• Home
  • ਹਿੰਦ ਵਾਸੀਓ ਰੱਖਣਾ ਯਾਦ ਸਾਨੂੰ-ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਹੈ ਅੱਜ

ਹਿੰਦ ਵਾਸੀਓ ਰੱਖਣਾ ਯਾਦ ਸਾਨੂੰ-ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਹੈ ਅੱਜ

ਗੁਰਭਜਨ ਗਿੱਲ
24.5.2018

ਗਦਰ ਪਾਰਟੀ ਦੇ ਪਹਿਲੀ ਕਤਾਰ ਦੇ ਸੂਰਮਿਆਂ ਚ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਨਾਮ ਆਉਂਦਾ ਹੈ।
ਬਾਬਾ ਸੋਹਣ ਸਿੰਘ ਭਕਨਾ ਦਾ ਬਾਲਾ ਜਰਨੈਲ।
24 ਮਈ 1896 ਨੂੰ ਸਰਾਭਾ(ਲੁਧਿਆਣਾ) ਚ ਪੈਦਾ ਹੋਇਆ।
ਲੁਧਿਆਣਾ ਦੇ ਮਾਲਵਾ ਖਾਲਸਾ ਸਕੂਲ ਤੇ ਕੁਝ ਸਮਾਂ ਆਰੀਆ ਸਕੂਲ ਚ ਵੀ ਪੜ੍ਹੇ।
ਫਿਰ ਦਾਦਾ ਜੀ ਕੋਲ ਉੜੀਸਾ ਚਲੇ ਗਏ।
ਉਥੋਂ ਅਮਰੀਕਾ......
17 ਸਾਲ ਦੀ ਉਮਰੇ ਗਦਰ ਗੂੰਜਾਂ ਦਾ ਪਹਿਲਾ ਪੰਜਾਬੀ ਸੰਪਾਦਕ ਬਣਿਆ।
ਅਮਰੀਕਨ ਯੂਨੀਵਰਸਿਟੀ ਦੀ ਏਅਰੋਨਾਟੀਕਲ ਇੰਜਨੀਰਿੰਗ ਛੱਡ ਕੇ ਹਜ਼ਾਰਾਂ ਦੇਸ਼ਭਗਤਾਂ ਨਾਲ ਭਾਰਤ ਮੁੜਿਆ ਮਨੁੱਖ ਦੇ ਸਰਬਪੱਖੀ ਵਿਕਾਸ ਲਈ ਆਜ਼ਾਦੀ ਤੇ ਇਨਕਲਾਬ ਲਈ।

ਚਲੋ ਚੱਲੀਏ ਦੇਸ਼ ਨੂੰ ਯੁੱਧ ਕਰਨੇ
ਏਹੋ ਆਖ਼ਰੀ ਬਚਨ ਫੁਰਮਾਨ ਹੋ ਗਏ।

ਵਤਨ ਪਰਤ ਕੇ ਕਈ ਇਨਕਲਾਬੀ ਕਾਰਜ ਕੀਤੇ। ਫੀਰੋਜਪੁਰ ਛਾਉਣੀ ਚ ਬਗਾਵਤ ਕਰਵਾਉਣੀ ਸੀ ਪਰ ਮੁਖਬਰੀ ਹੋਣ ਕਾਰਨ ਯੋਜਨਾ ਨੇਪਰੇ ਨਾ ਚੜ੍ਹੀ।
ਵਤਨ ਛੱਡਣ ਲਈ ਅਫਗਾਨਿਸਤਾਨ ਪੁੱਜ ਗਏ। ਮਨ ਚ ਆਇਆ।

ਸਿੰਘ ਨਾਮ ਸ਼ੇਰ ਦਾ ਜੋ ਚੜ੍ਹੇ ਗੱਜ ਕੇ।
ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ।

