• Home
  • ਹਾਫ਼ਿਜ਼ ਸਈਦ ਨੇ ਆਪਣੀ ਨਵੀਂ ਬਣਾਈ ਸਿਆਸੀ ਪਾਰਟੀ ਲਈ ਮੰਗਿਆ ਸਮਰਥਨ

ਹਾਫ਼ਿਜ਼ ਸਈਦ ਨੇ ਆਪਣੀ ਨਵੀਂ ਬਣਾਈ ਸਿਆਸੀ ਪਾਰਟੀ ਲਈ ਮੰਗਿਆ ਸਮਰਥਨ

ਲਾਹੌਰ- 2008 ਦੇ ਮੁੰਬਈ ਹਮਲਿਆਂ ਦੇ ਮਾਸਟਰ ਮਾਈਂਡ ਜਮਾਤ-ਉਦ-ਦਾਵਾ (ਜੇਯੂਡੀ) ਦੇ ਮੁਖੀ ਹਾਫ਼ਿਜ਼ ਸਈਦ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਉਸ ਨੇ ਆਪਣੀ ਨਵੀਂ ਬਣਾਈ ਸਿਆਸੀ ਪਾਰਟੀ ਲਈ ਉਨ੍ਹਾਂ ਦਾ ਸਮਰਥਨ ਮੰਗਿਆ। ਉਸ ਨਾਲ ਐੱਮ ਮੁਸਲਿਮ ਲੀਗ ਦਾ ਮੁਖੀ ਸੈਫਉੱਲ੍ਹਾ ਖ਼ਾਲਿਦ ਵੀ ਮੌਜੂਦ ਸੀ। ਇਹ ਪਾਰਟੀ ਜੇਯੂਡੀ ਦੀ ਸਿਆਸੀ ਸ਼ਾਖਾ ਹੈ ਪਰ ਪਾਕਿ ਚੋਣ ਕਮਿਸ਼ਨ ਨੇ ਇਸ ਨੂੰ ਅਜੇ ਤਕ ਰਜਿਸਟਰ ਨਹੀਂ ਕੀਤਾ ਹੈ। ਗ੍ਰਹਿ ਮੰਤਰਾਲੇ ਦੇ ਇਤਰਾਜ਼ ਪਿੱਛੋਂ ਇਹ ਫ਼ੈਸਲਾ ਲਿਆ ਗਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਨਨਕਾਣਾ ਸਾਹਿਬ ਦੇ ਜੇਯੂਡੀ ਦਫ਼ਤਰ 'ਚ ਇਹ ਮੀਟਿੰਗ ਹੋਈ। ਸਈਦ ਨੇ ਸਿੱਖਾਂ ਨੂੰ ਕਿਹਾ ਕਿ ਸਿੱਖ ਬਹਾਦਰਾਂ ਦੀ ਕੌਮ ਹੈ ਪਰ ਭਾਰਤ 'ਚ ਉਨ੍ਹਾਂ ਨਾਲ ਅੱਤਿਆਚਾਰ ਹੋ ਰਹੇ ਹਨ। ਪਾਕਿ ਸਰਕਾਰ ਇਸ ਮਸਲੇ 'ਤੇ ਚੁੱਪ ਹੈ ਕਿਉਂਕਿ ਭਾਰਤ ਨਾਲ ਦੋਸਤੀ ਖ਼ਾਤਰ ਉਹ ਕੋਈ ਵੀ ਕੀਮਤ ਅਦਾ ਕਰ ਸਕਦੀ ਹੈ। ਹਾਫ਼ਿਜ਼ ਦੇ ਸਿਰ 'ਤੇ ਅਮਰੀਕਾ ਨੇ ਇਕ ਕਰੋੜ ਡਾਲਰ ਦਾ ਇਨਾਮ ਐਲਾਨਿਆ ਹੋਇਆ ਹੈ। ਮੀਟਿੰਗ 'ਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੋਪਾਲ ਸਿੰਘ ਚਾਵਲਾ ਵੀ ਸ਼ਾਮਿਲ ਸਨ। ਜਾਣਕਾਰਾਂ ਦਾ ਕਹਿਣਾ ਹੈ ਕਿ ਐੱਮ-ਮੁਸਲਿਮ ਲੀਗ ਅਗਲੀਆਂ ਆਮ ਚੋਣਾਂ 'ਚ ਭਾਈਵਾਲੀ ਕਰਨਾ ਚਾਹੁੰਦੀ ਹੈ। ਸਈਦ ਚੋਣਾਂ 'ਚ ਆਪਣੇ ਉਮੀਦਵਾਰ ਖੜ੍ਹੇ ਕਰਨੇ ਚਾਹੁੰਦਾ ਹੈ, ਬਾਵਜੂਦ ਇਸ ਦੇ ਕਿ ਉਸ ਦੀ ਪਾਰਟੀ ਨੂੰ ਚੋਣ ਕਮਿਸ਼ਨ ਨੇ ਮਾਨਤਾ ਨਹੀਂ ਦਿੱਤੀ। ਪੰਜਾਬ ਦੇ ਨਨਕਾਣਾ ਸਾਹਿਬ 'ਚ ਵੱਡੀ ਗਿਣਤੀ ਵਿਚ ਸਿੱਖ ਰਹਿੰਦੇ ਹਨ।