• Home
  • ਸਿੱਖਿਆ ਵਿਭਾਗ ਨੇ ਪ੍ਰੀ-ਪ੍ਰਾਇਮਰੀ “ਖੇਡ ਮਹਿਲ” ਉਸਾਰਿਆ, 24807 ਅਧਿਆਪਕਾਂ ਨੂੰ ਦਿੱਤੀ ਸਿਖਲਾਈ

ਸਿੱਖਿਆ ਵਿਭਾਗ ਨੇ ਪ੍ਰੀ-ਪ੍ਰਾਇਮਰੀ “ਖੇਡ ਮਹਿਲ” ਉਸਾਰਿਆ, 24807 ਅਧਿਆਪਕਾਂ ਨੂੰ ਦਿੱਤੀ ਸਿਖਲਾਈ

ਐੱਸ.ਏ.ਐੱਸ. ਨਗਰ 29ਮਈ-'(ਖਬਰ ਵਾਲੇ ਬਿਊਰੋ)- ਸਿੱਖਿਆ ਮੰਤਰੀ ਪੰਜਾਬ ਸ੍ਰੀ ਓ ਪੀ ਸੋਨੀ ਜੀ ਦੀ ਰਹਿਨੁਮਾਈ ਹੇਠ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤਿੰਨ ਤੋਂ ਛੇ ਸਾਲਾਂ ਦੇ ਬੱਚਿਆਂ ਨੂੰ ਪ੍ਰੀ-ਪ੍ਰਾਇਮਰੀ 'ਖੇਡ ਮਹਿਲ' ਦੀਆਂ ਕਿਰਿਆਵਾਂ ਕਰਵਾਉਣ ਲਈ ਮਈ 2018 ਵਿੱਚ ਪ੍ਰਾਇਮਰੀ ਸਕੂਲਾਂ 'ਚ ਪੜ੍ਹਾ ਰਹੇ 24807 ਅਧਿਆਪਕਾਂ ਨੇ ਸਿਖਲਾਈ ਲਈ|
ਪੰਜਾਬ ਦੇ ਸਮੂਹ ਜ਼ਿਲ਼ਿਆਂ ਦੇ ਬਲਾਕਾਂ ਅੰਦਰ ਲਗਾਈ ਗਈਆਂ ਸਿਖਲਾਈ ਵਰਕਸ਼ਾਪਾਂ ਵਿੱਚ ਅੰਮ੍ਰਿਤਸਰ ਦੇ 1644, ਬਰਨਾਲਾ ਦੇ 412, ਬਠਿੰਡਾ ਦੇ 765, ਫਤਿਹਗੜ੍ਹ ਸਾਹਿਬ ਦੇ 832, ਫਿਰੋਜ਼ਪੁਰ ਦੇ 1230 , ਫਾਜ਼ਿਲਕਾ ਦੇ 982, ਫਰੀਦਕੋਟ ਦੇ 579, ਗੁਰਦਾਸਪੁਰ ਦੇ 1957, ਪਠਾਨਕੋਟ ਦੇ 745, ਹੁਸ਼ਿਆਰਪੁਰ ਦੇ 2142, ਜਲੰਧਰ ਦੇ 1750 , ਕਪੂਰਥਲਾ ਦੇ 1053, ਲੁਧਿਆਣਾ ਦੇ 1931, ਮੋਗਾ ਦੇ 694, ਮਾਨਸਾ ਦੇ 622, ਸ੍ਰੀ ਮੁਕਤਸਰ ਦੇ 775, ਐੱਸ.ਏ.ਐੱਸ. ਨਗਰ ਦੇ 998, ਸਭਸ ਨਗਰ ਦੇ 716, ਪਟਿਆਲਾ ਦੇ 1708, ਰੂਪਨਗਰ ਦੇ 938, ਸੰਗਰੂਰ ਦੇ 1307 ਅਤੇ ਤਰਨਤਾਰਨ ਦੇ 1027 ਅਧਿਆਪਕਾਂ ਨੇ ਸਿਖਲਾਈ ਵਰਕਸ਼ਾਪ 'ਚ ਭਾਗ ਲਿਆ|
'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਗਰਾਮ ਤਹਿਤ ਸਿਖਲਾਈ ਵਰਕਸ਼ਾਪਾਂ ਦੌਰਾਨ ਅਧਿਆਪਕਾਂ ਨੂੰ ਪ੍ਰੀ-ਪ੍ਰਾਇਮਰੀ 'ਖੇਡ ਮਹਿਲ' ਦੇ ਬੱਚਿਆਂ ਨਾਲ ਬਾਲ ਮਨਾਂ ਨੂੰ ਸਮਝਦੇ ਹੋਏ ਬੱਚਿਆਂ ਦੇ ਸਰਵਪੱਖੀ ਵਿਕਾਸ ਜਿਸ 'ਚ ਸਰੀਰਕ, ਬੌਧਿਕ, ਸਿਰਜਣਾਤਮਿਕ ਅਤੇ ਭਾਵਨਾਤਮਿਕ ਵਿਕਾਸ ਬਾਰੇ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ ਦੀ ਜਾਣਕਾਰੀ ਦਿੱਤੀ ਗਈ|
ਇਹਨਾਂ ਸਿਖਲਾਈ ਵਰਕਸ਼ਾਪਾਂ ਦੇ ਸਫਲ ਆਯੋਜਨ ਤੇ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਨੇ ਸਮੂਹ ਸਟੇਟ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ, ਸਟੇਟ ਕੋਆਰਡੀਨੇਟਰ ਤੇ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਟੀਮ ਨੂੰ ਮੁਬਾਰਕਬਾਦ ਦਿੱਤੀ|
ਡਾਇਰੈਕਟਰ ਰਾਜ ਸਿੱਖਿਆ ਸਿਖਲਾਈ ਅਤੇ ਖੋਜ ਪ੍ਰੀਸ਼ਦ ਪੰਜਾਬ ਸ੍ਰੀ ਇੰਦਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਅਧਿਆਪਕ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸਿਖਲਾਈ ਲੈਣ ਉਪਰੰਤ ਬਹੁਤ ਹੀ ਵਧੀਆ ਢੰਗ ਨਾਲ ਸਕੂਲਾਂ 'ਚ ਸਿੱਖਣ ਸਿਖਾਉਣ ਸਮੱਗਰੀ ਤਿਆਰ ਕਰ ਰਹੇ ਹਨ ਅਤੇ ਉਹਨਾਂ ਨੇ ਵਰਕਸ਼ਾਪਾਂ ਦੌਰਾਨ ਆਪਣੀ ਕਲਾ ਨੂੰ ਬਾਖੂਬੀ ਆਪਣੇ ਸਾਥੀਆਂ ਨਾਲ ਸਾਂਝਿਆਂ ਕਰਕੇ ਸਿੱਖਿਆ ਵਿਭਾਗ ਲਈ ਉਸਾਰੂ ਕਾਰਜ ਕੀਤੇ ਹਨ|