• Home
  • 1978 ਵਿਸ਼ਵ ਕੱਪ ਹਾਕੀ-ਜਦੋਂ ਪਾਕਸਿਤਾਨ ਨੇ 1978-82 ਚ ‘ਆਪਣਾ ਜੇਤੂ ਦਬਦਬਾ ਬਣਾਇਆ

1978 ਵਿਸ਼ਵ ਕੱਪ ਹਾਕੀ-ਜਦੋਂ ਪਾਕਸਿਤਾਨ ਨੇ 1978-82 ਚ ‘ਆਪਣਾ ਜੇਤੂ ਦਬਦਬਾ ਬਣਾਇਆ

1978 ਦਾ ਵਿਸ਼ਵ ਕੱਪ ਹਾਕੀ ਮੁਕਾਬਲਾ 18 ਮਾਰਚ ਤੋਂ 1 ਅਪ੍ਰੈਲ ਤੱਕ ਅਰਜਨ ਟਾਇਨਾ ਦੇ ਸ਼ਹਿਰ ਬਿਊਨਸ ਆਇਰਸ ਦੇ ਕੰਪੋਡੇਲ ਪੋਲੋ ਗਰਾਊਂਡ ਵਿਖੇ ਖੇਡਿਆ ਗਿਆ। 1975 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਵੇਂ ਭਾਰਤ ਵਿਚ ਗਰਾਸ ਰੂਟ ਤੇ ਹਾਕੀ ਦਾ ਕਾਫ਼ੀ ਫੈਲਾਅ ਆ ਗਿਆ ਸੀ, ਪਰ ਟੀਮ ਦੀ ਆਪੋਧਾੜ ਸਿਫਾਰਸ਼ੀ ਖਿਡਾਰੀ ਅਤੇ ਹਾਕੀ ਪ੍ਰਬੰਧਕਾਂ ਦੀ ਹਊਮੇ ਨੇ ਭਾਰਤੀ ਹਾਕੀ ਨੂੰ ਨਿਘਾਰ ਵੱਲ ਤੋਰ ਦਿੱਤਾ ਜਿਸਦਾ ਨਤੀਜਾ ਇਹ ਸੀ ਕਿ ਇਹੋਂ 1975 ਵਿਸ਼ਵ ਕੱਪ ਵਾਲੀ ਜੇਤੂ ਟੀਮ 1976 ਉਲੰਪਿਕ ਵਿਚ ਭਾਰਤੀ ਟੀਮ ਪਹਿਲੀ ਵਾਰ ਸੈਮੀਫਾਈਨਲ ਦੌੜ ਤੋਂ ਬਾਹਰ ਹੋਈ ਉਸ ਤੋਂ ਬਾਅਦ ਭਾਰਤੀ ਟੀਮ ਦੇ 13 ਖਿਡਾਰੀਆਂ ਨੂੰ ਟੀਮ ਵਿਚੋਂ ਬਾਹਰ ਕਰ ਦਿੱਤਾ। ਉਸ ਵੇਲੇ ਸ਼ੁਰੂ ਹੋਏ ਨਿਘਾਰ ਦਾ ਖ਼ਮਿਆਜ਼ਾ ਭਾਰਤੀ ਹਾਕੀ ਟੀਮ ਅਜੇ ਵੀ ਭੁਗਤ ਰਹੀ ਹੈ।