ਪਰਤ ਆਏ। ਲਾਇਲਪੁਰ ਦੇ ਮੁਰੱਬਿਆਂ ਚ ਕਿਸੇ ਠਾਹਰ ਤੇ ਰੁਕੇ। ਲਾਲਚੀ ਮੇਜ਼ਬਾਨ ਗੰਗਾ ਸਿੰਘ ਨੇ ਮੁਖਬਰੀ ਕਰਕੇ ਗ੍ਰਿਫਤਾਰ ਕਰਵਾ ਦਿੱਤਾ।
ਸਰਾਭੇ ਪਿੰਡ ’ਚੋਂ ਸ਼ਨਾਖ਼ਤ ਲਈ ਲਾਹੌਰ ਜੇਲ੍ਹ ’ਚ ਪੁੱਜੇ ਗ਼ਦਾਰ ਚੰਨਣ ਸਿੰਘ ਨੂੰ ਦੇਖ ਕੇ ਮੌਤ ਤੋਂ ਨਿਧੜਕ ਕਰਤਾਰ ਸਿੰਘ ਸਰਾਭਾ ਆਪ ਹੀ ਬੋਲਿਆ, ‘ਆਹ ਖੜ੍ਹਾ ਹਾਂ ਮੈਂ ਕਰਤਾਰ ਸਿੰਘ, ਕਿਸੇ ਹੋਰ ’ਤੇ ਹੱਥ ਨਾ ਧਰ ਦੇਈਂ; ਤੇਰੇ ਮੁਰੱਬੇ ਨਾ ਖੁੱਸ ਜਾਣ।’ ਇਸ ਗ਼ਦਾਰ ਨੂੰ ਪਿੱਛੋਂ ਗੋਰੀ ਸਰਕਾਰ ਨੇ ਇੱਕ ਮੁਰੱਬਾ ਬਖ਼ਸ਼ਿਆ। ਲਾਹੌਰ ਸਾਜਿਸ਼ ਕੇਸ (ਪਹਿਲਾ) ਅਧੀਨ ਚੱਲੇ ਮੁਕੱਦਮੇ ਵਿੱਚ ਕਰਤਾਰ ਸਿੰਘ ਸਰਾਭਾ ਨੇ ਗ਼ਦਰ ਦੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲਈ। ਜੱਜਾਂ ਨੇ ਕਿਹਾ, ‘ਤੇਰਾ ਇਹ ਬਿਆਨ ਬਹੁਤ ਹੀ ਖ਼ਤਰਨਾਕ ਹੈ, ਇਹ ਤੈਨੂੰ ਫਾਂਸੀ ਲਗਵਾ ਸਕਦਾ ਹੈ। ਕੱਲ੍ਹ ਤਕ ਮੁੜ ਸੋਚ ਕੇ ਬਿਆਨ ਦੇਣਾ।’ ਦੂਜੇ ਦਿਨ ਮੁੜ ਇਹੀ ਬਿਆਨ ਦੁਹਰਾਉਂਦਿਆਂ ਆਪ ਨੇ ਕਿਹਾ, ‘ਮੈਨੂੰ ਛੇਤੀ ਫਾਂਸੀ ਲਾਓ, ਤਾਂ ਜੋ ਮੈਂ ਦੁਬਾਰਾ ਜਨਮ ਲੈ ਕੇ ਅੰਗਰੇਜ਼ ਸਮਾਰਾਜ ਵਿਰੁੱਧ ਲੜੀ ਜਾ ਰਹੀ ਜੰਗ ’ਚ ਦੁਬਾਰਾ ਸ਼ਾਮਲ ਹੋ ਸਕਾਂ।’

