• Home
  • ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਸਾਰਾ ਸਾਲ ਪ੍ਰਚਾਰਿਆ ਜਾਵੇ

ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਸਾਰਾ ਸਾਲ ਪ੍ਰਚਾਰਿਆ ਜਾਵੇ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਇਸ ਧਰਤੀ ਉੱਤੇ ਉਦੋਂ ਹੋਇਆ, ਜਦੋਂ ਸਦੀਆਂ ਦੀ ਗੁਲਾਮੀ ਅਤੇ ਜਾਤ-ਪਾਤ ਦੇ ਆਧਾਰ 'ਤੇ ਪਈਆਂ ਵੰਡੀਆਂ ਨਾਲ ਭਾਰਤੀ ਸਮਾਜ ਦਾ ਭੈੜਾ ਹਾਲ ਸੀ। ਕੰਮਕਾਜੀ ਆਧਾਰ ਉੱਤੇ ਹੋਈ ਵਰਗ ਵੰਡ ਨੂੰ ਪੱਕਿਆਂ ਕਰਕੇ ਲੋਕਾਂ ਨੂੰ ਉੱਚੀਆਂ ਤੇ ਨੀਵੀਆਂ ਜਾਤਾਂ ਵਿਚ ਵੰਡ ਦਿੱਤਾ ਗਿਆ ਸੀ। ਨੀਵੀਂਆਂ ਜਾਤਾਂ ਨੂੰ ਅਛੂਤ ਆਖਿਆ ਗਿਆ ਅਤੇ ਉਨ੍ਹਾਂ ਦਾ ਜੀਵਨ ਨਰਕ ਤੋਂ ਵੀ ਭੈੜਾ ਬਣਾ ਦਿੱਤਾ ਗਿਆ। ਇਸ ਜ਼ੁਲਮ ਵਿਰੁੱਧ ਗੁਰੂ ਜੀ ਨੇ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਜ਼ਾਲਮ ਨੂੰ ਲਲਕਾਰਿਆ, ਧਾਰਮਿਕ ਆਗੂਆਂ ਨੂੰ ਫਿਟਕਾਰਿਆ ਅਤੇ ਦੱਬੇ-ਕੁਚਲੇ ਲੋਕਾਂ ਨੂੰ ਹੱਕਾਂ ਦੀ ਰਾਖੀ ਵਾਸਤੇ ਜੁੜਨ ਲਈ ਵੰਗਾਰਿਆ। ਉਨ੍ਹਾਂ ਨੇ ਨਿਮਾਣੇ, ਨਿਤਾਣੇ ਅਤੇ ਨੀਚ ਸਮਝੇ ਜਾਂਦੇ ਲੋਕਾਂ ਦੇ ਬਰਾਬਰ ਆਪਣੇ-ਆਪ ਨੂੰ ਖੜ੍ਹਾ ਕੀਤਾ ਤੇ ਉਨ੍ਹਾਂ ਦਾ ਸਾਥ ਦਿੱਤਾ। ਜਾਤ-ਪਾਤ ਅਤੇ ਊਚ-ਨੀਚ ਦੀਆਂ ਵੰਡੀਆਂ ਏਨੀਆਂ ਪੀਡੀਆਂ ਸਨ ਕਿ ਇਨ੍ਹਾਂ ਨੂੰ ਤੋੜਨ ਲਈ ਦੋ ਸਦੀਆਂ ਤੋਂ ਵੀ ਵੱਧ ਦਾ ਸਮਾਂ ਲੱਗਿਆ ਤੇ ਦਸ ਜਾਮੇ ਧਾਰਨ ਕਰਨੇ ਪਏ। ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਦੇ ਸਮੇਂ ਇਸ ਵਿਚ ਸਾਰੇ ਧਰਮਾਂ ਅਤੇ ਵਰਣਾਂ ਦੇ ਭਗਤ ਸਾਹਿਬਾਨ ਦੀ ਬਾਣੀ ਦਰਜ ਕਰਕੇ ਗੁਰੂ ਜੀ ਨੂੰ ਸਾਂਝੀਵਾਲਤਾ ਦਾ ਪ੍ਰਤੀਕ ਬਣਾਇਆ। ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਚਾਰ ਬੂਹੇ ਰੱਖ ਕੇ ਚਾਰੇ ਵਰਣਾਂ ਦਾ ਪ੍ਰਤੀਕ ਬਣਾਇਆ। ਦੋ ਗੁਰੂ ਸਾਹਿਬਾਨ ਨੇ ਮਨੁੱਖੀ ਹੱਕਾਂ ਦੀ ਰਾਖੀ ਲਈ ਆਪਣੇ-ਆਪ ਦੀ ਕੁਰਬਾਨੀ ਦਿੱਤੀ। ਦਸਵੇਂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਯਕੀਨ ਹੋ ਗਿਆ ਕਿ ਲੋਕਾਈ ਹੁਣ ਬਰਾਬਰੀ ਲਈ ਤਿਆਰ ਹੋ ਗਈ ਹੈ ਤਾਂ ਉਨ੍ਹਾਂ ਨੇ ਖ਼ਾਲਸੇ ਦੀ ਸਿਰਜਣਾ ਕਰਕੇ ਜਾਤ-ਪਾਤ, ਧਰਮ, ਊਚ-ਨੀਚ ਆਦਿ ਦੇ ਨਾਂਅ ਉੱਤੇ ਪਈਆਂ ਵੰਡੀਆਂ ਨੂੰ ਕ੍ਰਿਪਾਨ ਦੇ ਇਕੋ ਝਟਕੇ ਨਾਲ ਹਮੇਸ਼ਾ ਲਈ ਖ਼ਤਮ ਕਰ ਦਿੱਤਾ।
ਇਸ ਇਨਕਲਾਬ ਨੂੰ ਵਾਪਰਿਆਂ ਤਿੰਨ ਸਦੀਆਂ ਤੋਂ ਵੱਧ ਸਮਾਂ ਹੋ ਗਿਆ ਹੈ। ਗੁਰੂ ਦੇ ਸਿੰਘਾਂ ਨੇ ਆਪੋ ਵਿਚ ਤਾਂ ਬਰਾਬਰੀ ਰੱਖਣੀ ਹੀ ਸੀ, ਸਗੋਂ ਸੰਸਾਰ ਵਿਚ ਜਿਥੇ ਵੀ ਧਰਮ, ਜਾਤ, ਰੰਗ, ਨਸਲ ਆਦਿ ਦੇ ਆਧਾਰ ਉੱਤੇ ਮਨੁੱਖੀ ਵੰਡੀਆਂ ਹਨ, ਉਨ੍ਹਾਂ ਨੂੰ ਵੀ ਮੇਟਣਾ ਚਾਹੀਦਾ ਸੀ ਪਰ ਇਹ ਅਫਸੋਸ ਨਾਲ ਲਿਖਣਾ ਪੈਂਦਾ ਹੈ ਕਿ ਅਸੀਂ ਦੂਜਿਆਂ ਨੂੰ ਬਰਾਬਰੀ ਦਾ ਸਬਕ ਪੜ੍ਹਾਉਣਾ ਤਾਂ ਦੂਰ, ਸਗੋਂ ਆਪੋ ਵਿਚ ਵੀ ਮੁੜ ਵੰਡੀਆਂ ਨੂੰ ਖੜ੍ਹਾ ਕਰ ਲਿਆ ਹੈ। ਦਸ ਗੁਰੂ ਸਾਹਿਬਾਨ ਤੇ ਅਨੇਕਾਂ ਸਿੰਘਾਂ ਨੇ ਬਰਾਬਰੀ ਦੇ ਜਿਸ ਇਨਕਲਾਬ ਨੂੰ ਸਿਰਜਿਆ ਸੀ, ਅਸੀਂ ਆਪ ਹੀ ਉਸ ਨੂੰ ਮੇਟਣ ਦਾ ਯਤਨ ਕਰ ਰਹੇ ਹਾਂ। ਅੱਜ ਅਸੀਂ ਆਪਣੇ-ਆਪ ਨੂੰ ਗੁਰੂ ਦੇ ਸਿੱਖ ਨਹੀਂ ਅਖਵਾਉਂਦੇ, ਸਗੋਂ ਜੱਟ ਸਿੱਖ, ਖੱਤਰੀ ਸਿੱਖ, ਮਜ਼੍ਹਬੀ ਸਿੱਖ, ਰਵਿਦਾਸੀਆ ਸਿੱਖ, ਰਾਮਗੜ੍ਹੀਆ ਸਿੱਖ ਅਖਵਾਉਂਦੇ ਹਾਂ। ਗੁਰੂ-ਘਰ ਵੀ ਆਪਾਂ ਬਰਾਦਰੀ ਦੇ ਨਾਂਅ ਉੱਤੇ ਹੀ ਉਸਾਰ ਲਏ ਹਨ। ਸਿੱਖ ਪੰਥ ਵਿਚ ਜਿਹੜਾ ਵੀ ਕੋਈ ਮਹਾਂਪੁਰਸ਼ ਜਾਂ ਸੰਤ ਹੁੰਦਾ ਹੈ, ਉਸ ਦੇ ਪੈਰੋਕਾਰ ਉਸ ਦੇ ਨਾਂਅ ਉੱਤੇ ਆਪਣੀ ਵੱਖਰੀ ਸੰਪ੍ਰਦਾਇ ਸ਼ੁਰੂ ਕਰ ਲੈਂਦੇ ਹਨ। ਗੁਰੂ-ਘਰਾਂ ਨੂੰ ਲੋਕਾਈ ਦੀ ਸੇਵਾ ਦੇ ਕੇਂਦਰ ਬਣਾਉਣ ਦੀ ਥਾਂ ਸ਼ਕਤੀ ਪ੍ਰਾਪਤੀ ਦੇ ਕੇਂਦਰ ਬਣਾ ਲਿਆ ਹੈ। ਇਕ-ਦੂਜੇ ਦੇ ਮੁਕਾਬਲੇ ਗੁਰੂ ਦੇ ਸਿੱਖ ਵੱਡੇ ਤੋਂ ਵੱਡਾ ਨਗਰ ਕੀਰਤਨ ਜਾਂ ਕੀਰਤਨ ਦਰਬਾਰ ਕਰਵਾਉਣ ਲੱਗ ਪਏ ਹਨ, ਪਰ ਕਿਸੇ ਗਰੀਬ ਸਿੱਖ ਦੀ ਬਾਂਹ ਫੜਨ ਦਾ ਕਦੇ ਕਿਸੇ ਯਤਨ ਨਹੀਂ ਕੀਤਾ। ਉਹ ਗੁਰੂ ਤੋਂ ਬੇਮੁੱਖ ਹੋ ਕੇ ਦੂਜੇ ਰਾਹ ਲੱਭਣ ਲੱਗ ਪਏ ਹਨ।
ਗੁਰੂ ਸਾਹਿਬਾਨ ਨੇ ਸਾਨੂੰ ਸਾਦਗੀ, ਨਿਮਰਤਾ, ਮਿੱਠੀ ਬਾਣੀ, ਨਸ਼ਿਆਂ ਤੋਂ ਦੂਰੀ, ਸੁੱਚੀ ਕਿਰਤ ਕਰਨ ਤੇ ਵੰਡ ਛਕਣ ਦਾ ਸਬਕ ਸਿਖਾਇਆ ਸੀ ਪਰ ਅਸੀਂ ਵਿਖਾਵਾ, ਆਕੜ, ਗਾਲੀ-ਗਲੋਚ, ਹੇਰਾਫੇਰੀ ਤੇ ਘਰ ਭਰਨ ਵੱਲ ਤੁਰ ਪਏ ਹਾਂ।