1978 ਵਿਸ਼ਵ ਕੱਪ ਤੋਂ ਕੁਝ ਮਹੀਨੇ ਪਹਿਲਾ ਉਸ ਵੇਲੇ ਦੇ ਭਾਰਤੀ ਹਾਕੀ ਦੇ ਸੁਪਰ ਸਟਾਰ ਸੁਰਜੀਤ ਸਿੰਘ ਰੰਧਾਵਾ, ਬਲਦੇਵ ਸਿੰਘ, ਵਰਿੰਦਰ ਸਿੰਘ ਨੇ ਪੰਜਾਬੀ ਖਿਡਾਰੀਆਂ ਦੀ ਸ਼ਾਨ ਦੇ ਖਿਲਾਫ਼ ਕਿਸੇ ਅਧਿਕਾਰੀ ਵੱਲੋਂ ਬੋਲੇ ਲਫਜ਼ਾਂ ਤੋਂ ਦੁਖੀ ਹੋ ਕੇ ਭਾਰਤੀ ਹਾਕੀ ਟੀਮ ਦੇ ਕੈਂਪ ਨੂੰ ਅੱਧ ਵਿਚਾਲੇ ਛੱਡ ਕੇ ਬਾਹਰ ਆ ਗਏ, ਭਾਵੇਂ ਬਾਅਦ ਵਿਚ ਬਲਦੇਵ ਅਤੇ ਵਰਿੰਦਰ ਨੂੰ ਤਾਂ ਹਾਕੀ ਅਧਿਕਾਰੀਆਂ ਨੇ ਵਾਪਸ ਟੀਮ ਵਿਚ ਲੈ ਆਂਦਾ, ਪਰ ਸੁਰਜੀਤ ਸਿੰਘ ਨੂੰ ਟੀਮ ਵਿਚ ਨਾ ਲਿਆ ਜਿਸਦਾ ਭਾਰਤੀ ਟੀਮ ਦੇ ਮਨੋਬਲ ਤੇ ਬਹੁਤ ਹੀ ਮਾੜਾ ਅਸਰ ਪਿਆ। ਜਦੋਂ ਭਾਰਤੀ ਹਾਕੀ ਟੀਮ 1978 ਵਿਸ਼ਵ ਕੱਪ ਖੇਡਣ ਲਈ ਬਿਊਨਸ ਆਇਰਸ ਪਹੁੰਚੀ ਤਾਂ ਹਾਲੈਂਡ ਦੇ ਪਨੈਲਟੀ ਕਾਰਨਰ  ਮਾਹਿਰ ਅਤੇ ਦੁਨੀਆ ਦੇ ਚਰਚਿਤ ਖਿਡਾਰੀ ਟਾਈਜ਼ ਕਰੂਜ ਨੇ ਭਾਰਤੀ ਖਿਡਾਰੀਆਂ ਨੂੰ ਪੁੱਛਿਆ ਕਿ ਤੁਹਾਡਾ ਫੁਲਬੈਕ ਸੁਰਜੀਤ ਸਿੰਘ ਕਿਥੇ ਹੈ? ਤਾਂ ਖਿਡਾਰੀਆਂ ਦਾ ਜਵਾਬ ਸੀ ਕਿ ਉਸਦੀ ਇਸ ਵਾਰ ਚੋਣ ਨਹੀਂ ਹੋ ਸਕੀ ਤਾਂ ਟਾਈਜ਼ ਕਰੂਜ ਨੇ ਆਖਿਆ ਕਿ ਫਿਰ ਤੁਸੀ ਇਥੇ ਕੀ ਲੈਣ ਆਏ ਹੋ?। ਟਾਈਜ਼ ਕਰੂਜ ਦਾ ਆਖਿਆ ਕੌੜਾ ਸੱਚ ਉਸ ਵੇਲੇ ਸਾਹਮਣੇ ਆਇਆ ਜਦੋਂ ਭਾਰਤੀ ਟੀਮ ਦਾ ਵਿਸ਼ਵ ਕੱਪ ਵਿਚ ਬੁਰੀ ਤਰ੍ਹਾਂ ਜਨਾਜ਼ਾ ਨਿਕਲਿਆ ਅਤੇ ਟੀਮ ਲੀਗ ਦੌੜ ਵਿਚ ਕਈ ਟੀਮਾਂ ਹੱਥੋਂ ਬੁਰੀ ਤਰ੍ਹਾਂ ਪਿੱਟਦੀ ਹੋਈ ਸੈਮੀਫਾਈਨਲ ਦੌੜ ਵਿਚੋਂ ਬਾਹਰ ਹੋ ਗਈ।

