• Home
  • ‘ਐਸੀ ਲਾਗੀ ਲਗਨ, ਮੀਰਾ ਹੋ ਗਈ ਮਗਨ’……..ਪੜੋ ‘ਅਨੋਖਾ ਰੁਮਾਂਸ’

‘ਐਸੀ ਲਾਗੀ ਲਗਨ, ਮੀਰਾ ਹੋ ਗਈ ਮਗਨ’……..ਪੜੋ ‘ਅਨੋਖਾ ਰੁਮਾਂਸ’

ਚੰਡੀਗੜ, (ਖ਼ਬਰ ਵਾਲੇ ਬਿਊਰੋ): ਜਦੋਂ ਦੀ ਕਾਇਨਾਤ ਹੋਂਦ 'ਚ ਆਈ ਹੈ ਉਦੋਂ ਤੋਂ ਜੋੜੀਆਂ ਬਣਦੀਆਂ ਆ ਰਹੀਆਂ ਹਨ ਪਰ 'ਐਸੀ ਲਾਗੀ ਲਗਨ, ਮੀਰਾ ਹੋ ਗਈ ਮਗਨ' ਵਰਗੇ ਪ੍ਰਸਿੱਧ ਭਜਨ ਦੇ ਰਚੇਤਾ ਅਨੂਪ ਜਲੋਟਾ ਵੀ ਆਪਣੇ ਤੋਂ 37 ਸਾਲ ਛੋਟੀ ਪੰਜਾਬਣ ਮੁਟਿਆਰ ਦੇ ਪਿਆਰ 'ਚ ਮਗਨ ਹੋ ਗਿਆ। ਇਸ ਅਨੋਖੀ ਗੁਰੂ-ਚੇਲੀ ਦੀ ਜੋੜੀ ਦੀ ਭਰਪੂਰ ਚਰਚਾ ਹੈ। ਅਸੀਂ ਗੱਲ ਕਰ ਰਹੇ ਹਾਂ ਭਜਨ ਸਮਰਾਟ ਤੇ ਉਨਾਂ ਦੀ ਚੇਲੀ ਜਸਲੀਨ ਮਠਾੜੂ ਦੀ।

ਅਨੂਪ ਜਲੋਟਾ ਤੇ ਜਸਲੀਨ ਮਠਾੜੂ ਦੀ ਜੋੜੀ ਬਿਗ ਬੌਸ ਦੇ 12ਵੇਂ ਸੰਸਕਰਨ 'ਚ ਬਣੀ ਹੈ ਤੇ ਜੋੜੀ ਬਣਦਿਆਂ ਹੀ ਦੋਹਾਂ ਨੇ ਧਮਾਕਾ ਕਰ ਦਿੱਤਾ। ਦੋਵਾਂ ਨੇ ਬਿਗ ਬੌਸ ਦੇ ਮੰਚ 'ਤੇ ਆਪਣੇ ਪਿਆਰ ਦਾ ਇਜਹਾਰ ਕਰ ਦਿੱਤਾ। ਉਸ ਤੋਂ ਬਾਅਦ ਇਹ ਜੋੜੀ ਸ਼ੋਸ਼ਲ ਮੀਡੀਆ 'ਤੇ ਹਿੱਟ ਹੋ ਗਈ।

ਬਿਗ ਬੌਸ ਦੇ ਸੈਟ 'ਤੇ ਅਨੂਪ ਜਲੋਟਾ ਤੇ ਜਸਲੀਨ ਨੂੰ ਅਨੇਕਾਂ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਪਹਿਲਾਂ ਮਹਿਮਾਨ ਦੇ ਤੌਰ 'ਤੇ ਆਏ ਪੱਤਰਕਾਰ ਦਿਵਾਂਗ ਨੇ ਜਲੋਟਾ ਨੂੰ ਪੁਛਿਆ ਕਿ ਜੇ ਇਹ 'ਚਿੜੀ' ਉਡ ਗਈ ਤਾਂ ਇਕੱਲੇ ਕਿਵੇਂ ਮਹਿਸੂਸ ਕਰੋਂਗੇ ਤਾਂ ਜਲੋਟਾ ਖ਼ਾਮੋਸ਼ ਰਹੇ। ਮੁਕਾਬਲੇ ਦੇ ਇਕ ਉਮੀਦਵਾਰ ਸ਼ਿਵਾਸ਼ੀਸ਼ ਨੇ ਜਸਲੀਨ ਨੂੰ ਪੁੱਛ ਲਿਆ 'ਤੇਰਾ-ਉਹਦਾ ਕੀ ਰਿਸ਼ਤਾ' ਤਾਂ ਜਸਲੀਨ ਨੇ ਅਣਮੰਨੇ ਮਨ ਨਾਲ ਕਿਹਾ 'ਬੁਆਏ ਫ਼ਰੈਂਡ ਸਮਝੋ' ਕੋਲ ਹੀ ਬੈਠੀ ਹਿਨਾ ਖ਼ਾਨ ਨੇ ਚੋਟ ਕੀਤੀ 'ਰਿਸ਼ਤਾ ਪ੍ਰਵਾਨ ਕਰ ਲਵੋਂਗੀ' ਇਸ 'ਤੇ ਜਸਲੀਨ ਭੜਕ ਉਠੀ।
ਬਿੱਗ ਬੌਸ ਦੇ ਮੰਚ 'ਤੇ ਪਿਆਰ ਵਾਲਾ ਰਿਸ਼ਤਾ ਪ੍ਰਵਾਨ ਕਰਨ ਤੋਂ ਬਾਅਦ ਇਸ ਸੁਭਾਗੀ ਜੋੜੀ ਦੀ ਸ਼ੋਸ਼ਲ ਮੀਡੀਆ 'ਤੇ ਕਾਫੀ ਆਲੋਚਨਾ ਵੀ ਹੋਈ ਪਰ ਬਿਨਾਂ ਕਿਸੇ ਦੀ ਪਰਵਾਹ ਕੀਤਿਆਂ ਉਹ ਪਾਣੀ ਦੇ ਪ੍ਰਵਾਹ ਵਾਂਗ ਅੱਗੇ ਵਧ ਰਹੇ ਹਨ ਜਿਵੇਂ ਕਹਿ ਰਹੇ ਹੋਣ ਕਿ ਹੁਣ ਤਾਂ ਮੀਰਾ ਨੂੰ ਲਗਨ ਲੱਗ ਗਈ ਹੈ ਤੇ ਮੀਰਾ ਪਿਆਰ 'ਚ ਇੰਨੀ ਮਗਨ ਹੈ ਕਿ ਇਸ ਨੂੰ ਕੋਈ ਪਤਾ ਨਹੀਂ ਕੀ ਅੰਜ਼ਾਮ ਹੋਵੇਗਾ।

ਦਸ ਦਈਏ ਕਿ ਜਸਲੀਨ ਮਠਾੜੂ ਆਪਣੇ ਗੁਰੂ ਅਨੂਪ ਜਲੋਟਾ ਤੋਂ 37 ਸਾਲ ਛੋਟੀ ਹੈ ਪਰ ਇਹ ਜੋੜੀ ਇਹ ਸੱਚ ਕਰ ਰਹੀ ਹੈ ਕਿ ਪਿਆਰ ਉਮਰ, ਮਜਹਬ ਜਾਂ ਗ਼ਰੀਬੀ ਅਮੀਰੀ ਨਹੀਂ ਦੇਖਦਾ ਬਸ ਪਿਆਰ ਤਾਂ ਪਿਆਰ ਦੇਖਦਾ ਹੈ।