• Home
  • ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਵਿਸ਼ਵ ਬੈਂਕ ਦੀ ਟੀਮ ਨਾਲ ਉੱਚ ਪੱਧਰੀ ਮੀਟਿੰਗ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਵਿਸ਼ਵ ਬੈਂਕ ਦੀ ਟੀਮ ਨਾਲ ਉੱਚ ਪੱਧਰੀ ਮੀਟਿੰਗ

ਚੰਡੀਗੜ੍ਹ- ਪੰਜਾਬ ਦੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਸ਼ਵ ਬੈਂਕ ਦੀ ਇਕ ਟੀਮ ਨਾਲ ਉੱਚ ਪੱਧਰੀ ਮੀਟਿੰਗ ਵਿਚ ਜ਼ੋਰ ਦਿੰਦਿਆਂ ਕਿਹਾ ਕਿ ਵਿਸ਼ਵ ਬੈਂਕ ਪੰਜਾਬ ਵਿਚਲਾ ਬੁਨਿਆਦੀ ਢਾਂਚਾ ਹੋਰ ਮਜ਼ਬੂਤੀ ਨਾਲ ਉਸਾਰਨ ਅਤੇ ਸਰਹੱਦੀ ਖੇਤਰ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਿਚ ਵਿਸ਼ੇਸ਼ ਸਹਾਇਤਾ ਕਰੇ।
ਇੱਥੇ ਪੰਜਾਬ ਭਵਨ ਵਿਚ ਵਿਸ਼ਵ ਬੈਂਕ ਦੀ ਇਕ ਟੀਮ ਨਾਲ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੀਣ ਵਾਲ ਸਾਫ ਪਾਣੀ, ਸੀਵਰੇਜ, ਸੈਨੀਟੇਸ਼ਨ, ਸਿਹਤ, ਖੇਤੀਬਾੜੀ, ਛੱਪੜਾਂ ਦਾ ਨਵੀਨੀਕਰਨ ਅਤੇ ਪ੍ਰਸ਼ਾਸਕੀ ਸੁਧਾਰ ਅਜਿਹੇ ਪ੍ਰਮੁੱਖ ਖੇਤਰ ਹਨ ਜਿਨ੍ਹਾਂ ਵਿਚ ਸੁਧਾਰ ਦੀ ਗੁੰਜਾਇਸ਼ ਹੈ। ਵਿੱਤ ਮੰਤਰੀ ਨੇ ਇਸ ਮੌਕੇ ਉਮੀਦ ਜਤਾਉਂਦਿਆਂ ਕਿਹਾ ਕਿ ਵਿਸ਼ਵ ਬੈਂਕ ਵੱਲੋਂ ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ ਵਿਚ ਵਾਧਾ ਕਰਨ ਲਈ ਢੁਕਵੀਂ ਮਦਦ ਕੀਤੀ ਜਾਵੇ।
ਮੀਟਿੰਗ ਦੌਰਾਨ ਵਿਚਾਰ-ਚਰਚਾ ਕੀਤੀ ਗਈ ਕਿ ਖੇਤੀ ਲਈ ਅਪਣਾਈਆਂ ਜਾ ਰਹੀਆਂ ਤਕਨੀਕਾਂ ਦਾ ਆਧੁਨਿਕੀਕਰਨ ਕਰਨਾ ਮੌਜੂਦਾ ਸਮੇਂ ਲੋੜੀਂਦਾ ਹੈ ਅਤੇ ