• Home
  • ਗੁਰਦਵਾਰਾ ਸਾਹਿਬ ‘ਚ ਮੱਥਾ ਨਾ ਟੇਕਣ ‘ਤੇ ਸਿੱਖਾਂ ‘ਚ ਹਰਿਆਣਾ ਦੇ ਮੁੱਖ ਮੰਤਰੀ ਵਿਰੁਧ ਰੋਸ ਲਹਿਰ

ਗੁਰਦਵਾਰਾ ਸਾਹਿਬ ‘ਚ ਮੱਥਾ ਨਾ ਟੇਕਣ ‘ਤੇ ਸਿੱਖਾਂ ‘ਚ ਹਰਿਆਣਾ ਦੇ ਮੁੱਖ ਮੰਤਰੀ ਵਿਰੁਧ ਰੋਸ ਲਹਿਰ

ਕਰਨਾਲ, (ਖ਼ਬਰ ਵਾਲੇ ਬਿਊਰੋ): ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਸ਼ੁੱਕਰਵਾਰ ਨੂੰ ਕਰਨਾਲ ਦੇ ਪੇਂਡੂ ਇਲਾਕਿਆਂ ਦਾ ਦੌਰਾ ਕਰਨ ਨਿਕਲੇ। ਮੁੱਖ ਮੰਤਰੀ ਨੇ ਇਸ ਦੌਰਾਨ ਕਈ ਪਿੰਡਾ ਦਾ ਦੌਰਾ ਕੀਤਾ, ਉਥੇ ਹੀ ਕਰਨਾਲ ਦੇ ਪਿੰਡ ਡਾਚਰ 'ਚ ਵੀ ਮੁੱਖ ਮੰਤਰੀ ਦੇ ਪਹੁੰਚਣ ਦੀ ਤਿਆਰੀ ਚੱਲ ਰਹੀ ਸੀ।ਪਰ ਐਨ ਮੌਕੇ 'ਤੇ ਮੁੱਖ ਮੰਤਰੀ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ, ਜਿਸ ਕਾਰਨ ਮੁੱਖ ਮੰਤਰੀ ਦੇ ਸਵਾਗਤ ਲਈ ਮੌਜੂਦ ਲੋਕਾਂ 'ਚ ਗੁੱਸੇ ਦੀ ਲਹਿਰ ਦੌੜ ਗਈ। ਸਿੱਖ ਹਲਕਿਆਂ 'ਚ ਇਸ ਗੱਲ ਦਾ ਰੋਸ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਗੁਰਦਵਾਰਾ 'ਚ ਮੱਥਾ ਟੇਕਣ ਆਉਣਾ ਸੀ ਤੇ ਇਥੇ ਸਿੱਖਾਂ ਦੀਆਂ ਮੁਸ਼ਕਲਾਂ ਸੁਣਨੀਆਂ ਸਨ ਪਰ ਉਨਾਂ ਨੇ ਮੌਕੇ 'ਤੇ ਪ੍ਰੋਗਰਾਮ ਰੱਦ ਕਰ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ।
ਜ਼ਿਕਰਯੋਗ ਹੈ ਕਿ ਪਿੰਡ ਡਾਚਰ 'ਚ ਮੁੱਖ ਮੰਤਰੀ ਤੀਰਖ ਸਥਾਨ 'ਤੇ ਗਏ ਸਨ। ਉਥੇ ਸਥਿਤ ਇਕ ਗੁਰੂਦੁਆਰੇ 'ਚ ਵੀ ਜਾਣ ਦਾ ਪ੍ਰੋਗਰਾਮ ਸੀ।ਪਰੰਤੂ ਗੁਰੂਦੁਆਰੇ 'ਚ ਭਿੰਡਰਾਵਾਲਾ ਦੀ ਫੋਟੋ ਲੱਗੀ ਹੋਣ ਕਾਰਨ ਮੁੱਖ ਮੰਤਰੀ ਉਥੇ ਨਹੀਂ ਗਏ, ਇਸ 'ਤੇ ਗੁਸਾਏ ਸਿੱਖਾਂ ਨੇ ਫਾਇਰ ਬ੍ਰਿਗੇਡ ਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਗਏ ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਭਾਵੇਂ ਖੱਟਰ ਨੇ ਅੱਜ ਕਿਹਾ ਕਿ ਉਹ ਗੁਰਦਵਾਰਾ ਸਾਹਿਬ ਇਸ ਲਈ ਨਹੀਂ ਗਏ ਕਿਉਂਕਿ ਉਥੇ ਸੰਤ ਭਿੰਡਰਾਂ ਵਾਲਿਆਂ ਦੀ ਤਸਵੀਰ ਲੱਗੀ ਹੋਈ ਸੀ ਤੇ ਪ੍ਰਬੰਧਕਾਂ ਨੂੰ ਇਹ ਤਸਵੀਰ ਹਟਾਉਣ ਲਈ ਕਿਹਾ ਸੀ ਪਰ ਉਨਾਂ ਨੇ ਹਟਾਈ ਨਹੀਂ। ਦੂਜੇ ਪਾਸੇ ਸਿੱਖਾਂ ਦਾ ਕਹਿਣਾ ਹੈ ਕਿ ਸੰਤ ਭਿੱਡਰਾਂ ਵਾਲੇ ਸਿੱਖ ਕੌਮ ਦੇ ਸ਼ਹੀਦ ਹਨ ਤੇ ਅਕਾਲ ਤਖ਼ਤ ਸਾਹਿਬ ਨੇ ਵੀ ਉਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਹੋਇਆ ਹੈ। ਉਨਾ ਦੋਸ਼ ਲਾਇਆ ਕਿ ਭਾਜਪਾ ਸਿੱਖਾਂ ਦੇ ਅੰਦਰੂਨੀ ਮਾਮਲਿਆਂ 'ਚ ਦਖ਼ਲਅੰਦਾਜ਼ੀ ਕਰ ਰਹੀ ਹੈ ਜੋ ਬਰਦਾਸ਼ਤ ਨਹੀਂ ਕੀਤੀ ਜਾਵੇਗੀ।