• Home
  • ਚਾਂਦਪੁਰਾ ਬੰਨ ਤੇ ਸਰਦੂਲਗੜ ਵਿਖੇ ਘੱਗਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ

ਚਾਂਦਪੁਰਾ ਬੰਨ ਤੇ ਸਰਦੂਲਗੜ ਵਿਖੇ ਘੱਗਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ

ਮਾਨਸਾ, (ਖ਼ਬਰ ਵਾਲੇ ਬਿਊਰੋ) : ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਹੜ ਵਰਗੀ ਸਥਿਤੀ ਨਾਲ ਨਜਿੱਠਣ ਲਈ ਅਤੇ ਉਪਰਲੇ ਇਲਾਕਿਆਂ ਦੇ ਡੈਮਾਂ 'ਚੋਂ ਪਾਣੀ ਛੱਡਣ ਦੀਆਂ ਖ਼ਬਰਾਂ ਦੇ ਸਨਮੁਖ ਅੱਜ ਮਾਨਸਾ ਦੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਚਾਂਦਪੁਰਾ ਬੰਨ ਅਤੇ ਸਰਦੂਲਗੜ ਘੱਗਰ ਦਰਿਆ ਦਾ ਮੁਆਇਨਾ ਕੀਤਾ ਅਤੇ ਸੰਭਾਵੀ ਹੜਦੇ ਸਨਮੁਖ ਕੀਤੇ ਜਾਣ ਵਾਲੇ ਕਾਰਜਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਪੰਜਾਬ ਹਰਿਆਣਾ ਬਾਰਡਰ ਤੇ ਸਥਿਤ ਚਾਂਦਪੁਰਾ ਬੰਨ ਵਿਖੇ ਦੌਰਾ ਕਰਦਿਆਂ ਅਪਨੀਤ ਰਿਆਤ ਨੇ ਪੁਲਿਸ, ਮਾਲ ਅਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਨਾਂ ਥਾਵਾਂ ਤੇ ਨਿਰੰਤਰ ਨਜ਼ਰ ਰੱਖਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਤੁਰੰਤ ਰਿਪੋਰਟ ਕਰਨ। ਉਨਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਚਾਂਦਪੁਰਾ ਬੰਨ ਅਤੇ ਘੱਗਰ ਦਰਿਆ ਨੇੜੇ ਪੁਲਿਸ ਦੀ ਨਫ਼ਰੀ ਵਧਾਉਣ ਲਈ ਆਖਿਆ। ਇਸ ਤੋਂ ਇਲਾਵਾ ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਮੈਡੀਕਲ ਸਟਾਫ਼ ਅਤੇ ਦਵਾਈਆਂ ਤਿਆਰ ਬਰ ਤਿਆਰ ਰੱਖਣ ਦੇ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਬਲਾਕ ਪੰਚਾਇਤ ਵਿਕਾਸ ਅਫ਼ਸਰ ਨੂੰ ਇਨਾਂ ਖੇਤਰਾਂ ਵਿੱਚ ਜਨਤਕ ਸੂਚਨਾ ਪ੍ਰਣਾਲੀ ਅਤੇ ਪਿੰਡਾਂ ਤੋਂ ਅਨਾਊਂਸਮੈਂਟਾਂ ਕਰਾਉਣ ਵਾਲੀਆਂ ਸਮਾਜ ਸੇਵੀ ਜਥੇਬੰਦੀਆਂ ਜਾਂ ਧਾਰਮਿਕ ਅਸਥਾਨਾਂ ਨਾਲ  ਤਾਲਮੇਲ ਰੱਖਣ ਲਈ ਕਿਹਾ।
ਉਨਾਂ ਮੌਕੇ ਤੇ ਮੌਜੂਦ ਪਿੰਡ ਵਾਸੀਆਂ ਨੂੰ ਭਰੋਸਾ ਦੁਆਇਆ ਕਿ ਜ਼ਿਲਾ ਪ੍ਰਸ਼ਾਸ਼ਨ ਹਰ ਘਟਨਾਕ੍ਰਮ ਉੱਤੇ ਕਰੜੀ ਨਜ਼ਰ ਰੱਖ ਰਿਹਾ ਹੈ। ਇਸ ਲਈ ਪਿੰਡ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ।ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਤੇ ਮੁਲਾਜ਼ਮ ਡਿਊਟੀ ਉੱਤੇ ਨਿਰੰਤਰ ਮੁਸਤੈਦ ਹਨ। ਇਸ ਤੋਂ ਇਲਾਵਾ ਫੌਜ ਦੀਆਂ ਬਚਾਅ ਕਾਰਜ ਟੀਮਾਂ ਨਾਲ ਵੀ ਨਿਰੰਤਰ ਰਾਬਤਾ ਰੱਖਿਆ ਜਾ ਰਿਹਾ ਹੈ।