ਕੇਸ ਚੱਲਿਆ। ਇਸਨੂੰ ਪਹਿਲਾ ਲਾਹੌਰ ਸਾਜ਼ਿਸ਼ ਕੇਸ ਦਾ ਨਾਮ ਦਿੱਤਾ ਗਿਆ।
ਸੱਤ ਸੂਰਮਿਆਂ ਨੂੰ ਲਾਹੌਰ ਜੇਲ੍ਹ ਚ 16 ਨਵੰਬਰ 1916 ਨੂੰ ਫਾਂਸੀ ਚਾੜ੍ਹਿਆ ਗਿਆ।
ਬਾਕੀ ਸ਼ਹੀਦ ਸਾਥੀ ਸਨ
1.
ਵਿਸ਼ਨੂੰ ਗਣੇਸ਼ ਪਿੰਗਲੇ(ਪੂਨਾ)
2.
ਬਖਸ਼ੀਸ਼ ਸਿੰਘ ਗਿੱਲਵਾਲੀ(ਅੰਮ੍ਰਿਤਸਰ)ਸੀਨੀਅਰ
3.
ਬਖਸ਼ੀਸ਼ ਸਿੰਘ ਗਿੱਲਵਾਲੀ(ਅੰਮ੍ਰਿਤਸਰ) ਜੂਨੀਅਰ
4.
ਸੁਰਾਇਣ ਸਿੰਘ ਗਿੱਲਵਾਲੀ(ਅੰਮ੍ਰਿਤਸਰ)
5. ਜਗਤ ਸਿੰਘ ਪਿੰਡ ਸੁਰ ਸਿੰਘ (ਅੰਮ੍ਰਿਤਸਰ)
6.
ਹਰਨਾਮ ਸਿੰਘ ਸਿਆਲਕੋਟੀ
ਪਿੰਡ ਭੱਟੀ ਗੁਰਾਇਆ
ਤੇ ਸਤਵਾਂ ਸੂਰਮਾ ਸਰਾਭਾ ਆਪ।
ਸਨਮ ਦਿਨ ਮੌਕੇ ਰਾਜਿੰਦਰ ਸਿੰਘ ਚੀਮਾ ਦੀ ਰੁਬਾਈ ਚੇਤੇ ਆ ਰਹੀ ਹੈ।

ਵਤਨਾਂ ਦੇ ਲੇਖੇ ਲੱਗਦਾ ਏ ਇੱਕ ਇੱਕ ਅਰਮਾਨ ਸ਼ਹੀਦਾਂ ਦਾ।
ਤੇ ਦੇਸ਼ ਦੀ ਖਾਤਰ ਮਰਨਾ ਹੀ ਹੁੰਦੈ ਈਮਾਨ ਸ਼ਹੀਦਾਂ ਦਾ।
ਦੇ ਦੇ ਕੁਰਬਾਨੀ ਵੀਰਾਂ ਦੀ ਹਰ ਕੌਮ ਜਵਾਨੀ ਚੜ੍ਹਦੀ ਏ,
ਵਤਨਾਂ ਦੇ ਸਿਰ ਤੇ ਰਹਿੰਦਾ ਏ ਹਰ ਦਮ ਅਹਿਸਾਨ ਸ਼ਹੀਦਾਂ ਦਾ।
ਮੇਰਾ ਸਲਾਮ ਹੈ ਸਾਢੇ ਅਠਾਰਾਂ ਸਾਲ ਦੀ ਉਮਰੇ ਵਤਨ ਦੇ ਲੋਕਾਂ ਲਈ ਕੁਰਬਾਨ ਹੋਏ ਸੂਰਮੇ ਨੂੰਜਿਸ ਦੇ ਸਾਹਾਂ ਚ ਰਮ ਗਈ ਸੀ ਭਾਈ ਭਗਵਾਨ ਸਿੰਘ ਪ੍ਰੀਤਮ ਦੀ ਲਿਖੀ ਅਮਰ ਰਚਨਾ

ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿੰਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ,
ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।

ਸੂਰਮਾ ਸਰੀਰਕ ਰੂਪ ਚ ਚਲਾ ਗਿਆ, ਜਾਣ ਲੱਗਿਆਂ ਫਿਰ ਇਨਕਲਾਬੀ ਸਾਥੀ ਭਗਵਾਨ ਸਿੰਘ ਪ੍ਰੀਤਮ ਦੇ ਬੋਲਾਂ ਰਾਹੀਂ ਸੁਨੇਹਾ ਦੇ ਗਿਆ।

