• Home
  • ਸ਼ਾਹ ਕੋਲ ਸਾਬਕਾ ਮੰਤਰੀਆਂ ਨੇ ਲਗਾਇਆ ਤਵਾ ਅਕਾਲੀ ਦਲ ‘ਤੇ

ਸ਼ਾਹ ਕੋਲ ਸਾਬਕਾ ਮੰਤਰੀਆਂ ਨੇ ਲਗਾਇਆ ਤਵਾ ਅਕਾਲੀ ਦਲ ‘ਤੇ

ਚੰਡੀਗੜ੍ਹ ( ਪਰਮਿੰਦਰ ਸਿੰਘ ਜੱਟਪੁਰੀ ): ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਜਦੋਂ ਪੰਜਾਬ ਭਾਜਪਾ ਦੇ ਦਫ਼ਤਰ ਵਿੱਚ ਭਾਜਪਾ ਆਗੂਆਂ ਨਾਲ ਮੀਟਿੰਗ ਕੀਤੀ ਤਾਂ ਦੋ ਸਾਬਕਾ ਮੰਤਰੀਆਂ ਨੇ ਅਕਾਲੀ ਦਲ ਤੇ ਗੁੱਸਾ ਕੱਢਿਆ । ਪੰਜਾਬ ਭਾਜਪਾ ਨਾਲ ਸਬੰਧਤ ਦੋ ਸਾਬਕਾ ਮੰਤਰੀਆਂ ਨੇ ਕਿਹਾ ਕਿ ਅਕਾਲੀ ਦਲ , ਭਾਜਪਾ ਆਗੂਆਂ ਨੂੰ ਬਣਦਾ ਮਾਨ ਸਤਿਕਾਰ ਨਹੀਂ ਦਿੰਦਾ। ਜਿਸ ਕਾਰਨ ਇਸ ਮਸਲੇ 'ਤੇ ਅਕਾਲੀ ਦਲ ਦੇ ਆਗੂਆਂ ਨਾਲ ਗੱਲਬਾਤ ਕੀਤੀ ਜਾਵੇ। ਇਸ ਦੇ ਜਵਾਬ ਵਿੱਚ ਅਮਿਤ ਸ਼ਾਹ ਨੇ ਕਿਹਾ ਕਿ ਉਹ ਫਿਰ ਤਿੰਨ ਮਹੀਨੇ ਬਾਅਦ ਇੱਕ ਮੀਟਿੰਗ ਕਰਨਗੇ ਜਿਸ ਵਿੱਚ ਇਸ ਬਾਰੇ ਅਕਾਲੀ ਆਗੂਆਂ ਨਾਲ ਚਰਚਾ ਕੀਤੀ ਜਾਵੇਗੀ। ਹਾਲ ਦੀ ਘੜੀ ਅਕਾਲੀ ਦਲ ਨਾਲ ਮਿਲ ਕੇ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਲੋਕਾਂ ਤੱਕ ਪਹੁੰਚਾਈਆਂ ਜਾਣ। ਇਸ ਮੀਟਿੰਗ ਵਿੱਚ ਕਿਸਾਨਾਂ ਦੇ ਮਸਲੇ ਹੱਲ ਕਰਨ ਬਾਰੇ ਵੀ ਚਰਚਾ ਕੀਤੀ ਗਈ। ਅਮਿਤ ਸ਼ਾਹ ਨੇ ਕਿਹਾ ਕਿ ਕਿਸਾਨਾਂ ਦੇ ਮਸਲਿਆਂ ਪ੍ਰਤੀ ਕੇਂਦਰ ਸਰਕਾਰ ਗੰਭੀਰ ਹੈ ਤਾਂ ਹੀ ਗੰਨਾ ਕਾਸ਼ਤਕਾਰਾਂ ਨੂੰ ਅੱਠ ਹਜ਼ਾਰ ਕਰੋੜ ਰੁਪਏ ਦਾ ਪੈਕੇਜ ਦਿੱਤਾ ਗਿਆ ਹੈ। ਇਸ ਮੀਟਿੰਗ ਵਿੱਚ ਕਿਸਾਨਾਂ ਵੱਲੋਂ ਦੇਸ਼ ਵਿਆਪੀ ਕੀਤੀ ਹੜਤਾਲ ਬਾਰੇ ਵੀ ਚਰਚਾ ਕੀਤੀ ਗਈ। ਮੀਟਿੰਗ ਤੋਂ ਬਾਅਦ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕਰੇਗੀ। ਚੰਡੀਗੜ੍ਹ ਦੇ ਕੁਝ ਸਿੱਖ ਆਗੂਆਂ ਵੱਲੋਂ ਅਮਿਤ ਸ਼ਾਹ ਖ਼ਿਲਾਫ਼ ਨਾਅਰੇ ਮਾਰਨ ਦੇ ਉਲੀਕੇ ਪ੍ਰੋਗਰਾਮ ਦੀ ਨਿੰਦਾ ਕਰਦਿਆਂ ਵਿਜੇ ਸਾਂਪਲਾ ਨੇ ਕਿਹਾ ਕਿ ਕੁਝ ਲੋਕਾਂ ਦਾ ਕੰਮ ਕੇਵਲ ਵਿਰੋਧ ਕਰਨਾ ਹੀ ਹੁੰਦਾ ਹੈ। ਵਿਜੇ ਸਾਂਪਲਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਸਾਰਾ ਧਿਆਨ 2019 ਦੀ ਲੋਕ ਸਭਾ ਚੋਣ 'ਤੇ ਹੀ ਕੇਂਦਰਿਤ ਸੀ।