• Home
  • ਸਕੱਤਰ ਸਕੂਲ ਸਿੱਖਿਆ ਨੇ ਅਧਿਕਾਰੀਆਂ ਦੀ ਮੀਟਿੰਗ ‘ਚ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰੋਜੈਕਟ ਦੀ ਪ੍ਰਗਤੀ ਬਾਰੇ ਸਿੱਖਿਆ ਮੰਤਰੀ ਨੂੰ ਦਿੱਤੀ ਜਾਣਕਾਰੀ

ਸਕੱਤਰ ਸਕੂਲ ਸਿੱਖਿਆ ਨੇ ਅਧਿਕਾਰੀਆਂ ਦੀ ਮੀਟਿੰਗ ‘ਚ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰੋਜੈਕਟ ਦੀ ਪ੍ਰਗਤੀ ਬਾਰੇ ਸਿੱਖਿਆ ਮੰਤਰੀ ਨੂੰ ਦਿੱਤੀ ਜਾਣਕਾਰੀ

ਐੱਸ.ਏ.ਐੱਸ. ਨਗਰ 3 ਮਈ -ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਜੈਕਟ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਆਯੋਜਿਤ ਮੀਟਿੰਗ 'ਚ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਓ. ਪੀ. ਸੋਨੀ ਜੀ ਵਿਸ਼ੇਸ਼ ਤੌਰ 'ਤੇ ਪਹੁੰਚੇ| ਇਸ ਮੀਟਿੰਗ 'ਚ ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਨੇ 'ਪੜ੍ਹੋ ਪੰਜਾਬ. ਪੜ੍ਹਾਓ ਪੰਜਾਬ' ਪ੍ਰੋਜੈਕਟ ਦੀ ਪ੍ਰਗਤੀ ਬਾਰੇ ਸਿੱਖਿਆ ਮੰਤਰੀ ਨੂੰ ਚਾਨਣਾ ਪਾਇਆ ਅਤੇ ਕੰਮ ਕਰ ਰਹੀ ਮਿਹਨਤੀ ਟੀਮ ਨਾਲ ਜਾਣ-ਪਛਾਣ ਕਰਵਾਈ|
ਸਿੱਖਿਆ ਮੰਤਰੀ ਸ੍ਰੀ ਸੋਨੀ ਨੇ ਮੀਟਿੰਗ 'ਚ ਸਮੂਹ ਹਾਜ਼ਰ ਸਿੱਖਿਆ ਅਧਿਕਾਰੀਆਂ ਜਿਨ੍ਹਾਂ 'ਚ ਸਟੇਟ, ਜ਼ਿਲ੍ਹਾ ਤੇ ਬਲਾਕ ਪੱਧਰ ਦੇ ਸਿੱਖਿਆ ਅਫਸਰ ਸ਼ਾਮਿਲ ਸਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ੍ਰੀ ਕ੍ਰਿਸ਼ਨ ਕੁਮਾਰ ਬਤੌਰ ਸਿੱਖਿਆ ਸਕੱਤਰ ਸਕੂਲ ਸਿੱਖਿਆ ਲਈ ਟੀਮ ਨੂੰ ਨਾਲ ਲੈ ਕੇ ਸਕੂਲੀ ਬੱਚਿਆਂ ਦੇ ਸਿੱਖਣ ਪੱਧਰ ਨੂੰ ਉੱਚਾ ਚੁੱਕਣ ਦਾ ਇਮਾਨਦਾਰ ਯਤਨ ਕਰ ਰਹੇ ਹਨ ਅਤੇ ਸਮੂਹ ਅਧਿਆਪਕਾਂ ਅਤੇ ਅਧਿਕਾਰੀਆਂ ਵੱਲੋਂ ਹੁਣ ਇਹਨਾਂ ਨਾਲ ਇਮਾਨਦਾਰੀ, ਅਨੁਸਾਸ਼ਨ ਅਤੇ ਮਿਹਨਤ ਨਾਲ ਕੰਮ ਕਰਕੇ ਸਿੱਖਿਆ ਵਿਭਾਗ ਦਾ ਮਿਆਰ ਹੋਰ ਉੱਚਾ ਚੁੱਕਣ ਲਈ ਕੰਮ ਕਰਨਾ ਹੈ|
