬਣਾਵੇ। ਅੱਜ ਇੱਥੇ ਡਾ. ਰਾਜੂ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਵੱਲੋਂ ਪੰਜਾਬ ਰਾਜ ਦੇ ਸਮੂਹ ਏ.ਡੀ.ਸੀ. (ਡੀ) ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਰਾਜੂ ਨੇ ਕਿਹਾ ਕਿ ਪੰਜਾਬ ਰਾਜ ਵਿੱਚ 1 ਲੱਖ 10 ਹਜ਼ਾਰ ਦੇ ਕਰੀਬ ਪੀ.ਡਬਲਯੂ.ਡੀ. (ਪਿਉਪਲ ਵਿੱਧ ਡਿਸਅਬਿਲਟੀ) ਵੋਟਰ ਹਨ। ਜਿਹਨਾਂ ਦੀ ਚੋਣ ਵਿੱਚ ਸ਼ਮੁਲੀਅਤ ਨੂੰ ਯਕੀਨੀ ਬਨਾਉਣ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਕਈ ਉਪਰਾਲੇ ਕੀਤੇ ਗਏ ਹਨ। ਇਨ੍ਹਾਂ ਨੂੰ ਲਾਗੂ ਕਰਨ ਲਈ ਚੋਣ ਵਿਭਾਗ ਪੰਜਾਬ ਦੇ ਸਕੱਤਰ ਵੱਲੋਂ 20.6.2018 ਨੂੰ ਅਰਧ ਸਰਕਾਰੀ ਪੱਤਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਲਿਖਿਆ ਗਿਆ ਸੀ। ਜਿਸ ਸਬੰਧ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ 5.7.2018 ਨੂੰ ਰਾਜ ਦੇ ਸਮੂਹ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਚੋਣ ਵਿਭਾਗ ਪੰਜਾਬ ਦੇ ਇਨ੍ਹਾਂ ਹੁਕਮਾਂ ਦੀ ਇੰਨ ਬਿਨ ਪਾਲਣਾ ਲਈ ਪੱਤਰ ਜਾਰੀ ਕੀਤਾ ਸੀ। ਇਨ੍ਹਾਂ ਹੁਕਮਾਂ ਤਹਿਤ ਚੱਲਣ-ਫਿਰਨ ਵਿੱਚ ਅਸਮਰਥ ਲੋਕਾਂ ਨੂੰ ਵੋਟ ਪਾਉਣ ਲਈ ਗੱਡੀ ਵਿੱਚ ਲਿਆਉਣ ਅਤੇ ਲਿਜਾਉਣ ਤੋਂ ਇਲਾਵਾ ਵੀਲ ਚੇਅਰ, ਪੀ.ਡਬਲਯੂ.ਡੀ. ਵੋਟਰ ਨੂੰ ਬੂਥ ਤੱਕ ਜਾਣ ਲਈ ਸਹਾਇਕ ਵੱਜੋਂ ਵਲੰਟੀਅਰ ਦੀ ਮੁਹੱਈਆ ਕਰਵਾਉਣਾ ਸ਼ਾਮਿਲ ਹੈ। ਇਸ ਤੋਂ ਇਲਾਵਾ ਪੀ.ਡਬਲਯੂ.ਡੀ. ਵੋਟਰਜ਼ ਲਈ ਰੈਂਪ ਦੀ ਸਹੂਲਤ ਅਤੇ ਬਿਨਾਂ ਲਾਈਨ ਵਿੱਚ ਲੱਗੇ ਵੋਟ ਪਾਉਣ ਦੀ ਸਹੂਲਤ ਦਿੱਤੀ ਗਈ ਹੈ।
ਉਨ੍ਹਾਂ ਰਾਜ ਦੇ ਸਮੂਹ ਡੀ.ਡੀ.ਪੀ.ੳਜ਼ ਨੂੰ ਹਦਾਇਤ ਕੀਤੀ ਅਗਲੇ 5 ਦਿਨਾਂ ਵਿੱਚ ਜ਼ਿਲ੍ਹੇ ਦੀਆਂ ਪੰਚਾਇਤਾਂ ਦੀ ਗਿਣਤੀ ਅਨੁਸਾਰ ਪ੍ਰਤੀ ਪੰਚਾਇਤ ਘੱਟੋ-ਘੱਟ ਇੱਕ ਵੀਲ੍ਹ ਚੇਅਰ ਜ਼ਰੂਰ ਖਰੀਦ ਲਈ ਜਾਵੇ। ਜਿਸਦੀ ਵਰਤੋਂ ਵੋਟਾਂ ਵਾਲੇ ਦਿਨ ਵਿਸ਼ੇਸ਼ ਤੌਰ ਤੇ ਚੱਲ-ਫਿਰਨ ਵਿੱਚ ਅਸਮਰਥ ਲੋਕਾਂ ਨੂੰ ਵੋਟ ਪਾਉਣ ਵਿੱਚ ਆਸਾਨੀ ਮੁਹੱਈਆ ਕਰਵਾਉਣ ਲਈ ਕੀਤੀ ਜਾਣੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਰਾਜ ਦੇ 40 ਫੀਸਦੀ ਬੂਥਾਂ ਉੱਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਵੀਲ੍ਹ ਚੇਅਰਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਮੀਟਿੰਗ ਦੌਰਾਨ ਸਮੂਹ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਨੇ ਮੁੱਖ ਚੋਣ ਅਫ਼ਸਰ, ਪੰਜਾਬ ਨੂੰ ਯਕੀਨ ਦਵਾਇਆ ਕੀ ਅਗਲੇ 5 ਦਿਨਾਂ ਵਿੱਚ ਰਾਜ ਦੇ ਸਮੂਹ ਪਿੰਡਾਂ ਲਈ ਵੀਲ੍ਹ ਚੇਅਰਾਂ ਦੀ ਖਰੀਦ ਮੁਕੰਮਲ ਕਰ ਲਈ ਜਾਵੇਗੀ।
ਇਸ ਮੀਟਿੰਗ ਦੌਰਾਨ ਵਿੱਤ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਜਸਕਿਰਨ ਸਿੰਘ, ਅਤੇ ਜੁਆਇੰਟ ਡਿਵਲੈਪਮੈਂਟ ਕਮਿਸ਼ਨਰ ਤਨੂੰ ਕਸ਼ਿਅਪ, ਆਈ.ਏ.ਐਸ. ਵੀ ਹਾਜ਼ਰ ਸਨ।