• Home
  • ਸਰਕਾਰ ਦੀ ਹਰਿਆਲੀ ਐਪ -ਬਟਨ ਦਬਾਓ ਘਰ ਬੈਠੇ ਮਨ ਪਸੰਦੀ ਦੇ ਫਰੀ ਬੂਟੇ ਪਾਓ

ਸਰਕਾਰ ਦੀ ਹਰਿਆਲੀ ਐਪ -ਬਟਨ ਦਬਾਓ ਘਰ ਬੈਠੇ ਮਨ ਪਸੰਦੀ ਦੇ ਫਰੀ ਬੂਟੇ ਪਾਓ

ਚੰਡੀਗੜ•, 19 ਜੂਨ: (ਖ਼ਬਰ ਵਾਲੇ ਬਿਊਰੋ )
ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸੂਬੇ ਨੂੰ ਹਰਾ-ਭਰਾ ਤੇ ਤੰਦਰੁਸਤ ਬਣਾਉਣ ਲਈ ਸ਼ੁਰੂ ਕੀਤੀ 'ਆਈ ਹਰਿਆਲੀ' (‘i-8ariyali’) ਐਪ ਇੱਕ ਵਿਲੱਖਣ ਤੇ ਮਹਾਨ ਪਹਿਲਕਦਮੀ ਹੈ। ਇਸ ਐਪ ਦੀ ਖੂਬਸੂਰਤੀ ਇਹ ਹੈ ਕਿ ਇਸ ਰਾਹੀਂ ਘਰ ਬੈਠਿਆਂ ਹੀ ਸੂਬੇ ਦਾ ਕੋਈ ਵੀ ਨਾਗਰਿਕ ਇੱਕ ਬਟਣ ਦੇ ਕਲਿੱਕ ਰਾਹੀਂ ਆਸਾਨੀ ਨਾਲ ਆਪਣੀ ਪਸੰਦ ਦੇ ਬੂਟੇ ਬੁੱਕ ਕਰ ਸਕਦਾ ਹੈ।
'ਆਈ ਹਰਿਆਲੀ' ਐਪ ਰਾਹੀਂ ਮਿਲਣ ਵਾਲੀ ਇਸ ਸਹੂਲਤ ਜ਼ਰੀਏ ਸੂਬੇ ਦਾ ਹਰ ਨਾਗਰਿਕ ਆਪਣੀ ਸਭ ਤੋਂ ਨੇੜੜੀ ਸਰਕਾਰੀ ਨਰਸਰੀ ਤੋਂ ਆਪਣੀ ਪਸੰਦ ਦੇ ਬੂਟੇ ਹਾਸਲ ਕਰ ਸਕਦਾ ਹੈ। ਇਸ ਐਪ ਨੂੰ ਆਪਣੇ ਮੋਬਾਇਲ ਵਿੱਚ ਪਲੇਅ ਸਟੋਰ ਤੋਂ ਮੁਫ਼ਤ ਡਾਊਨ ਲੋਡ ਕੀਤਾ ਜਾ ਸਕਦਾ ਹੈ। ਇਸ ਐਪ ਨੂੰ ਸ਼ੁਰੂ ਕਰਨ ਦਾ ਉਦੇਸ਼ ਬਰਸਾਤ ਦੇ ਚਾਲੂ ਸੀਜ਼ਨ ਦੌਰਾਨ ਵੱਧ ਤੋਂ ਵੱਧ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਵਾਤਾਵਰਣ ਨੂੰ ਹੋਰ ਪ੍ਰਦੂਸ਼ਤ ਹੋਣ ਤੋਂ ਬਚਾਇਆ ਜਾ ਸਕੇ। ਹਰ ਨਾਗਰਿਕ ਲਈ ਬੂਟੇ ਲਗਾਉਣ ਦੇ ਨਾਲ-ਨਾਲ ਇਨ•ਾਂ ਦੀ ਸਾਂਭ-ਸੰਭਾਲ ਵੀ ਕਰਨੀ ਜ਼ਰੂਰੀ ਸ਼ਰਤ ਮਿੱਥੀ ਗਈ ਹੈ, ਕਿਉਂਕਿ ਬੂਟੇ ਲਾਉਣੇ ਤੇ ਪਾਲਣੇ ਇੱਕੋ ਜਿੰਨੇ ਜ਼ਰੂਰੀ ਹਨ ਤਾਂ ਹੀ 'ਮਿਸ਼ਨ ਤੰਦਰੁਸਤ ਪੰਜਾਬ' ਦੇ ਮਕਸਦ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ।
ਬੂਟਿਆਂ ਦੀ ਬੁਕਿੰਗ ਉਪਰੰਤ ਨੇੜਲੀ ਨਰਸਰੀ ਦੇ ਮੁਲਾਜ਼ਮ ਜਾਂ ਫਾਰੈਸਟ ਗਾਰਡ ਦਾ ਮੋਬਾਈਲ ਨੰਬਰ ਬੂਟੇ ਬੁੱਕ ਕਰਨ ਵਾਲੇ ਵਿਅਕਤੀ ਦੇ ਮੋਬਾਈਲ 'ਤੇ ਇੱਕ ਮੈਸੇਜ ਰਾਹੀਂ ਪਹੁੰਚ ਜਾਵੇਗਾ। ਵਰਣਨਯੋਗ ਹੈ ਕਿ ਇਸ ਪ੍ਰਕਿਰਿਆ ਰਾਹੀਂ ਇੱਕ ਨਾਗਰਿਕ ਨੂੰ ਵੱਧ ਤੋਂ ਵਧ 25 ਬੂਟੇ ਦਿੱਤੇ ਜਾਣਗੇ।