ਪੰਜਾਹ ਸਾਲ ਪਹਿਲਾਂ ਅਸੀਂ ਗੁਰੂ ਨਾਨਕ ਸਾਹਿਬ ਦਾ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਮਨਾਇਆ ਸੀ, ਗੁਰੂ ਜੀ ਬਾਰੇ ਕਿਤਾਬਾਂ ਲਿਖੀਆਂ ਗਈਆਂ, ਭਵਨ ਉਸਾਰੇ ਗਏ, ਪਰ ਗੁਰੂ ਜੀ ਦੇ ਉਪਦੇਸ਼ਾਂ ਦਾ ਸੰਸਾਰ ਦੇ ਦੂਜੇ ਲੋਕਾਂ ਵਿਚ ਤਾਂ ਕੀ, ਅਸੀਂ ਗੁਰੂ ਦੇ ਸਿੱਖਾਂ ਵਿਚ ਵੀ ਪ੍ਰਚਾਰ ਨਹੀਂ ਕਰ ਸਕੇ। ਪ੍ਰਚਾਰਕਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ ਪਰ ਉਨ੍ਹਾਂ ਦਾ ਬਹੁਤਾ ਜ਼ੋਰ ਗੁਰੂ ਸਾਹਿਬਾਨ ਦੀਆਂ ਕਰਾਮਾਤਾਂ ਜਾਂ ਜਨਮ ਸਾਖੀਆਂ ਦੇ ਵਿਖਿਆਨ ਉੱਤੇ ਹੀ ਵਧੇਰੇ ਹੋ ਗਿਆ ਹੈ। ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਪ੍ਰਚਾਰ ਨਹੀਂ ਕੀਤਾ ਜਾ ਰਿਹਾ। ਗੁਰੂ ਸਾਹਿਬ ਦੀ ਕਿਰਪਾ ਪ੍ਰਾਪਤੀ ਲਈ ਸੁੱਖਾਂ ਸੁੱਖਣੀਆਂ ਤੇ ਕਈ ਹੋਰ ਕਰਮ ਕਾਂਡ ਤਾਂ ਦੱਸੇ ਜਾਂਦੇ ਹਨ ਪਰ ਗੁਰੂ ਦੇ ਹੁਕਮਾਂ ਨੂੰ ਮੰਨ ਕੇ ਜੀਵਨ ਜਿਉਣ ਬਾਰੇ ਨਹੀਂ ਆਖਿਆ ਜਾਂਦਾ। ਗੁਰੂ ਜੀ ਨੇ ਤਾਂ ਸਾਨੂੰ ਸਮਝਾਇਆ ਸੀ ਕਿ ਜਿਹੋ ਜਿਹਾ ਅਸੀਂ ਕਰਮ ਕਰਾਂਗੇ, ਉਹੋ ਹੀ ਫ਼ਲ ਪ੍ਰਾਪਤ ਹੋਵੇਗਾ। ਸਕੂਲ ਵਿਚ ਜਾਣ ਲਈ ਉਥੋਂ ਦੀ ਵਰਦੀ ਪਾਉਣੀ ਤਾਂ ਜ਼ਰੂਰੀ ਹੈ ਪਰ ਇਮਤਿਹਾਨ ਪਾਸ ਕਰਨ ਲਈ ਪੜ੍ਹਾਈ ਵੀ ਕਰਨੀ ਪੈਂਦੀ ਹੈ। ਸਾਡੇ ਬਹੁਤੇ ਪ੍ਰਚਾਰਕ ਵਰਦੀ ਅਤੇ ਵਿਖਾਵੇ ਤੱਕ ਹੀ ਆਪਣੇ ਪ੍ਰਚਾਰ ਨੂੰ ਸੀਮਤ ਕਰ ਰਹੇ ਹਨ, ਕਿਉਂਕਿ ਉਨ੍ਹਾਂ ਵਿਚੋਂ ਬਹੁਤੇ ਗੁਰੂ ਜੀ ਦੇ ਉਪਦੇਸ਼ਾਂ ਉਤੇ ਆਪ ਅਮਲ ਨਹੀਂ ਕਰ ਰਹੇ। ਪ੍ਰਚਾਰ ਦਾ ਅਸਰ ਉਦੋਂ ਹੀ ਹੁੰਦਾ ਜਦੋਂ ਪ੍ਰਚਾਰ ਕਰਨ ਵਾਲਾ ਪਹਿਲਾਂ ਆਪ ਉਸ ਉੱਤੇ ਅਮਲ ਕਰਦਾ ਹੋਵੇ।