ਹਿੰਦ ਵਾਸੀਓ ਰੱਖਣਾ ਯਾਦ ਸਾਨੂੰ,
ਕਿਤੇ ਦਿਲਾਂ ਤੋਂ ਨਾ ਭੁਲਾ ਜਾਣਾ।
ਖਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ,
ਸਾਨੂੰ ਵੇਖ ਕੇ ਨਾ ਘਬਰਾ ਜਾਣਾ।
ਜੇਲ੍ਹਾਂ ਹੈਣ ਕਾਲਿਜ ਵਤਨ ਸੇਵਕਾਂ ਦੇ, ਦਾਖਲ ਹੋਇਕੇ ਡਿਗਰੀਆਂ ਪਾ ਜਾਣਾ।
ਹੁੰਦੇ ਪਾਸ ਥੋੜ੍ਹੇ ਅਤੇ ਫੇਲ੍ਹ ਬਹੁਤੇ,ਦੇਸ਼ ਵਾਸੀਓ ਦਿਲ ਨਾ ਢਾਹ ਜਾਣਾ।
ਮੂਲਾ ਸਿੰਘ ਕਿਰਪਾਲ ਨਵਾਬ ਵਾਂਗੂੰ
ਅਮਰ ਸਿੰਘ ਨਾ ਕਿਸੇ ਕਹਾ ਜਾਣਾ।
ਹਿੰਦ ਵਾਸੀਓ ਚਮਕਣਾ ਚੰਦ ਵਾਂਗੂੰ ਕਿਤੇ ਬੱਦਲਾਂ ਹੇਠ ਨਾ ਆ ਜਾਣਾ।
ਪਿਆਰੇ ਦੋਸਤੋ ਚੱਲੇ ਹਾਂ ਅਸੀਂ ਜਿੱਥੇ,
ਏਸੇ ਰਸਤਿਓ ਂ ਤੁਸੀਂ ਵੀ ਆ ਜਾਣਾ।

ਅੱਜ ਲੋੜ ਹੈ ਜਵਾਨ ਮਨਾਂ ਚ ਇਹੋ ਜਹੇ ਨਾਇਕਾਂ ਦਾ ਅਕਸ ਬੀਜਣ ਦੀ।
ਇਹ ਕੋਈ ਭਰਮ ਭੁਲੇਖਾ ਨਹੀਂ ਕਿ ਅੱਜ ਕਿਰਤ ਦੀ ਲੁੱਟ ਸਿਖਰ ਤੇ ਹੈ। ਮਨੁੱਖ ਲਈ ਸਾਵੇਂ ਵਿਕਾਸ ਦੇ ਮੌਕੇ ਗੈਰਹਾਜ਼ਰ ਹਨ। ਸਿਹਤ, ਸਿੱਖਿਆ ਤੇ ਆਮ ਸ਼ਹਿਰੀ ਸਹੂਲਤਾਂ ਆਜ਼ਾਦੀ ਦੇ 71 ਸਾਲ ਬਾਦਵੀ ਅਜੇ ਸੁਪਨਾ ਹਨ।
ਫਿਰ ਰਾਜਿੰਦਰ ਸਿੰਘ ਚੀਮਾ ਜੀ ਦੇ ਬੋਲ ਮੇਰਾ ਸਹਾਰਾ ਬਣਦੇ ਹਨ।
ਜਿਵੇਂ ਵੱਡਾ ਵੀਰ ਸਰਾਭਾ ਕਹਿ ਰਿਹਾ ਹੋਵੇ

ਉੱਠ ਬਦਲੀ ਨਹੀਂ ਇਨਸਾਨ ਦੀ ਤਕਦੀਰ ਹਾਲੇ ਵੀ।
ਨਜ਼ਰ ਸੱਖਣੀ ਏਂ ਗਲਮਾ ਲੀਰੋ ਲੀਰ ਹਾਲੇ ਵੀ।
ਤੇ ,ਵਾਜ਼ਾਂ ਮਾਰਦੀ ਏ ਦੇਸ਼ ਦੀ ਭਟਕੀ ਜਵਾਨੀ ਨੂੰ,
ਮਾਨਵਤਾ ਦੇ ਪੈਰੀਂ ਛਣਕਦੀ ਜੰਜੀਰ ਹਾਲੇ ਵੀ।
ਅਲਵਿਦਾ! ਸੂਰਮੇ ਵਡਿੱਕਿਆ।