''ਆਈ ਹਰਿਆਲੀ'' ਐਪ ਦਾ ਮਕਸਦ ਸੂਬੇ ਦੇ ਨਾਗਰਿਕਾਂ ਦੁਆਰਾ ਇੱਕ ਬਟਨ ਦੇ ਕਲਿੱਕ ਨਾਲ ਆਪਣੀ ਪਸੰਦ ਦੇ ਉਪਲੱਬਧ ਬੂਟੇ ਤੱਕ ਪਹੁੰਚ ਕਰਨ ਅਤੇ ਹਰਿਆਲੀ ਵਧਾਉਣ ਦੀ ਇਸ ਸ਼ਕਤੀਸ਼ਾਲੀ ਮੁਹਿੰਮ 'ਚ ਭਾਗੀਦਾਰ ਬਣਾਉਣਾ ਹੈ। ਐਪ ਰਾਹੀਂ ਬੁੱਕ ਕੀਤੇ ਬੂਟੇ ਨਰਸਰੀ ਵਲੋਂ ਆਪਣੇ ਮੁਲਾਜ਼ਮਾਂ ਤੇ ਬੁੱਕ ਕਰਨ ਵਾਲੇ ਵਿਅਕਤੀ ਨਾਲ ਆਪਸੀ ਤਾਲਮੇਲ ਰਾਹੀਂ ਮੁਫ਼ਤ ਸਪਲਾਈ ਕੀਤੇ ਜਾਣਗੇ।
ਪੰਜਾਬ ਸਰਕਾਰ ਵਾਤਾਵਰਣਿਕ ਤਬਦੀਲੀਆਂ ਨਾਲ ਸਬੰਧਤ ਖ਼ਤਰਿਆਂ ਤੋਂ ਭਲੀ ਭਾਂਤ ਜਾਣੂ ਹੈ। ਅੱਜ ਦੇ ਦੌਰ 'ਚ ਰੁੱਖ ਕੱਟਣ ਤੇ ਰੁੱਖ ਲਾਉਣ ਦੇ ਅਨੁਪਾਤ 'ਚ ਵੱਡਾ ਅੰਤਰ ਹੈ, ਜਿਸ ਸਦਕਾ ਹਵਾ ਤੇ ਪਾਣੀ ਪ੍ਰਦੂਸ਼ਿਤ ਹੋ ਰਹੇ ਹਨ। ਵਾਤਾਵਰਣ ਤੇ ਮਨੁੱਖ ਨੂੰ ਦਰਪੇਸ਼ ਵਿਭਿੰਨ ਖ਼ਤਰਿਆਂ ਨਾਲ ਨਜਿੱਠਣ ਸਬੰਧੀ ਆਪਣੀ ਜ਼ਿੰਮੇਦਾਰੀ ਨੂੰ ਬਾਖੂਬੀ ਸਮਝਦਿਆਂ ਸੂਬਾ ਸਰਕਾਰ ਨੇ 'ਮਿਸ਼ਨ ਤੰਦਰੁਸਤ ਪੰਜਾਬ' ਦੀ ਸ਼ੁਰੂਆਤ ਕੀਤੀ ਹੈ। ਇਸ ਮਿਸ਼ਨ ਦਾ ਮੁੱਖ ਉਦੇਸ਼ ਸ਼ੁੱਧ ਹਵਾ, ਪਾਣੀ ਤੇ ਖ਼ੁਰਾਕ ਮੁਹੱਈਆ ਕਰਾਉਣਾ ਮਿੱਥਿਆ ਗਿਆ ਹੈ। ਸੂਬੇ 'ਚ ਵਾਤਾਵਰਣ ਦੇ ਮਾਰੂ ਪ੍ਰਭਾਵ ਨੂੰ ਘਟਾਉਣ ਲਈ ਵੱਧ ਤੋਂ ਵੱਧ ਰੁੱਖ ਲਾਉਣ ਦੀ ਇੱਕ ਰੂਪ-ਰੇਖਾ ਤਿਆਰ ਕੀਤੀ ਗਈ ਹੈ। 'ਘਰ-ਘਰ ਹਰਿਆਲੀ' ਮਿਸ਼ਨ ਤਹਿਤ ਚਲਾਈ ਜਾਣ ਵਾਲੀ ਇਸ ਯੋਜਨਾ ਦਾ ਉਦੇਸ਼ ਰੁੱਖ ਲਾਉਣ ਤੇ ਹਰਿਆਲੀ ਵਧਾਉਣ ਸੂਬੇ ਦੇ ਹਰ ਇੱਕ ਨਾਗਰਿਕ ਤੱਕ ਪਹੁੰਚ ਕਰਨਾ ਹੈ।
ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸੁਪਨਮਈ ਪ੍ਰਾਜੈਕਟ 'ਮਿਸ਼ਨ ਤੰਦਰੁਸਤ ਪੰਜਾਬ' ਨੂੰ ਸਫ਼ਲ ਬਣਾਉਣ ਲਈ ਸੂਬੇ ਦੇ ਸਮੂਹ ਨਾਗਰਿਕਾਂ ਨੂੰ ਬਰਸਾਤ ਦੇ ਇਸ ਮੌਸਮ ਦੌਰਾਨ ਵੱਧ ਤੋਂ ਵੱਧ ਬੂਟੇ ਲਾ ਕੇ ਆਪਣਾ ਨਿੱਗਰ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਕਿ ਪੰਜਾਬ ਨੂੰ ਇੱਕ ਵਾਰ ਫੇਰ ਤੋਂ ਹਰਾ-ਭਰਾ ਬਣਾਇਆ ਜਾ ਸਕੇ।