• Home
  • ਕੈਨੇਡਾ ਨੂੰ ਜਾਂਦੇ ਰਾਹ:- ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ ਲਈ ਕੀ ਹੈ ਐੱਸ ਡੀ ਐੱਸ ਤੇ ਜਨਰਲ ਸਟੱਡੀ ਵੀਜ਼ਾ..?

ਕੈਨੇਡਾ ਨੂੰ ਜਾਂਦੇ ਰਾਹ:- ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ ਲਈ ਕੀ ਹੈ ਐੱਸ ਡੀ ਐੱਸ ਤੇ ਜਨਰਲ ਸਟੱਡੀ ਵੀਜ਼ਾ..?

ਮੋਗਾ, 19 ਜੂਨ (ਕੁਲਵਿੰਦਰ ਕੌਰ ਸੋਸਣ) : ਕਨੇਡਾ ਨੂੰ ਜਾਂਦੇ ਰਾਹ’ ਕਾਲਮ ਰਾਹੀਂ  ਕਨੇਡਾ ਦੇ ਵੀਜ਼ਾ ਪ੍ਰੋਗਰਾਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਜਾਇਆ ਕਰੇਗੀ। ਸ਼ੁਰੂਆਤ ਵਿਦਿਆਰਥੀਆਂ ਤੋਂ ਕਰਦਿਆਂ ਐਸ.ਡੀ.ਐਸ. ਤੇ ਜਨਰਲ ਵੀਜ਼ੇ ਬਾਰੇ ਵਿਸ਼ੇਸ਼ ਲੇਖ ਇਥੇ ਪੜ੍ਹੋ।

ਕਨੇਡਾ ਪੜ੍ਹਾਈ ਕਰਨ ਜਾ ਰਹੇ ਵਿਦਿਆਰਥੀ ਅਕਸਰ ਏਜੰਟਾਂ ਦੇ ਸ਼ਿਕੰਜੇ ਵਿੱਚ ਫਸ ਜਾਂਦੇ ਹਨ ਤੇ ਉਹਨਾਂ ਨੂੰ ਸਟੱਡੀ ਵੀਜੇ ਬਾਰੇ ਕੱਖ ਵੀ ਪਤਾ ਨਹੀਂ ਹੁੰਦਾ। ਉਹ ਆਇਲੈਟਸ ਕਰਨ ਤੇ ਫੀਸ ਭਰਨ ਤੋਂ ਇਲਾਵਾ ਕੁਝ ਨਹੀਂ ਜਾਣਦੇ ਤੇ ਉਹਨਾਂ ਦਾ ਵੀਜ਼ਾ ਕਮਜ਼ੋਰ ਫਾਈਲ ਕਰਕੇ ਰਿਜੈਕਟ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਤਾਂ ਵਿਦਿਆਰਥੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਕੇਸ ਕਿਸ ਕੈਟਾਗਿਰੀ ਅਧੀਨ ਲਾ ਸਕਦੇ ਹਨ।

ਐਸ.ਡੀ.ਐਸ. ਸਟੱਡੀ ਪਰਮਿਟ ਪ੍ਰੋਗਰਾਮ:- ਐਸ.ਡੀ.ਐਸ. ਦਾ ਪੂਰਾ ਨਾਮ ‘ਸਟੂਡੈਂਟ ਡਾਇਰੈਕਟ ਸਟਰੀਮ’ ਹੈ। ਇਹ ਸਿਰਫ ਚਾਰ ਦੇਸ਼ਾਂ ਦੇ ਵਿਦਿਆਰਥੀਆਂ ਲਈ ਹੀ ਹੈ:-

1.       ਭਾਰਤ 2. ਚੀਨ 3. ਵੀਅਤਨਾਮ 4. ਫਿਲਪੀਨਜ਼

ਕੀ ਹਨ ਸ਼ਰਤਾਂ:-

1.       ਜੇਕਰ ਵਿਦਿਆਰਥੀ 12ਵੀਂ ਪਾਸ ਹੈ ਤਾਂ ਆਇਲੈਟਸ ਦੇ ਹਰੇਕ ਮਡਿਊਲ (ਰੀਡਿੰਗ, ਰਾਈਟਿੰਗ, ਲਿਸਨਿੰਗ, ਸਪੀਕਿੰਗ) ਵਿੱਚੋਂ 6.0 ਤੋਂ ਘੱਟ ਬੈਂਡ ਸਕੋਰ ਨਹੀਂ ਹੋਣੇ ਚਾਹੀਦੇ ਤੇ ਉਵਰਆਲ ਵੀ 6.0 ਹੋਣ।

2.       ਜੇਕਰ ਵਿਦਿਆਰਥੀ ਬੀਏ, ਬੀ.ਐਸ.ਸੀ., ਬੀ-ਕੌਮ, ਬੀਸੀਏ ਆਦਿ ਬੈਚਲਰ ਦੀ ਡਿਗਰੀ ਤੋਂ ਬਾਅਦ ਅਪਲਾਈ ਕਰ ਰਿਹਾ ਹੈ ਤਾਂ ਕਿਸੇ ਵੀ ਮਡਿਊਲ (ਰੀਡਿੰਗ, ਰਾਈਟਿੰਗ, ਲਿਸਨਿੰਗ, ਸਪੀਕਿੰਗ) ਵਿੱਚੋਂ 6.0 ਤੋਂ ਘੱਟ ਬੈਂਡ ਸਕੋਰ ਨਹੀਂ ਹੋਣੇ ਚਾਹੀਦੇ ਤੇ ਉਵਰਆਲ 6.5 ਬੈਂਡ ਸਕੋਰ ਹੋਣੇ ਚਾਹੀਦੇ ਹਨ।

3.       ਵਿਦਿਆਰਥੀ ਨੂੰ ਕਨੇਡਾ ਦੀ ਕੁਝ ਚੋਣਵੀਆਂ ਬੈਂਕਾਂ ‘ਚੋਂ ਕਿਸੇ ਇੱਕ ਤੋਂ ਜੀ.ਆਈ.ਸੀ. (Guaranteed Investment Certificate) ਖਰੀਦਣਾ ਪਵੇਗਾ, ਜੋ ਕਿ 10,000 ਕਨੇਡੀਅਨ ਡਾਲਰ ਦਾ ਹੁੰਦਾ ਹੈ। ਬੈਂਕ ਵੱਲੋਂ 200 ਕਨੇਡੀਅਨ ਡਾਲਰ ਖਰਚੇ ਵਜੋਂ ਵੱਧ ਜਮਾਂ ਕਰਵਾਉਂਦੇ ਹਨ। ਜੀ.ਆਈ.ਸੀ. ਵਿੱਚੋਂ 2000 ਡਾਲਰ ਬੱਚੇ ਨੂੰ ਕਨੇਡਾ ਪਹੁੰਚਣ ਸਾਰ ਮਿਲ ਜਾਂਦਾ ਹੈ ਤੇ ਬਾਕੀ ਹਰੇਕ ਮਹੀਨੇ 667 ਡਾਲਰ ਦੀ ਕਿਸ਼ਤ ਸਾਲ ਭਰ ਮਿਲਦੀ ਰਹਿੰਦੀ ਹੈ ਤੇ ਬੱਚਾ ਆਪਣੇ ਰਹਿਣ ਸਹਿਣ ਦਾ ਖਰਚਾ ਕਰਦਾ ਰਹਿੰਦਾ ਹੈ।

4.       ਮੈਡੀਕਲ ਸਰਟੀਫਿਕੇਟ ਕਨੇਡਾ ਸਰਕਾਰ ਵਲੋਂ ਮਾਨਤਾ ਪ੍ਰਾਪਤ ਡਾਕਟਰ (ਭਾਰਤ ਵਿੱਚ ਹੀ) ਤੋਂ ਲੈਣਾ ਪਵੇਗਾ।

