• Home
  • ਗਾਂਧੀ ਤੇਰੇ ਦੇਸ ਵਿੱਚ !

ਗਾਂਧੀ ਤੇਰੇ ਦੇਸ ਵਿੱਚ !

ਗਾਂਧੀ ਤੇਰੇ ਦੇਸ ਵਿੱਚਹਾ

ਕਮਾਂ ਦੇ ਭੇਸ ਵਿੱਚ

ਦਾਨਵ ਦਨਦਨਾਉਂਦਾ ਹੈ।
ਆਪੇ ਤੀਲੀ ਬਾਲਦਾ,
ਆਪ ਹੀ ਬੁਝਾਉਂਦਾ ਹੈ।

ਗਾਂਧੀ ਤੇਰੇ ਦੇਸ ਵਿੱਚ
ਧਰਮ ਵੀ ਈਮਾਨ ਵੀ
ਸਾਧੂ ਤੇ ਸ਼ੈਤਾਨ ਵੀ
ਮਨੁੱਖ ਵੀ ਹੈਵਾਨ ਵੀ
ਇੱਕੋ ਬੋਲੀ ਬੋਲਦੇ
ਆਦਮੀ ਦੀ ਲਾਸ਼ ਵੱਟੇ
ਰਾਜ ਭਾਗ ਤੋਲਦੇ
ਬੜੇ ਸਿਦਕਵਾਨ ਨੇ,
ਸੰਘੀਆਂ ਨਪੀੜਦੇ ਨੇ
ਹੱਥ ਨਹੀਂਓ ਂ ਡੋਲਦੇ।

ਗਾਂਧੀ ਤੇਰੇ ਦੇਸ ਵਿੱਚ
ਕੈਸਾ ਇਹ ਰਿਵਾਜ਼ ਹੈ।
ਜਿਉਂਦੇ ਬੰਦੇ ਸਾੜ ਕੇ,
ਸਹਿਮੀਆਂ ਮਾਸੂਮ ਜਿੰਦਾਂ
ਬੂਹਿਆਂ ਅੰਦਰ ਤਾੜ ਕੇ
ਕੈਸਾ ਰਾਮ ਰਾਜ ਹੈ।
ਰਾਵਣਾਂ ਦੀ ਫੌਜ ਮੱਥੇ
ਸੋਨੇ ਵਾਲਾ ਤਾਜ ਹੈ।

ਗਾਂਧੀ ਤੇਰੇ ਦੇਸ ਵਿੱਚ
ਕਿਰਤੀ ਕਿਸਾਨਾਂ ਨੂੰ
ਕਾਲਜਾਂ ਸਕੂਲਾਂ ਦੇ
ਪੜ੍ਹਾਕੂ ਨੌਜਵਾਨਾਂ ਨੂੰ।
ਬਣ ਚੁਕੇ ਇਨ੍ਹਾਂ ਸਾਰੇ
ਤੀਰ ਤੇ ਕਮਾਨਾਂ ਨੂੰ।
ਬੰਦਿਆਂ ਦੇ ਵਾਂਗ ਕੌਣ
ਜੀਵਣਾ ਸਿਖਾਏਗਾ।
ਨਹੀਂ ਤੇ ਫੇਰ ਵੇਖ ਲੈਣਾ
ਧਰਤੀ ਤੇ ਹਰ ਬੰਦਾ
ਆਪਣੀ ਔਲਾਦ ਨੂੰ ਹੀ
ਭੁੰਨ ਭੁੰਨ ਖਾਏਗਾ।

ਗੁਰਭਜਨ ਗਿੱਲ