ਉਹਨਾਂ ਕਿਹਾ ਕਿ ਪਿਛਲ਼ੇ ਕੁਝ ਦਿਨਾਂ ਤੋਂ ਉਹ ਸਿੱਖਿਆ ਵਿਭਾਗ ਦੇ ਨਾਲ ਜੁੜੇ ਹਨ ਤੇ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਜੈਕਟ ਤਹਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਲਈ ਕੀਤੇ ਜਾ ਰਹੇ ਪ੍ਰਯਤਨਾਂ ਨੂੰ ਦੇਖ ਰਹੇ ਹਨ| ਉਹਾਂਂ ਕਿਹਾ ਜਿਹੜੇ ਕੰਮ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਇਮਾਨਦਾਰੀ, ਤਨਦੇਹੀ ਤੇ ਸੁਚੱਜੀ ਵਿਉਂਤਬੰਦੀ ਨਾਲ ਚਲਾਏ ਜਾਂਦੇ ਹਨ ਉਹਨਾਂ ਨੂੰ ਕੋਈ ਵੀ ਬੰਦ ਨਹੀਂ ਕਰ ਸਕਦਾ| ਉਹਨਾਂ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਤਹਿਤ ਬੱਚਿਆਂ ਦੁਆਰਾ ਕੀਤੀਆਂ ਗਈਆਂ ਸਫਲ ਪੇਸ਼ਕਾਰੀਆਂ ਬਾਰੇ ਸਿੱਖਿਆ ਸਕੱਤਰ ਅਤੇ ਸਮੂਹ ਅਧਿਕਾਰੀਆਂ ਤੇ ਅਧਿਆਪਕਾਂ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ| 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦੀ ਭਰਪੂਰ ਪ੍ਰਸ਼ੰਸ਼ਾ ਕਰਦਿਆਂ ਸਿੱਖਿਆ ਮੰਤਰੀ ਨੇ ਇਸ ਮੌਕੇ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਜੈਕਟ 'ਚ ਕੰਮ ਕਰ ਰਹੇ ਸਿੱਖਿਆ ਅਫ਼ਸਰਾਂ ਤੇ ਅਧਿਆਪਕਾਂ ਦੀ ਪਿੱਠ ਥਾਪੜੀ| ਉਹਨਾਂ ਇਸ ਮੌਕੇ ਸਕੂਲਾਂ 'ਚ ਦਿੱਤੀ ਜਾ ਰਹੀ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਸਿੱਖਣ ਸਹਾਇਕ ਸਮੱਗਰੀ ਦੀ ਪ੍ਰਦਰਸ਼ਨੀ ਵੀ ਦੇਖੀ ਅਤੇ ਤਿਆਰ ਕੀਤਾ ਮੈਨੂਅਲ/ਕਿਤਾਬਚਾ ਵੀ ਜਾਰੀ ਕੀਤਾ|
ਸਿੱਖਿਆ ਮੰਤਰੀ ਸ੍ਰੀ ਸੋਨੀ ਨੇ ਕਿਹਾ ਕਿ ਉਹਨਾਂ ਦੀ ਸਿੱਖਿਆ ਵੀ ਸਰਕਾਰੀ ਸਕੂਲਾਂ ਤੋਂ ਸ਼ੁਰੂ ਹੋਈ ਸੀ ਅਤੇ ਉਹ ਸਰਕਾਰੀ ਸਕੂਲਾਂ ਦੇ ਮਿਹਨਤੀ ਅਧਿਆਪਕਾਂ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਸੇ ਕਿਸਮ ਦੀ ਔਖ ਨਹੀਂ ਆਉਣ ਦੇਣਗੇ| ਪਰ ਉਹ ਵਿਭਾਗ ਅੰਦਰ ਕਿਸੇ ਵੀ ਪੱਧਰ 'ਤੇ ਅਨੁਸ਼ਾਸ਼ਨਹੀਣਤਾ ਅਤੇ ਗੈਰ-ਜਿੰਮੇਵਾਰਾਨਾ ਰਵੱਈਆ ਬਰਦਾਸ਼ਤ ਨਹੀਂ ਕਰਨਗੇ ਅਤੇ ਉਹ ਇਹ ਵੀ ਉਮੀਦ ਕਰਦੇ ਹਨ ਕਿ ਅੱਜ ਤੋਂ ਬਾਅਦ ਅਧਿਆਪਕਾਂ ਵੱਲੋਂ ਵੀ ਕੋਈ ਸ਼ਿਕਾਇਤ ਨਹੀਂ ਹੋਣ ਦੇਣਗੇ| ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ 'ਚ ਹੁਨਰ ਦੀ ਕਮੀ ਨਹੀਂ ਹੈ ਅਤੇ ਇਹਨਾਂ ਨੇ ਹੀ ਅੱਗੇ ਵਧ ਕੇ ਪ੍ਰਸ਼ਾਸ਼ਨਿਕ ਅਧਿਕਾਰੀ, ਡਾਕਟਰ, ਇੰਜੀਨੀਆਰ, ਅਧਿਆਪਕ ਅਤੇ ਹੋਰ ਕਿੱਤਿਆਂ 'ਚ ਆਪਣੀ ਪਛਾਣ ਬਣਾਉਣੀ ਹੈ ਜਿਸ ਲਈ ਸਭ ਨੂੰ ਉਸਾਰੂ ਰੋਲ ਅਦਾ ਕਰਨਾ ਚਾਹੀਦਾ ਹੈ|