5.       ਪਹਿਲੇ ਸਾਲ ਦੀ ਪੂਰੀ ਟਿਊਸ਼ਨ ਫੀਸ ਭਰਨੀ ਪਵੇਗੀ।

6.       ਪੁਲਸ ਕਲੀਅਰੈਂਸ ਸਰਟੀਫਿਕੇਟ ਲਗਾ ਦਿੱਤਾ ਜਾਵੇ ਤਾਂ ਬਹੁਤ ਵਧੀਆ ਹੈ ਪਰ ਲਾਜ਼ਮੀ ਨਹੀਂ ਹੈ।

7.       ਡੀ.ਐਲ.ਆਈ. ਕਾਲਜ/ਯੂਨਵਰਸਿਟੀ ਤੋਂ ਆਫਰ ਲੈਟਰ (letter of acceptance) ਹਾਸਿਲ ਕੀਤੀ ਹੋਵੇ।

8.       ਅਪਲਾਈ ਕਰਨ ਵੇਲੇ ਵਿਦਿਆਰਥੀ ਕਨੇਡਾ ਵਿੱਚ ਨਹੀਂ ਹੋਣਾ ਚਾਹੀਦਾ।

9.       ਸਿਰਫ ਆਨਲਾਈਨ ਹੀ ਅਪਲਾਈ ਕੀਤਾ ਜਾ ਸਕਦਾ ਹੈ।

10.   ਵੀਜ਼ਾ ਅਫਸਰ ਨੂੰ ਐਸ.ਓ.ਪੀ. (ਸਟੇਟਮੈਂਟ ਆਫ ਪਰਪਜ਼) ਰਾਹੀਂ ਵਿਸ਼ਵਾਸ ਦਿਵਾਉ ਕਿ ਤੁਸੀਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਨੇਡਾ ਛੱਡ ਕੇ ਵਾਪਸ ਆਪਣੇ ਦੇਸ਼ ਜਾਉਂਗੇ।

ਕੀ ਹੈ ਜਨਰਲ ਵੀਜ਼ਾ:-

ਜੇਕਰ ਵਿਦਿਆਰਥੀ ਦੇ ਆਇਲੈਟਸ ਵਿੱਚੋਂ ਉਕਤ ਸਕੋਰ ਨਹੀਂ ਆਉਂਦੇ ਤਾਂ ਉਸਨੂੰ ਜਨਰਲ ਸਟੱਡੀ ਪਰਮਿਟ ਕੈਟਾਗਿਰੀ ਵਿੱਚ ਹੀ ਗਿਣਿਆ ਜਾਵੇਗਾ।

ਕੀ ਹੈ ਜਨਰਲ ਵੀਜ਼ੇ ਦੀਆਂ ਸ਼ਰਤਾਂ

1.       ਡੀ.ਐਲ.ਆਈ. ਕਾਲਜ/ਯੂਨਵਰਸਿਟੀ ਤੋਂ ਆਫਰ ਲੈਟਰ (letter of acceptance) ਹਾਸਿਲ ਕੀਤੀ ਹੋਵੇ।

2.       ਪਹਿਲੇ ਸਾਲ ਦੀ ਪੂਰੀ ਟਿਊਸ਼ਨ ਫੀਸ ਭਰਨੀ ਪਵੇਗੀ। ਜਾਂ ਫਿਰ ਚਾਰ ਮਹੀਨੇ ਪੁਰਾਣੇ ਫੰਡ ਬੈਂਕ ਵਿੱਚ ਦਿਖਾਉ।