ਪੰਜਾਬ ਦੇ ਬਹੁਤੇ ਪਰਿਵਾਰ ਗੁਰੂ ਉਪਦੇਸ਼ਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਗੁਰੂ ਸਾਹਿਬ ਨੇ ਸਾਨੂੰ ਕਿਰਤ ਕਰਨੀ, ਵੰਡ ਛਕਣਾ ਤੇ ਨਾਮ ਜਪਣ ਦੇ ਉਪਦੇਸ਼ ਰਾਹੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣਾ ਸਿਖਾਇਆ ਹੈ ਪਰ ਵੇਖਣ ਵਿਚ ਆਇਆ ਹੈ ਕਿ ਬਹੁਤੀ ਵਾਰ ਆਪੇ ਹੀ ਸਿਰਜੀ ਭੈੜੀ ਸਥਿਤੀ ਦਾ ਮੁਕਾਬਲਾ ਕਰਕੇ ਉਸ ਨੂੰ ਠੀਕ ਕਰਨ ਦੇ ਯਤਨ ਦੀ ਥਾਂ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਦਾ ਸਹਾਰਾ ਲੈ ਰਹੀ ਹੈ ਤੇ ਪਿੰਡਾਂ ਦੀ ਕਿਸਾਨੀ ਖੁਦਕੁਸ਼ੀਆਂ ਦੇ ਰਾਹ ਪੈ ਰਹੀ ਹੈ। ਇਹ ਸਿੱਖਾਂ ਦਾ ਕਿਰਦਾਰ ਨਹੀਂ ਹੈ। ਸਿੱਖਾਂ ਨੂੰ ਤਾਂ ਵੱਡੀ ਤੋਂ ਵੱਡੀ ਮੁਸੀਬਤ ਦਾ ਮੁਕਾਬਲਾ ਕਰਨ ਦੀ ਜੁਗਤੀ ਦੱਸੀ ਗਈ ਹੈ। ਸਿੱਖ ਤਾਂ ਉਦੋਂ ਨਹੀਂ ਸੀ ਘਬਰਾਏ ਜਦੋਂ ਉਨ੍ਹਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ। ਉਨ੍ਹਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਅਤੇ ਖੁਰਾਕ ਇਕ ਮੁੱਠ ਭੁੱਜੇ ਛੋਲੇ ਹੁੰਦੇ ਸਨ। ਉਦੋਂ ਉਹ ਜ਼ਾਲਮ ਅਤੇ ਜ਼ੁਲਮ ਦਾ ਕੇਵਲ ਮੁਕਾਬਲਾ ਹੀ ਨਹੀਂ ਕਰਦੇ ਸਨ, ਸਗੋਂ ਸਮੇਂ-ਸਮੇਂ ਸਿਰ ਉਨ੍ਹਾਂ ਨੂੰ ਸਬਕ ਵੀ ਸਿਖਾਉਂਦੇ ਸਨ। ਹੁਣ ਪੰਜਾਬ ਦੇ ਹੀ ਸਿੱਖ ਬੁਝਦਿਲੀ ਦੀ ਮਿਸਾਲ ਬਣ ਰਹੇ ਹਨ। ਨਸ਼ਿਆਂ ਦਾ ਸਹਾਰਾ ਲੈਣਾ ਜਾਂ ਖੁਦਕੁਸ਼ੀ ਕਰਨਾ ਬੁਝਦਿਲੀ ਦੀ ਨਿਸ਼ਾਨੀ ਹੈ। ਇਸ ਦਾ ਮੁੱਖ ਕਾਰਨ ਹੈ ਸਿੱਖੀ ਦਾ ਪ੍ਰਚਾਰ ਘਟਿਆ ਹੈ। ਕੀਰਤਨ ਦਰਬਾਰ ਅਤੇ ਨਗਰ ਕੀਰਤਨਾਂ ਦੀ ਆਪਣੀ ਮਹੱਤਤਾ ਹੈ ਪਰ ਸਿੱਖਾਂ ਨੂੰ ਚੜ੍ਹਦੀ ਕਲਾ ਦਾ ਪਾਠ ਪੜ੍ਹਾਉਣ ਲਈ ਪ੍ਰਚਾਰ ਦੀ ਲੋੜ ਹੈ। ਸਿੱਖ ਕੌਮ ਦੇ ਮਹਾਨ ਸ਼ਹੀਦਾਂ ਅਤੇ ਨਾਇਕਾਂ ਬਾਰੇ ਜਾਣਕਾਰੀ ਦੇਣ ਦੀ ਲੋੜ ਹੈ। ਇਸ ਦੇ ਨਾਲ ਹੀ ਲੋਕਾਂ ਵਿਚ ਆ ਰਹੀਆਂ ਕੁਰੀਤੀਆਂ ਵਿਰੁੱਧ ਵੀ ਮੁਹਿੰਮ ਚਲਾਈ ਜਾਵੇ। ਜਿਹੜੇ ਸਿੱਖ ਪਰਿਵਾਰ ਸੱਚਮੁੱਚ ਮੁਸੀਬਤ ਵਿਚ ਹਨ, ਉਨ੍ਹਾਂ ਦੀ ਬਾਂਹ ਫੜਨੀ ਭਾਈਚਾਰੇ ਦਾ ਫਰਜ਼ ਬਣਦਾ ਹੈ। ਕਿਰਤ ਕਰਨ ਤੋਂ ਅਗਲਾ ਪੜਾਅ ਵੰਡ ਛਕਣਾ ਹੈ। ਅਸੀਂ ਆਪਣੀ ਕਿਰਤ ਕਮਾਈ ਵਿਚੋਂ ਗੁਰੂ-ਘਰਾਂ ਨੂੰ ਆਲੀਸ਼ਾਨ ਬਣਾਉਣ ਉੱਤੇ ਤਾਂ ਖਰਚ ਕਰਦੇ ਹੀ ਹਾਂ ਪਰ ਮੁਸੀਬਤ ਵਿਚ ਫਸੇ ਸਿੱਖ ਪਰਿਵਾਰਾਂ ਦੀ ਬਾਂਹ ਫੜਨੀ ਵੀ ਸਿੱਖੀ ਲਹਿਰ ਦਾ ਹਿੱਸਾ ਹੋਣਾ ਚਾਹੀਦਾ ਹੈ।
ਇਹ ਵੇਖਣ ਵਿਚ ਆਇਆ ਹੈ ਕਿ ਗ਼ਰੀਬੀ ਤੋਂ ਘਬਰਾਏ ਕਈ ਸਿੱਖ ਪਰਿਵਾਰ ਸਿੱਖੀ ਤਿਆਗ ਦੂਜੇ ਰਾਹੀਂ ਪੈ ਰਹੇ ਹਨ। ਇਸ ਬਾਰੇ ਵੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਨੂੰ ਤਾਂ ਹਰੇਕ ਪਿੰਡ ਵਿਚ ਇਕ ਕਮੇਟੀ ਬਣਾਉਣੀ ਚਾਹੀਦੀ ਹੈ, ਜਿਹੜੀ ਮੁਸੀਬਤ ਮਾਰੇ ਪਰਿਵਾਰਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰੇ, ਤਾਂ ਜੋ ਉਹ ਮੁੜ ਆਪਣੇ ਪੈਰਾਂ ਉੱਤੇ ਖੜ੍ਹੇ ਹੋ ਸਕਣ।
