• Home
  • ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀਆਂ ਧਾਰਮਿਕ ਕਿਤਾਬਾਂ ‘ਤੇ ਵੀ ਹੋਇਆ ਵਿਵਾਦ ਖੜ੍ਹਾ  

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀਆਂ ਧਾਰਮਿਕ ਕਿਤਾਬਾਂ ‘ਤੇ ਵੀ ਹੋਇਆ ਵਿਵਾਦ ਖੜ੍ਹਾ  

ਚੰਡੀਗੜ੍ਹ – 12ਵੀਂ ਕਲਾਸ  ਦੀ ਇਤਿਹਾਸ ਦੀ ਵਿਵਾਦਿਤ ਕਿਤਾਬ ਦਾ ਮਸਲਾ ਅਜੇ ਹੱਲ ਹੁੰਦਾ ਨਜਰ ਨਹੀਂ ਆ ਰਿਹਾ ਹੈ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀਆਂ ਧਾਰਮਿਕ ਕਿਤਾਬਾਂ 'ਤੇ ਵੀ ਵਿਵਾਦ ਖੜ੍ਹਾ ਹੋ ਗਿਆ ਹੈ । ਯੂਨਾਈਟਿਡ ਸਿੱਖ ਮੂਵਮੈਂਟ ਦੇ ਆਗੂਆਂ ਨੇ ਇਨ੍ਹਾਂ ਕਿਤਾਬਾਂ ਬਾਰੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਯੂਨਾਈਟਿਡ ਸਿੱਖ ਮੂਵਮੈਂਟ ਦੇ ਆਗੂ ਡਾ ਬਲਦੇਵ ਸਿੰਘ ਸਿਰਸਾ,ਡਾ ਭਗਵਾਨ ਸਿੰਘ ,ਚੰਨਣ ਸਿੰਘ ਸਿੱਧੂ ਅਤੇ ਗੁਰਨਾਮ ਸਿੰਘ ਸਿੱਧੂ ਨੇ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 1999 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਸਿੱਖ ਇਤਿਹਾਸ ਦੀ ਕਿਤਾਬ ਕਿਸ ਦੇ ਇਸ਼ਾਰੇ ਤੇ ਛਾਪੀ ਗਈ ਸੀ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਦਾ ਗੁਰੂ ਇੱਕ ਮੁਸਲਮਾਨ ਦੱਸਿਆ ਗਿਆ ਹੈ। ਕਿਸੇ ਵੀ ਗੁਰੂ ਸਾਹਿਬਾਨ ਅੱਗੇ ਗੁਰੂ ਸ਼ਬਦ ਨਹੀਂ ਲਿਖਿਆ ਗਿਆ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰੇਕ ਮਹੀਨੇ ਛਾਪੀ ਜਾਂਦੀ ਗੁਰਮਤਿ ਪ੍ਰਕਾਸ਼ ਪੱਤਰਕਾ ਵਿੱਚ ਸਾਹਿਬਜ਼ਾਦਿਆਂ ਦੀਆਂ ਤਸਵੀਰਾਂ ਦਾੜ੍ਹੀ ਕੱਟੀ ਵਾਲੀਆਂ ਲਗਾਈਆਂ ਗਈਆਂ ਹਨ ।  ਆਗੂਆਂ ਨੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਵਾਲ ਕੀਤਾ ਹੈ ਕਿ 2007 ਵਿਚ  ਇਨ੍ਹਾਂ ਕਿਤਾਬਾਂ ਦੀ ਪੜਤਾਲ ਕਰਨ ਲਈ ਕਮੇਟੀ ਵੱਲੋਂ ਦਿੱਤੀ ਰਿਪੋਰਟ ਕਿੱਥੇ ਹੈ।ਇਸ ਰਿਪੋਰਟ ਦੇ ਅਧਾਰ 'ਤੇ ਕਾਰਵਾਈ ਕਿਊਂ ਨਹੀਂ ਕੀਤੀ ਗਈ। ਯੂਨਾਈਟਿਡ ਸਿੱਖ ਮੂਵਮੈਂਟ ਦੇ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਰ੍ਹਵੀਂ ਦੀ ਕਿਤਾਬ ਬਾਰੇ ਗਠਿਤ ਕੀਤੀ ਪੱਕੀ ਕਮੇਟੀ ਬਾਰੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਤਾਬ ਸਬੰਧੀ ਜੋ ਕਮੇਟੀ ਗਠਿਤ ਕੀਤੀ ਹੈ ਉਸ ਵਿੱਚ ਉਨ੍ਹਾਂ ਸਿੱਖ ਵਿਦਵਾਨਾਂ ਨੂੰ ਸ਼ਾਮਲ ਕਰ ਦਿੱਤਾ ਹੈ ਜੋ ਚੱਲਣ ਫਿਰਨ ਤੋਂ ਵੀ ਅਸਮਰਥ ਹਨ ।