ਸਿੱਖਿਆ ਮੰਤਰੀ ਸ੍ਰੀ ਸੋਨੀ ਨੇ ਕਿਹਾ ਕਿ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਜੈਕਟ ਤਹਿਤ ਗੁਣਾਤਮਿਕ ਸਿੱਖਿਆ ਲਈ ਵਧੀਆ ਕਾਰਗੁਜ਼ਾਰੀ ਦੇਣ ਵਾਲੇ ਅਧਿਆਪਕਾਂ ਨੂੰ 26 ਜਨਵਰੀ ਤੇ 15 ਅਗਸਤ ਨੂੰ ਸਨਮਾਨਿਤ ਕਰਨ ਲਈ ਵੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਗੱਲਬਾਤ ਕਰਨਗੇ|
ਇਸ ਮੌਕੇ ਸਿੱਖਿਆ ਮੰਤਰੀ ਸ੍ਰੀ ਓ. ਪੀ. ਸੋਨੀ ਜੀ ਨੇ ਤਰਸ ਦੇ ਆਧਾਰ 'ਤੇ 38 ਆਸ਼ਰਿਤਾਂ ਨੂੰ ਜਿਨ੍ਹਾਂ 'ਚ 10 ਕਲਰਕ ਅਤੇ 28 ਦਰਜਾ ਚਾਰ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦਿੱਤੇ| ਇਸ ਮੀਟਿੰਗ ਦਾ ਮੰਚ ਸੰਚਾਲਨ ਡਾ. ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਜੈਕਟ ਨੇ ਕੀਤਾ|
ਇਸ ਮੀਟਿੰਗ ਵਿੱਚ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਸ੍ਰੀ ਪ੍ਰਸ਼ਾਂਤ ਕੁਮਾਰ ਗੋਇਲ ਆਈ.ਏ.ਐੱਸ. ਨੇ ਸਵਾਗਤੀ ਸ਼ਬਦ ਅਤੇ  ਡੀ.ਪੀ.ਆਈ. (ਸੈਕੰਡਰੀ) ਸ. ਪਰਮਜੀਤ ਸਿੰਘ ਨੇ ਧੰਨਵਾਦ ਕੀਤਾ| ਇਹਨਾਂ ਤੋਂ ਇਲਾਵਾ ਮੀਟਿੰਗ 'ਚ ਡੀ.ਪੀ.ਆਈ. (ਐਲੀਮੈਟਰੀ) ਸ੍ਰੀ ਇੰਦਰਜੀਤ ਸਿੰਘ, ਡਿਪਟੀ ਡਾਇਰੈਕਟਰ ਧਰਮ ਸਿੰਘ, ਸਹਾਇਕ ਡਾਇਰੈਕਟਰ ਜਰਨੈਲ ਸਿੰਘ ਕਾਲੇਕੇ, ਸਿੱਖਿਆ ਵਿਭਾਗ ਦੇ ਸਮੂਹ ਸਹਾਇਕ ਡਾਇਰੈਕਟਰ, ਸਰਵ ਸਿੱਖਿਆ ਅਭਿਆਨ ਤੇ ਰਮਸਾ ਦੇ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ, ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਐਲੀਮੈਂਟਰੀ ਸਿੱਖਿਆ, ਉਪ-ਜ਼ਿਲ਼੍ਹਾ ਸਿੱਖਿਆ ਅਫਸਰ, ਡਾਇਟ ਪ੍ਰਿੰਸੀਪਲ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦੇ ਜ਼ਿਲ੍ਹਾ ਕੋਆਰਡੀਨੇਟਰ, ਬਲਾਕ ਮਾਸਟਰ ਟਰੇਨਰ, ਸਿੱਖਿਆ ਵਿਭਾਗ ਦੇ ਹੋਰ ਆਹਲਾ ਅਧਿਕਾਰੀ ਵੀ ਹਾਜ਼ਰ ਸਨ|