3.       ਜੀ.ਆਈ.ਸੀ. ਭਰਨੀ ਪਵੇਗੀ ਜਾਂ ਫਿਰ ਚਾਰ ਮਹੀਨੇ ਪੁਰਾਣੇ ਫੰਡ ਆਪਣੇ ਖਾਤੇ ਵਿੱਚ ਦਿਖਾਉ।

4.       ਜੇ ਪਹਿਲੇ ਸਾਲ ਦੀ ਫੀਸ ਭਰੀ ਹੈ ਤਾਂ ਦੂਜੇ ਸਾਲ ਦੀ ਫੀਸ ਭਰਨ ਲਈ ਮਾਤਾ-ਪਿਤਾ ਕੋਲ ਫੰਡ/ਪ੍ਰਾਪਰਟੀ/ਆਮਦਨ ਦਿਖਾਉ। ਪ੍ਰਾਪਰਟੀ ਦੀ ਵੈਲਊਏਸ਼ਨ ਰਿਪੋਰਟ ਸੀ.ਏ. ਤੋਂ ਬਣਾਉ ਤੇ ਮਾਤਾ ਪਿਤਾ ਦੀਆਂ ਦੋ ਸਾਲਾਂ ਦੀ ਆਮਦਨ ਕਰ ਰਿਟਰਨਾਂ ਭਰਵਾਉ। ਫੰਡ ਚਾਰ ਮਹੀਨੇ ਪੁਰਾਣੇ ਹੋਣੇ ਚਾਹੀਦੇ ਹਨ।

5.       ਜੇ ਇੱਕ ਸਾਲ ਦਾ ਕੋਰਸ ਕਰਨ ਲਈ ਕਨੇਡਾ ਜਾ ਰਹੇ ਹੋਂ ਤਾਂ ਇੱਕ ਸਾਲ ਦੀਆਂ ਫੀਸਾਂ, ਰਹਿਣ ਸਹਿਣ ਦੇ ਖਰਚੇ (ਜੀ.ਆਈ.ਸੀ.) ਕਿਤਾਬਾਂ ਆਦਿ ਦੇ ਖਰਚੇ ਲਈ ਚਾਰ ਮਹੀਨੇ ਪੁਰਾਣੇ ਫੰਡ ਵਿਖਾਉਣੇ ਜਰੂਰੀ ਹਨ।

6.       ਜੇ ਦੋ ਸਾਲ ਦਾ ਕੋਰਸ ਹੈ ਤਾਂ ਦੋ ਸਾਲਾਂ ਦੀਆਂ ਫੀਸਾਂ, ਰਹਿਣ-ਸਹਿਣ ਦੇ ਖਰਚੇ ਤੇ ਕਿਤਾਬਾਂ ਆਦਿ ਦੇ ਖਰਚੇ ਲਈ ਚਾਰ ਮਹੀਨੇ ਪੁਰਾਣੇ ਫੰਡ ਦਿਖਾਉ।

7.       ਮੈਡੀਕਲ ਸਰਟੀਫਿਕੇਟ ਕਨੇਡਾ ਸਰਕਾਰ ਵਲੋਂ ਮਾਨਤਾ ਪ੍ਰਾਪਤ ਡਾਕਟਰ (ਭਾਰਤ ਵਿੱਚ ਹੀ) ਤੋਂ ਲੈਣਾ ਪਵੇਗਾ।

8.       ਪੁਲਸ ਕਲੀਅਰੈਂਸ ਸਰਟੀਫਿਕੇਟ ਲਗਾ ਦਿੱਤਾ ਜਾਵੇ ਤਾਂ ਬਹੁਤ ਵਧੀਆ ਹੈ ਪਰ ਲਾਜ਼ਮੀ ਨਹੀਂ ਹੈ।

9.       ਆਨਲਾਈਨ ਤੇ ਪੇਪਰ ਫਾਈਲ ਦੋਨਾਂ ਤਰੀਕਿਆਂ ਰਾਹੀਂ ਹੀ ਅਪਲਾਈ ਕੀਤਾ ਜਾ ਸਕਦਾ ਹੈ।

10.   ਕਨੇਡਾ ਨੂੰ ਜਾਣ ਲਈ ਆਉਣ ਵਾਲੇ ਤੇ ਵਾਪਸ ਜਾਣ ਵਾਲੇ ਹਵਾਈ ਟਿਕਟ ਆਦਿ ਦੇ ਖਰਚੇ ਦੇ ਫੰਡ ਵੀ ਵਿਖਾਉਣੇ ਪੈਣਗੇ।

11.   ਵੀਜ਼ਾ ਅਫਸਰ ਨੂੰ ਐਸ.ਓ.ਪੀ. (ਸਟੇਟਮੈਂਟ ਆਫ ਪਰਪਜ਼) ਰਾਹੀਂ ਵਿਸ਼ਵਾਸ ਦਿਵਾਉ ਕਿ ਤੁਸੀਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਨੇਡਾ ਛੱਡ ਕੇ ਵਾਪਸ ਆਪਣੇ ਦੇਸ਼ ਜਾਉਂਗੇ।

ਸਟੱਡੀ ਪਰਮਿਟ ਵਿੱਚ ਲੱਗਣ ਵਾਲਾ ਸਮਾਂ

ਐਸ.ਡੀ.ਐਸ. ਰਾਹੀਂ ਲਗਾਈ ਫਾਈਲ ‘ਤੇ 21 ਕੰਮ ਕਾਜ ਵਾਲੇ ਦਿਨਾਂ (ਸ਼ਨੀ-ਐਂਤਵਾਰ ਤੇ ਛੁੱਟੀਆਂ ਕੱਢ ਕੇ) ਦਾ ਸਮਾਂ ਲੱਗਦਾ ਹੈ। ਇਸ ਵਿੱਚੋਂ ਉਹ ਦਿਨ ਘਟਾ ਲਏ ਜਾਣ, ਜਿਹੜੇ ਦਿਨ ਤੁਹਾਨੂੰ ਬਾਇਮੈਟਰਿਕ (ਫਿੰਗਰ ਪ੍ਰਿੰਟ) ਦੇਣ ਅਤੇ ਪਾਸਪੋਰਟ ਜਮਾਂ ਕਰਵਾਉਣ ‘ਤੇ ਲੱਗਦੇ ਹਨ। ਇਸੇ ਤਰ੍ਹਾਂ ਵੀਜ਼ਾ ਐਪਲੀਕੇਸ਼ਨ ਸੈਂਟਰ ਤੋਂ ਮਾਈਗਰੇਸ਼ਨ ਕਨੇਡਾ ਤੱਕ ਫਾਈਲ ਪਹੁੰਚਣ ਦਾ ਸਮਾਂ ਵੀ ਘਟਾ ਲਿਆ ਜਾਵੇ। ਫਿਰ ਵੀ ਸਟੱਡੀ ਪਰਮਿਟ ਲਈ ਆਉਣ ਵਾਲੀਆਂ ਅਰਜੀਆਂ ਦੀ ਗਿਣਤੀ ਵਧਣ ਤੇ ਇਹ ਸਮਾਂ ਵਧਾਇਆ ਵੀ ਜਾ ਸਕਦਾ ਹੈ।

ਜਨਰਲ ਸਟਰੀਮ ਰਾਹੀਂ ਲਗਾਈ ਫਾਈਲ ਦਾ ਵੀ ਭਾਵੇਂ ਇੰਨਾ ਹੀ ਸਮਾਂ ਦੱਸਿਆ ਗਿਆ ਹੈ ਪਰ ਅਰਜੀਆਂ ਵੱਧ ਆਉਣ ਕਾਰਨ ਲੇਟ ਹੋ ਜਾਂਦਾ ਹੈ।

ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਕਨੇਡਾ ਸਰਕਾਰ ਦੀ ਵੈੱਬਸਾਈਟ www.cic.gc.ca ਤੋਂ ਹਾਸਿਲ ਕਰ ਸਕਦਾ ਹੈ। ਜੇਕਰ ਵਿਦਿਆਰਥੀ ਹੋਰ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ +919855651296 ‘ਤੇ ਸੰਪਰਕ ਕਰ ਸਕਦਾ ਹੈ।