• Home
  • ਭਾਰਤੀ ਸੰਵਿਧਾਨ ਦੇ ਜਨਮਦਾਤਾ ਦੇ 128ਵੇਂ ਜਨਮ ਦਿਵਸ ਮੌਕੇ ਕੀਤੇ ਗਏ ਸ਼ਰਧਾ ਦੇ ਫੁੱਲ ਭੇਂਟ ਡਾ. ਬੀ.ਆਰ. ਅੰਬੇਦਕਰ ਦੇ ਜਨਮ ਦਿਵਸ ਤੇ ਲਿਆ ਵੋਟਰ ਪ੍ਰਣ

ਭਾਰਤੀ ਸੰਵਿਧਾਨ ਦੇ ਜਨਮਦਾਤਾ ਦੇ 128ਵੇਂ ਜਨਮ ਦਿਵਸ ਮੌਕੇ ਕੀਤੇ ਗਏ ਸ਼ਰਧਾ ਦੇ ਫੁੱਲ ਭੇਂਟ ਡਾ. ਬੀ.ਆਰ. ਅੰਬੇਦਕਰ ਦੇ ਜਨਮ ਦਿਵਸ ਤੇ ਲਿਆ ਵੋਟਰ ਪ੍ਰਣ

ਬਠਿੰਡਾ, 14 ਅਪ੍ਰੈਲ : ਭਾਰਤੀ ਸੰਵਿਧਾਨ ਦੇ ਜਨਮਦਾਤਾ ਡਾ. ਬੀ.ਆਰ. ਅੰਬੇਦਕਰ ਜੀ ਦਾ 128ਵਾਂ ਜਨਮ ਦਿਵਸ ਅੱਜ ਸਥਾਨਕ ਅੰਬੇਦਕਰ ਭਵਨ ਵਿਖੇ ਜ਼ਿਲਾ ਪ੍ਰਸ਼ਾਸਨ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਕੇ ਮਨਾਇਆ ਗਿਆ। ਇਸ ਤੋਂ ਪਹਿਲਾਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਨਜ਼ਦੀਕ ਸਥਾਪਿਤ ਡਾ.ਬੀ.ਆਰ. ਅੰਬੇਦਕਰ ਜੀ ਦੇ ਬੁੱਤ 'ਤੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ਼੍ਰੀ ਵਰਿੰਦਰ ਸਿੰਘ ਅਤੇ ਜ਼ਿਲਾ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਵੱਲੋਂ ਫੁੱਲ ਮਾਲਾਵਾਂ ਭੇਂਟ ਕੀਤੀਆਂ ਗਈਆਂ। ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ਼੍ਰੀ ਵਰਿੰਦਰ ਸਿੰਘ ਵੱਲੋਂ ਅੰਬੇਦਕਰ ਭਵਨ ਵਿਖੇ ਡਾ. ਅੰਬੇਦਕਰ ਦੇ ਜੀਵਣ ਬਾਰੇ ਚਾਨਣਾ ਪਾਉਂਦਿਆਂ ਉਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਾ. ਬੀ.ਆਰ. ਅੰਬੇਦਕਰ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਮਹੂ ਪਿੰਡ ਵਿੱਚ ਇੱਕ ਗਰੀਬ ਪਰਿਵਾਰ ਵਿੱਚ ਹੋਇਆ ਸੀ। ਡਾ. ਬੀ.ਆਰ. ਅੰਬੇਦਕਰ ਦਾ ਬਚਪਨ ਦਾ ਨਾਂ ਰਾਮਜੀ ਸਕਪਾਲ ਸੀ। ਉਹ ਹਿੰਦੂ ਮਹਾਰ ਜਾਤੀ ਨਾਲ ਸਬੰਧ ਰੱਖਦੇ ਸਨ। ਆਪਣੇ ਜੀਵਣ ਵਿੱਚ ਸਮੇਂ-ਸਮੇਂ ਵਿੱਚ ਆਈਆਂ ਕਠਨਿਆਈਆਂ ਦਾ ਸਾਹਮਣਾ ਉਹ ਬੜੇ ਹੀ ਦ੍ਰਿੜ ਇਰਾਦੇ ਨਾਲ ਕਰਦੇ ਰਹੇ। ਉਨਾਂ ਵੱਲੋਂ ਬੰਬਈ ਯੂਨੀਵਰਸਿਟੀ ਤੋਂ ਇਕਨਾਮਿਕਸ ਅਤੇ ਪੋਲੀਟੀਕਲ ਸਾਇੰਸ ਵਿੱਚ ਗ੍ਰੈਜ਼ੂਏਸ਼ਨ ਦੀ ਡਿਗਰੀ ਹਾਸਲ ਕਰਨ ਉਪਰੰਤ ਉਹ 1913 ਵਿੱਚ ਉਚ ਸਿੱਖਿਆ ਪ੍ਰਾਪਤ ਕਰਨ ਲਈ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਵਿੱਚ ਗਏ। ਉਨਾਂ ਵੱਲੋਂ ਪ੍ਰਾਪਤ ਕੀਤੀ ਗਈ ਉਚੇਰੀ ਸਿੱਖਿਆ ਦੇ ਸਦਕਾ 15 ਅਗਸਤ 1947 ਨੂੰ ਆਜ਼ਾਦੀ ਤੋਂ ਬਾਅਦ ਦੇਸ਼ ਵਿੱਚ ਬਣਨ ਵਾਲੀ ਸਰਕਾਰ ਵਿੱਚ ਉਨਾਂ ਨੂੰ ਪਹਿਲਾ ਕਾਨੂੰਨ ਮੰਤਰੀ ਬਣਾਇਆ ਗਿਆ। 29 ਅਗਸਤ 1947 ਨੂੰ ਡਾ. ਅੰਬੇਦਕਰ ਨੂੰ ਆਜ਼ਾਦ ਭਾਰਤ ਦੇ ਨਵੇਂ ਸੰਵਿਧਾਨ ਦੀ ਰਚਨਾ ਕਰਨ ਲਈ ਬਣੀ ਸੰਵਿਧਾਨ ਮਸੌਦਾ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। 26 ਨਵੰਬਰ 1949 ਨੂੰ ਸੰਵਿਧਾਨ ਤਿਆਰ ਕਰ ਲਿਆ ਗਿਆ ਜੋ ਕਿ 26 ਜਨਵਰੀ 1950 ਨੂੰ ਡਾ. ਬੀ.ਆਰ.ਅੰਬੇਦਕਰ ਦੁਆਰਾ ਲਿਖਿਆ ਗਿਆ ਸੰਵਿਧਾਨ ਪੂਰੇ ਦੇਸ਼ ਭਰ ਵਿੱਚ ਲਾਗੂ ਕੀਤਾ ਗਿਆ।  ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਵੱਲੋਂ ਡਾ. ਬੀ.ਆਰ.ਅੰਬੇਦਕਰ ਜੀ ਦੇ ਜਨਮ ਦਿਵਸ ਮੌਕੇ ਸਮੂਹ ਹਾਜਰੀਨ ਨੂੰ ਵੋਟਰ ਪ੍ਰਣ ਵੀ ਦਿਵਾਇਆ ਗਿਆ। ਉਨਾਂ ਕਿਹਾ ਕਿ ਦੇਸ਼ ਦੀਆਂ ਲੋਕਤਾਂਤਰਿਕ ਪਰੰਪਰਾਵਾਂ ਨੂੰ ਬਣਾਏ ਰੱਖਣ, ਨਿਰਪੱਖ ਅਤੇ ਸ਼ਾਂਤੀਪੂਰਣ ਚੋਣ ਦੀ ਗਰਿਮਾ ਨੂੰ ਬਰਕਰਾਰ ਰੱਖਦੇ ਹੋਏ ਨਿਡਰ ਹੋ ਕੇ, ਧਰਮ, ਵਰਗ, ਜਾਤੀ, ਸਮੁਦਾਇ, ਭਾਸ਼ਾ ਜਾਂ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨਾਂ ਸਾਰੀਆਂ ਚੋਣਾਂ ਵਿਚ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਮੌਕੇ ਕੇਂਦਰੀ ਵਿਦਿਆਲਿਆ ਦੇ ਰਿਟਾਇਰਡ ਹਿੰਦੀ ਅਧਿਆਪਕ ਸ਼੍ਰੀ ਮੱਖਣ ਲਾਲ ਤੋਂ ਇਲਾਵਾ ਪੋz: ਸਵਰਨਜੀਤ ਸਿੰਘ, ਜ਼ਿਲਾ ਭਲਾਈ ਅਫ਼ਸਰ ਬਲਜਿੰਦਰ ਬਾਂਸਲ, ਜੋਗਿੰਦਰ ਸਿੰਘ ਆਦਿ ਨੇ ਡਾ. ਬੀ.ਆਰ.ਅੰਬੇਦਰਕ ਜੀ ਦੇ 128ਵੇਂ ਜਨਮ ਦਿਵਸ 'ਤੇ ਬਾਬਾ ਸਾਹਿਬ ਦੇ ਜੀਵਣ ਬਾਰੇ ਚਾਨਣਾ ਪਾਇਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ, ਪ੍ਰਿੰਸੀਪਲ, ਅਧਿਆਪਕ, ਸਕੂਲੀ ਬੱਚੇ ਆਦਿ ਹਾਜ਼ਰ ਸਨ।