• Home
  • ਸਕੂਲੀ ਵਿਦਿਆਰਥੀਆਂ ਲਈ ਐਜੂਸੈਟ ਰਾਹੀਂ 2018-19 ਵਿੱਦਿਅਕ ਪ੍ਰੋਗਰਾਮਾਂ ਦਾ ਆਗਾਜ਼

ਸਕੂਲੀ ਵਿਦਿਆਰਥੀਆਂ ਲਈ ਐਜੂਸੈਟ ਰਾਹੀਂ 2018-19 ਵਿੱਦਿਅਕ ਪ੍ਰੋਗਰਾਮਾਂ ਦਾ ਆਗਾਜ਼

ਐੱਸ.ਏ.ਐੱਸ. ਨਗਰ 23 - ਸਕੱਤਰ ਸਕੂਲ਼ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਐਜੂਸੈਟ (ਐਜੂਕੇਸ਼ਨ ਥਰੂ ਸੈਟੇਲਾਈਟ) ਰਾਹੀਂ ਵੱਖ-ਵੱਖ ਵਿਸ਼ਿਆਂ ਦੇ ਗਿਆਨ ਨੂੰ ਵਧਾਉਣ ਲਈ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਸ੍ਰੀ ਪ੍ਰਸ਼ਾਂਤ ਹੋਇਲ ਆਈ.ਏ.ਐੱਸ. ਨੇ ਸਿੱਖਿਆ ਪ੍ਰੋਗਰਾਮਾਂ ਦਾ ਆਗਾਜ਼ ਕੀਤਾ|

ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੇਵੀਂ ਤੋਂ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਲਈ ਵੱਖ-ਵੱਖ ਵਿਸ਼ਿਆਂ ਦੀ ਸਮਾਂ-ਸਾਰਣੀ ਬਣਾ ਕੇ ਸਿੱਖਿਆ ਵਿਭਾਗ ਦੇ ਐਜੂਸੈਟ ਕੰਪੋਨੈਂਟ ਵੱਲੋਂ ਵਿਸ਼ਾ ਮਾਹਿਰ ਅਧਿਆਪਕ 'ਧਾਰਨਾਵਾਂ ਆਧਾਰਿਤ ਸਿੱਖਿਆ' ਪ੍ਰੋਗਰਾਮ ਤਹਿਤ ਵਿਸ਼ਿਆਂ ਦੀਆਂ ਧਾਰਨਾਵਾਂ ਦਾ ਗਿਆਨ ਦੇਣਗੇ|
ਪਾਠਕ੍ਰਮ 'ਤੇ ਆਧਾਰਿਤ ਪ੍ਰੋਗਰਾਮ ਦਾ ਆਗਾਜ਼ ਕਰਦੇ ਹੋਏ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਪ੍ਰਸ਼ਾਂਤ ਕੁਮਾਰ ਗੋਇਲ ਨੇ ਬੱਚਿਆਂ ਨੂੰ ਨਵੇਂ ਸੈਸ਼ਨ 2018-19 ਦੌਰਾਨ ਆਪਣੇ ਟੀਚੇ ਨਿਰਧਾਰਿਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਇਹਨਾਂ ਟੀਚਿਆਂ ਦੀ ਪ੍ਰਾਪਤੀ ਲਈ ਯੋਜਨਾਬੱਧ ਪੜ੍ਹਾਈ ਦੇ ਨਾਲ-ਨਾਲ ਸਹਿ-ਅਕਾਦਮਿਕ ਕਿਰਿਆਵਾਂ 'ਚ ਭਾਗ ਲੈਣ ਲਈ ਪ੍ਰੇਰਿਤ ਕੀਤਾ| ਉਹਨਾਂ ਐਜੂਸੈਟ ਰਾਹੀਂ ਮਿਲਣ ਵਾਲੇ ਵੱਖ-ਵੱਖ ਧਾਰਨਾਵਾਂ ਦੇ ਗਿਆਨ ਸਬੰਧੀ ਨੋਟਸ ਲਿਖਣ ਲਈ ਵੀ ਸੁਝਾਅ ਦਿੱਤੇ|
ਸਕੂਲ ਮੁਖੀਆਂ ਨੂੰ ਸੰਬੋਧਨ ਕਰਦੇ ਹੋਏ ਡੀਜੀਐੱਸਈ ਨੇ ਐੱਜੂਸੈੱਟ ਦੇ ਆਰ.ਓ.ਟੀ. ਦੀ ਵਧੀਆ ਕਾਰਗੁਜ਼ਾਰੀ ਅਤੇ ਇਸਦੇ ਰੱਖ-ਰਖਾਅ ਲਈ ਵੀ ਹਦਾਇਤਾਂ ਅਤੇ ਸੁਝਾਅ ਦਿੱਤੇ| ਐਜੂਸੈਟ ਰਾਹੀਂ ਕਰਮਜੀਤ ਕੌਰ ਬਾਠ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ਐਜੂਸੈਟ ਅਤੇ ਬਲਵਿੰਦਰ ਸਿੰਘ ਏਐੱਸਪੀਡੀ ਨੇ ਵੀ ਅਧਿਆਪਕਾਂ ਤੇ ਸਕੂਲ ਮੁਖੀਆਂ ਨੂੰ ਸੇਸ਼ਨ 2018-19 ਵਿੱਚ ਹੋਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ| ਇਸ ਮੌਕੇ ਐਜੂਸੈਟ ਦੀ ਸਮੂਹ ਤਕਨੀਕੀ ਟੀਮ ਅਤੇ ਵੱਖ-ਵੱਖ ਵਿਸ਼ਿਆਂ ਲਈ ਪਹੁੰਚੇ ਵਿਸ਼ਾ ਮਾਹਿਰ ਵੀ ਹਾਜ਼ਰ ਸਨ|