ਸਿੱਖਾਂ ਨੂੰ ਮੁੜ ਗੁਰਬਾਣੀ ਨਾਲ ਜੋੜਨ ਦੀ ਲੋੜ ਹੈ ਅਤੇ ਕਰਮ ਕਾਂਡਾਂ ਦੀ ਥਾਂ ਗੁਰਉਪਦੇਸ਼ ਵੱਲ ਮੋੜਨ ਦੀ ਲੋੜ ਹੈ। ਉਨ੍ਹਾਂ ਨੂੰ ਆਪਣੇ ਮਹਾਨ ਵਿਰਸੇ ਦੀ ਜਾਣਕਾਰੀ ਦਿੱਤੀ ਜਾਵੇ, ਤਾਂ ਜੋ ਉਹ ਚੜ੍ਹਦੀ ਕਲਾ ਵਿਚ ਜਾਣ। ਨੌਜਵਾਨਾਂ ਨੂੰ ਕਿਰਤ ਵੱਲ ਮੋੜੀਏ, ਉਨ੍ਹਾਂ ਨੂੰ ਮਿੱਸੀ ਖੇਤੀ ਨਾਲ ਜੋੜੀਏ। ਗੁਰੂ-ਘਰਾਂ ਨੂੰ ਵੀ ਆਖਿਆ ਜਾਵੇ ਕਿ ਉਹ ਆਪਣੀਆਂ ਦੁੱਧ ਤੇ ਸਬਜ਼ੀਆਂ ਦੀਆਂ ਲੋੜਾਂ ਗੁਰਸਿੱਖਾਂ ਪਾਸੋਂ ਖਰੀਦ ਕੇ ਪੂਰੀਆਂ ਕਰਨ। ਇੰਜ ਸਾਫ਼-ਸੁਥਰੀ ਤੇ ਸਸਤੀ ਸਬਜ਼ੀ ਮਿਲੇਗੀ। ਨੌਜਵਾਨ ਕਿਸਾਨਾਂ ਨੂੰ ਆਪਣੀ ਉਪਜ ਦਾ ਪੂਰਾ ਮੁੱਲ ਮਿਲ ਜਾਵੇਗਾ, ਜਿਸ ਨਾਲ ਉਹ ਹੋਰ ਅੱਗੇ ਵਧਣ ਲਈ ਕਦਮ ਪੁੱਟਣਗੇ।
ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਨੂੰ ਪ੍ਰਚਾਰਨ ਵਿਚ ਸਤਿਕਾਰਯੋਗ ਸੰਤ ਸਮਾਜ ਤੇ ਦੂਜੇ ਮਹਾਂਪੁਰਖਾਂ ਨੂੰ ਵੀ ਯੋਗਦਾਨ ਪਾਉਣਾ ਚਾਹੀਦਾ ਹੈ। ਇਨਸਾਨ ਖੁਦਕੁਸ਼ੀ ਉਦੋਂ ਹੀ ਕਰਦਾ ਹੈ ਜਦੋਂ ਉਹ ਢਹਿੰਦੀ ਕਲਾ ਵਿਚ ਚਲਾ ਜਾਂਦਾ ਹੈ। ਸੰਗਤਾਂ ਵਿਚ ਸਾਦਗੀ ਅਤੇ ਚੜ੍ਹਦੀ ਕਲਾ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਹੁਣ ਵਿਆਹ-ਸ਼ਾਦੀਆਂ ਤਾਂ ਦੂਰ, ਬਜ਼ੁਰਗਾਂ ਦੇ ਭੋਗ ਸਮੇਂ ਵੀ ਖੁੱਲ੍ਹਾ ਖਰਚ ਕੀਤਾ ਜਾਣ ਲੱਗ ਪਿਆ ਹੈ। ਮਹਾਂਪੁਰਖਾਂ ਦੇ ਬਚਨ ਸੰਗਤਾਂ ਜ਼ਰੂਰ ਮੰਨਣਗੀਆਂ। ਕਰਜ਼ੇ ਦੇ ਪੀੜਤ ਕਿਸਾਨ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿ ਉਹ ਆਪਣੀ ਔਕੜ ਮਹਾਂਪੁਰਸ਼ਾਂ ਨਾਲ ਸਾਂਝੀ ਕਰ ਸਕਣ। ਜਿਥੋਂ ਤੱਕ ਹੋ ਸਕੇ, ਮੁਸੀਬਤ ਵਿਚ ਫਸੇ ਪਰਿਵਾਰ ਦੀ ਮਾਇਕ ਸਹਾਇਤਾ ਕੀਤੀ ਜਾਵੇ। ਸਾਰੇ ਸੰਸਾਰ ਨੂੰ ਚੜ੍ਹਦੀ ਕਲਾ ਤੇ ਵੰਡ ਛਕਣ ਦਾ ਉਪਦੇਸ਼ ਦੇਣ ਵਾਲੇ ਧਰਮ ਵਿਚ ਕਿਸੇ ਨੂੰ ਮਜਬੂਰ ਹੋ ਕੇ ਖੁਦਕੁਸ਼ੀ ਨਾ ਕਰਨੀ ਪਵੇ। ਗੁਰੂ ਦੇ ਸਿੱਖਾਂ ਨੇ ਗੁਰੂ ਕੇ ਲੰਗਰ ਦੀ ਪ੍ਰੰਪਰਾ ਨੂੰ ਕਾਇਮ ਰੱਖਿਆ ਹੈ। ਸਾਰੇ ਸੰਸਾਰ ਵਿਚ ਰੋਜ਼ਾਨਾ ਲੱਖਾਂ ਲੋਕ ਗੁਰੂ-ਘਰਾਂ ਵਿਚ ਲੰਗਰ ਛਕਦੇ ਹਨ ਪਰ ਕਦੇ ਤੋਟ ਨਹੀਂ ਆਈ। ਇਸੇ ਤਰ੍ਹਾਂ ਗ਼ਰੀਬ ਦੀ ਬਾਂਹ ਫੜਨ ਦਾ ਲੰਗਰ ਸ਼ੁਰੂ ਕੀਤਾ ਜਾਵੇ। ਗੁਰੂ ਦੀ ਮਿਹਰ ਸਦਕਾ ਇਸ ਵਿਚ ਵੀ ਕਦੇ ਤੋਟ ਨਹੀਂ ਆਵੇਗੀ ਅਤੇ ਕਿਸੇ ਇਨਸਾਨ ਨੂੰ ਗ਼ਰੀਬੀ ਕਾਰਨ ਖੁਦਕੁਸ਼ੀ ਕਰਨ ਦੀ ਨੌਬਤ ਨਹੀਂ ਆਵੇਗੀ। ਇਹੋ ਸਭ ਤੋਂ ਵੱਡੀ ਸੇਵਾ ਹੈ। ਗੁਰੂ-ਘਰਾਂ ਨੂੰ ਆਲੀਸ਼ਾਨ ਜ਼ਰੂਰ ਬਣਾਇਆ ਜਾਵੇ ਪਰ ਮੁਸੀਬਤ ਵਿਚ ਫਸੇ ਗੁਰੂ ਦੇ ਸਿੱਖਾਂ ਦੀ ਬਾਂਹ ਵੀ ਜ਼ਰੂਰ ਫੜੀ ਜਾਵੇ ਤੇ ਸਿੱਖਾਂ ਨੂੰ ਗੁਰਬਾਣੀ ਨਾਲ ਜੋੜਿਆ ਜਾਵੇ, ਤਾਂ ਹੀ 350ਵੇਂ ਪ੍ਰਕਾਸ਼ ਪੁਰਬ ਨੂੰ ਸਾਰਥਿਕ ਬਣਾਇਆ ਜਾ ਸਕਦਾ ਹੈ।