1978 ਵਿਸ਼ਵ ਕੱਪ ਵਿਚ 14 ਟੀਮਾਂ ਨੇ  ਹਿੱਸਾ ਲਿਆ। ਪੂਲ ਏ ਵਿਚ ਅਸਟਰੇਲੀਆ, ਜਰਮਨ, ਭਾਰਤ, ਇੰਗਲੈਂਡ, ਪੋਲੈਂਡ, ਕੈਨੇਡਾ, ਬੈਲਜੀਅਮ ਅਤੇ ਪੂਲ ਬੀ ਵਿਚ ਪਾਕਿਸਤਾਨ, ਹਾਲੈਂਡ, ਸਪੇਨ, ਅਰਜਨਟਾਈਨਾ, ਮਲੈਸ਼ੀਆ, ਆਇਰਲੈਂਡ, ਇਟਲੀ ਖੇਡੇ। ਪੂਲ ਏ ਵਿਚ ਭਾਵੇਂ ਭਾਰਤ ਨੇ ਅਸਟਰੇਲੀਆ ਨੂੰ 2-0 ਨਾਲ ਹਰਾ ਕੇ 1976 ਮਾਂਟਰੀਅਲ ਉਲੰਪਿਕ ਵਿਚ 7-1 ਗੋਲਾਂ ਨਾਲ ਹੋਈ ਹਾਰ ਦਾ ਬਦਲਾ ਲਿਆ, ਇਸ ਤੋਂ ਇਲਾਵਾ ਭਾਰਤ ਨੇ ਬੈਲਜ਼ੀਅਮ, ਪੋਲੈਂਡ ਨੂੰ ਤਾਂ ਹਰਾ ਦਿੱਤਾ, ਪਰ ਜਰਮਨੀ ਹੱਥੋਂ 7-0 ਅਤੇ ਕੈਨੇਡਾ ਤੋਂ 3-1 ਹਾਰ ਕੇ ਪੂਰੇ ਵਿਸ਼ਵ ਵਿਚ ਸ਼ਰਮਸਾਰ ਹੋਈ। ਸੈਮੀਫਾਈਨਲ ਵਿਚ ਭਾਰਤ ਨੂੰ ਆਖਰੀ ਲੀਗ ਵਿਚ ਇੰਗਲੈਂਡ ਨੂੰ ਹਰਾਉਣ ਦੀ ਲੋੜ ਸੀ, ਪਰ ਬਦਕਿਸਮਤੀ ਨੂੰ ਇਹ ਮੈਚ 1-1 ਦੀ ਬਰਾਬਰੀ ਤੇ ਸਮਾਪਤ ਹੋ ਗਿਆ। ਅਸਟਰੇਲੀਆ ਅਤੇ ਜਰਮਨੀ ਆਪਣੇ ਵਿਰੋਧੀਆਂ ਨੂੰ ਹਰਾਉਂਦੇ ਹੋਏ ਸੈਮੀਫਾਈਨਲ ਵਿਚ ਪੁੱਜੇ। ਦੂਸਰੇ ਪੂਲ ਵਿਚ ਪਾਕਿਸਤਾਨ ਨੂੰ ਹਾਕੀ ਟੀਮ ਨੇ ਕਪਤਾਨ ਇਸਲਾਊ ਦੀਨ ਦੀ ਅਗਵਾਈ ਹੇਠ ਹਾਲੈਂਡ ਨੂੰ 3-1, ਸਪੇਨ ਨੂੰ 2-1, ਅਰਜਨ ਟਾਈਨਾ ਨੂੰ 7-0, ਆਇਰਲੈਂਡ ਨੂੰ 9-0, ਇਟਲੀ ਨੂੰ 7-0, ਮਲੇਸ਼ੀਆ ਨੂੰ 3-0 ਨਾਲ ਹਰਾ ਕੇ ਕੁਲ 31 ਗੋਲ ਕਰਕੇ ਉਸਦੇ ਖਿਲਾਫ਼ ਦੋ ਗੋਲ ਹੋਏ ਅਤੇ ਧੂਮ ਧੜੱਕੇ ਨਾਲ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਬਣਾਈ। ਪੂਲ ਬੀ ਵਿਚੋਂ ਦੂਸਰੀ ਟੀਮ ਹਾਲੈਂਡ ਦੀ ਸੈਮੀਫਾਈਨਲ ਵਿਚ ਪੁੱਜੀ। ਪਹਿਲੇ ਸੈਮੀਫਾਈਨਲ ਵਿਚ ਹਾਲੈਂਡ ਨੇ ਅਸਟਰੇਲੀਆ ਨੂੰ 3-2 ਨਾਲ ਹਰਾ ਕੇ 1973 ਵਿਸ਼ਵ ਕੱਪ ਤੋਂ ਬਾਅਦ ਦੂਸਰੀ ਵਾਰ ਫਾਈਨਲ ਵਿਚ ਆਪਣੀ ਜਗ੍ਹਾ ਬਣਾਈ। ਜਦ ਕਿ ਪਾਕਿਸਤਾਨ ਨੇ ਜਰਮਨੀ ਨੂੰ ਵਾਧੂ ਸਮੇਂ ਵਿਚ ਇਸਲਾਊ ਦੀਨ ਦੇ ਗੋਲ ਜ਼ਰੀਏ 1971 ਵਿਸ਼ਵ ਕੱਪ ਤੋਂ ਬਾਅਦ ਦੂਸਰੀ ਵਾਰ ਫਾਈਨਲ ਵਿਚ ਪਰਵੇਸ਼ ਕੀਤਾ। ਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਨੇ ਡੱਚਾ ਨੂੰ 3-2 ਨਾਲ ਹਰਾ ਕੇ ਦੂਸਰੀ ਵਾਰ ਵਿਸ਼ਵ ਕੱਪ ਵਿਚ ਆਪਣੀ ਸਰਦਾਰੀ ਕਾਇਮ ਕੀਤੀ। ਪਾਕਿਸਤਾਨ ਟੂਰਨਾਮੈਂਟ ਦੀ ਇਕੋ ਇਕ ਅਜੇਤੂ ਟੀਮ ਰਹੀ ਉਸਨੇ ਕੁਲ 35 ਗੋਲ ਕੀਤੇ। ਅਸਟਰੇਲੀਆ ਜਰਮਨੀ ਨੂੰ ਹਰਾ ਕੇ ਤੀਸਰੇ ਸਥਾਨ ਤੇ ਰਿਹਾ, ਜਦ ਕਿ ਪਿਛਲਾ ਚੈਂਪੀਅਨ ਭਾਰਤ ਆਖਰੀ ਮੈਚ ਵਿਚ ਸਪੇਨ ਹੱਥੋਂ 2-0 ਨਾਲ ਹਾਰ ਕੇ ਛੇਵੇਂ ਸਥਾਨ ਤੇ ਹੀ ਸਬਰ ਕਰਨਾ ਪਿਆ। ਹਾਲੈਂਡ ਦਾ ਪਾਲ ਲਿਤਜਿਨ ਪੰਦਰਾਂ ਗੋਲ ਕਰਕੇ ਵਿਸ਼ਵ ਕੱਪ ਦਾ ਸਰਵੋਤਮ ਸਕੋਰਰ ਬਣਿਆ। ਆਖਰੀ ਰੈਂਕਿੰਗ ਮੁਤਾਬਿਕ 1978 ਵਿਸ਼ਵ ਕੱਪ ਵਿਚ ਪਾਕਿਸਤਾਨ ਨੂੰ ਪਹਿਲਾ, ਹਾਲੈਂਡ ਨੂੰ ਦੂਸਰਾ, ਅਸਟਰੇਲੀਆ ਨੂੰ ਤੀਸਰਾ, ਜਰਮਨੀ ਨੂੰ ਚੌਥਾ, ਸਪੇਨ ਨੂੰ ਪੰਜਵਾਂ, ਇੰਡੀਆ ਨੂੰ ਛੇਵਾਂ, ਇੰਗਲੈਂਡ ਨੂੰ ਸੱਤਵਾਂ, ਅਰਜਨ ਟਾਈਨਾ ਨੂੰ ਅੱਠਵਾਂ, ਪੋਲੈਂਡ ਨੂੰ ਨੌਵਾਂ, ਮਲੇਸ਼ੀਆਂ ਨੂੰ 10ਵਾਂ, ਕੈਨੇਡਾ ਨੂੰ 11ਵਾਂ, ਆਇਰਲੈਂਡ ਨੂੰ 12ਵਾਂ, ਇਟਲੀ ਨੂੰ 13ਵਾਂ, ਬੈਲਜ਼ੀਅਮ ਨੂੰ 14ਵਾਂ ਸਥਾਨ ਹਾਸਿਲ ਹੋਇਆ।

1982 ਵਿਸ਼ਵ ਕੱਪ ਹਾਕੀ ਮੁਕਾਬਲਾ

ਜਦੋਂ ਪਾਕਿਸਤਾਨ ਦੀ ਵਿਸ਼ਵ ਕੱਪ ਹਾਕੀ ਵਿਚ ਬਣੀ ਮੁੜ ਸਰਦਾਰੀ

1971 ਭਾਰਤ ਪਾਕਿਸਤਾਨ ਦੇ ਲੜਾਈ ਵਾਲੇ ਰਾਜਨੀਤਿਕ ਹਾਲਾਤਾਂ  ਮੁਤਾਬਿਕ ਭਾਰਤ ਤੋਂ ਖੁੱਸੀ ਮੇਜ਼ਬਾਨੀ ਅਖੀਰ ਇਕ ਦਹਾਕੇ ਬਾਅਦ ਮਿਲੀ। 1982 ਵਿਸ਼ਵ ਕੱਪ ਹਾਕੀ ਮੁਕਾਬਲਾ 29 ਦਸੰਬਰ ਤੋਂ ਲੈ ਕੇ 12 ਜਨਵਰੀ ਤੱਕ ਵਾਨਖੇੜੇ ਸਟੇਡੀਅਮ ਮੁਬੰਈ ਵਿਖੇ ਹੋਇਆ। ਇਹ ਆਖਰੀ ਵਿਸ਼ਵ ਕੱਪ ਹਾਕੀ ਮੁਕਾਬਲਾ ਸੀ ਜੋ ਘਾਹ ਵਾਲੀਆਂ ਗਰਾਊਂਡਾਂ ਉਪਰ ਖੇਡਿਆ ਗਿਆ। 1982 ਵਿਸ਼ਵ ਕੱਪ ਵਿਚ ਕੁਲ 12 ਟੀਮਾਂ ਨੇ ਹਿੱਸਾ ਲਿਆ। ਪੂਲ ਏ ਵਿਚ ਪਾਕਿਸਤਾਨ, ਜਰਮਨੀ, ਸਪੇਨ, ਅਰਜਨ ਟਾਈਨਾ, ਪੋਲੈਂਡ, ਨਿਊਜੀਲੈਂਡ ਅਤੇ ਪੂਲ ਬੀ ਵਿਚ ਭਾਰਤ,ਹਾਲੈਂਡ,ਅਸਟਰੇਲੀਆ, ਇੰਗਲੈਂਡ, ਸੋਵੀਅਤ ਸੰਘ ਮੇਲਸ਼ੀਆ ਨੂੰ ਰੱਖਿਆ ਗਿਆ। ਘਾਹ ਦੀ ਹਾਕੀ ਦਾ ਮੁਕਾਬਲਾ ਹੋਣ ਕਾਰਨ ਭਾਰਤ ਅਤੇ ਪਾਕਿਸਤਾਨ ਇਸ ਵਿਸ਼ਵ ਕੱਪ ਦੇ ਵੱਡੇ ਜੇਤੂ ਦਾਅਵੇਦਾਰ ਸਨ, ਕਿਉਂਕਿ ਇਸ ਤੋਂ ਪਹਿਲਾ 1980 ਮਾਸਕੋ ਉਲੰਪਿਕ ਐਸਟਰੋਟਰਫ਼ ਹਾਕੀ ਮੈਦਾਨ ਤੇ ਖੇਡੀ ਗਈ ਸੀ ਅੇਤ ਐਫ. ਆਈ. ਐਚ. ਨੇ ਇਹ ਐਲਾਨ ਕਰ ਦਿੱਤਾ ਸੀ ਕਿ 1982 ਵਿਸ਼ਵ ਕੱਪ ਤੋਂ ਬਾਅਦ ਹਾਕੀ ਦਾ ਹਰ ਅੰਤਰਰਾਸ਼ਟਰੀ ਮੈਚ ਐਸਟਰੋਟਰਫ਼ ਤੇ ਹੀ ਖੇਡਿਆ ਜਾਵੇਗਾ।

ਭਾਰਤੀ ਹਾਕੀ ਟੀਮ ਕਪਤਾਨ ਸੁਰਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਖੇਡੀ, ਜਦ ਕਿ ਪਾਕਿਸਤਾਨੀ ਟੀਮ ਅਖ਼ਤਰ ਰਸੂਲ ਦੀ ਕਪਤਾਨੀ ਹੇਠ ਮੈਦਾਨਾਂ ਵਿਚ ਨਿਤਰੀ। ਭਾਰਤ ਨੇ ਆਪਣੇ ਮੁੱਢਲੇ ਮੈਚ ਵਿਚ ਮਲੇਸ਼ੀਆ ਨੂੰ 6-2 ਨਾਲ ਫਿਰ ਸੋਵੀਅਤ ਸੰਘ ਨੂੰ 7-2 ਨਾਲ, ਇੰਗਲੈਂਡ ਨੂੰ 4-2 ਨਾਲ ਜਿੱਤ ਗਈ, ਪਰ ਹਾਲੈਂਡ ਵਿਰੁੱਧ ਦੋ ਗੋਲਾਂ ਦੀ ਵੱਡੀ ਲੀਡ ਲੈਣ ਦੇ ਬਾਵਜੂਦ 3-4 ਨਾਲ ਹਾਰ ਗਈ। ਆਖਰੀ ਲੀਗ ਮੈਚ ਵਿਚ ਸੈਮੀਫਾਈਨਲ ਵਿਚ ਪੁੱਜਣ ਲਈ ਭਾਰਤ ਨੂੰ ਸਿਰਫ਼ ਆਸਟਰੇਲੀਆ ਨਾਲ ਸਿਰਫ਼ ਬਰਾਬਰੀ ਤੇ ਖੇਡਣ ਦੀ ਲੋੜ ਸੀ, ਪਰ ਭਾਰਤੀ ਟੀਮ ਇਹ ਮੁਕਾਬਲਾ 1-2 ਨਾਲ ਹਾਰ ਗਈ। ਭਾਵੇਂ ਮੈਚ ਦੇ ਆਖਰੀ ਪਲਾਂ ਵਿਚ ਫੁਲਬੈਕ ਰਜਿੰਦਰ ਸਿੰਘ ਨੇ ਗੋਲ ਕਰਕੇ ਮੈਚ ਬਰਾਬਰੀ ਤੇ ਲੈ ਆਂਦਾ ਸੀ, ਪਰ ਰੈਫ਼ਰੀ ਨੇ ਜਿਊ ਹੀ ਗੋਲ ਦੇਣ ਤੋਂ ਇਨਕਾਰ ਕੀਤਾ ਨਾ ਸਿਰਫ਼ ਭਾਰਤੀ ਟੀਮ ਸੈਮੀਫਾਈਨਲ ਵਿਚੋਂ ਬਾਹਰ ਹੋਈ ਸਗੋਂ ਪੂਰੇ ਮੁਲਕ ਵਿਚ ਨਾਮੋਸ਼ੀ ਛਾ ਗਈ।  ਜਦੋਂ ਭਾਰਤ ਹਾਰਿਆ ਤਾਂ ਭਾਰਤੀ ਖਿਡਾਰੀ ਸੁਰਜੀਤ ਸਿੰਘ, ਰਜਿੰਦਰ ਸਿੰਘ,ਸੁਰਿੰਦਰ ਸੋਢੀ ਵਰਗੇ ਹੋਰ ਖਿਡਾਰੀ ਤਾਂ ਗਰਾਊਂਡ ਦੇ ਵਿਚ ਹੀ ਢਹਿ ਢੇਰੀ ਹੋ ਗਏ। ਉਪਰੋਂ ਦਰਸ਼ਕਾਂ ਵਿਚੋਂ ਕਿਸੇ ਨੇ ਮਹਿਣਾ ਮਾਰਿਆ 'ਕੇ ਅਰੇ ਸੁਸਰੋ ਹੁਣ ਹਾਕੀ ਛੱਡ ਕੇ ਗੁੱਲੀ ਡੰਡਾ ਖੇਡਣਾ ਸ਼ੁਰੂ ਕਰ ਦਿਓ' ਇਹ ਦੁਖ਼ਦਾਈ ਪਲ ਉਹ ਖਿਡਾਰੀ ਹੀ ਜਾਣਦੇ ਹਨ ਜੋ ਉਸ ਵੇਲੇ ਉਨ੍ਹਾਂ ਦੇ ਸਿਰ ਤੇ ਬੀਤੀ ਸੀ।

ਅਸਟਰੇਲੀਆ ਅਤੇ ਹਾਲੈਂਡ ਨੇ ਆਪਣੇ ਵਿਰੋਧੀਆਂ ਨੂੰ ਹਰਾਉਂਦਿਆਂ ਇਸ ਪੂਲ ਵਿਚ ਆਪਣੀ ਜਗ੍ਹਾ ਸੈਮੀਫਾਈਨਲ ਵਿਚ ਪੱਕੀ ਕੀਤੀ। ਦੂਸਰੇ ਪਾਸੇ ਪਾਕਿਸਤਾਨ ਦੇ ਸੁਪਰ ਸਟਾਰ ਸਮੀਊਲਾ, ਕਮੀਊਲਾ, ਹਸਨ ਸਰਦਾਰ, ਹਨੀਫ਼ ਖਾਨ, ਮਨਜ਼ੂਰ ਜੂਨੀਅਰ ਤੇ ਅਧਾਰਿਤ ਫਾਰਵਰਡ ਲਾਈਨ ਨੇ ਵਧੀਆ ਹਾਕੀ ਦਾ ਮੁਜ਼ਾਹਰਾ ਕਰਦਿਆਂ ਪੂਰੀ ਦੁਨੀਆਂ ਵਿਚ ਧਾਕ ਜਮਾਈ। ਪਾਕਿਸਤਾਨ ਨੇ ਅਰਜਨ ਟਾਈਨਾ ਨੂੰ 6-1, ਜਰਮਨੀ ਨੂੰ 5-3, ਪੋਲੈਂਡ ਅਤੇ ਸਪੇਨ ਨੂੰ 4-1, ਨਿਊਜੀਲੈਂਡ ਨੂੰ 12-3 ਨਾਲ ਹਰਾਇਆ। ਦੂਸਰੀ ਟੀਮ ਜਰਮਨੀ ਇਸ ਪੂਲ ਵਿਚੋਂ ਸੈਮੀਫਾਈਨਲ ਵਿਚ ਪੁੱਜੀ। ਪਹਿਲੇ ਸੈਮੀਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਨੇ ਹਾਲੈਂਡ ਨੂੰ 4-2 ਨਾਲ ਹਰਾਇਆ। ਦੂਸਰੇ ਸੈਮੀਫਾਈਨਲ ਮੁਕਾਬਲੇ ਵਿਚ ਜਰਮਨੀ ਅਤੇ ਅਸਟਰੇਲੀਆ 3-3 ਤੇ ਬਰਾਬਰ ਖੇਡੇ। ਅਖੀਰ ਪਨੈਲਟੀ ਸਟਰੋਕਾਂ ਵਿਚ 8-5 ਨਾਲ ਜੇਤੂ ਰਿਹਾ। ਪਾਕਿਸਤਾਨ ਦਾ ਇਹ ਤੀਸਰਾ ਫਾਈਨਲ ਮੁਕਾਬਲਾ ਸੀ ਜਦ ਕਿ ਜਰਮਨੀ ਪਹਿਲੀ ਵਾਰ ਫਾਈਨਲ ਵਿਚ ਪੁੱਜਿਆ। ਪਾਕਿਸਤਾਨ ਨੇ ਜਰਮਨੀ ਨੂੰ ਫਾਈਨਲ ਵਿਚ 3-1 ਨਾਲ ਹਰਾ ਕੇ ਤੀਸਰੀ ਵਾਰ ਵਿਸ਼ਵ ਕੱਪ ਵਿਚ ਆਪਣੀ ਸਰਦਾਰੀ ਕਾਇਮ ਕੀਤੀ। ਪਾਕਿਸਤਾਨ ਨੇ ਕੁਲ 38 ਗੋਲ ਕੀਤੇ ਅਤੇ 12 ਉਸਦੇ ਖਿਲਾਫ਼ ਹੋਏ।

ਭਾਰਤ ਦਾ ਫੁਲਬੈਕ ਰਜਿੰਦਰ ਸਿੰਘ 12 ਗੋਲ ਕਰਕੇ ਵਿਸ਼ਵ ਕੱਪ ਦਾ ਸਰਵੋਤਮ ਸਕੋਰਰ ਬਣਿਆ। ਭਾਰਤ ਵਰਗੀਕਰਣ ਮੈਚਾਂ ਵਿਚ ਨਿਊਜੀਲੈਂਡ ਨੂੰ 3-2 ਅਤੇ ਸੋਵੀਅਤ ਸੰਘ ਨੂੰ 5-1 ਨਾਲ ਹਰਾ ਕੇ 5ਵੇਂ ਸਥਾਨ ਤੇ ਰਿਹਾ। ਇਸ ਵੇਲੇ ਪਾਕਿਸਤਾਨ ਦੀ ਹਾਕੀ ਦਾ ਜਾਦੂ ਸਿਰ ਚੜ੍ਹ ਕੇ ਬੋਲਿਆ। ਇਸ ਤੋਂ ਬਾਅਦ 1984 ਵਿਚ ਉਲੰਪਿਕ ਖੇਡਾਂ ਵਿਚ ਸੋਨ ਤਗ਼ਮਾ ਅਤੇ ਏਸ਼ੀਅਨ ਖੇਡਾਂ ਵਿਚ ਸੋਨ ਤਗ਼ਮਾ ਜਿੱਤ ਕੇ ਪਹਿਲਾ ਅਜਿਹਾ ਮੁਲਕ ਬਣਿਆ ਜਿਸ ਨੇ ਇਕੋ ਵੇਲੇ ਤਿੰਨ ਵੱਡੇ ਖ਼ਿਤਾਬ ਆਪਣੇ ਨਾਮ ਕੀਤੇ। 1986 ਵਿਸ਼ਵ ਕੱਪ ਦੀ ਮੇਜ਼ਬਾਨੀ ਇੰਗਲੈਂਡ ਦੇ ਸ਼ਹਿਰ ਲੰਡਨ ਨੂੰ ਮਿਲੀ। ਉਥੇ ਭਾਰਤ ਪਾਕਿਸਤਾਨ ਨਾਲ ਕੀ ਭਾਅ ਵਿਕੀ,ਇਸਦਾ ਵਰਨਣ ਅਗਲੇ ਕਾਲਮ ਵਿਚ ਕਰਾਂਗੇ। (ਚਲਦਾ)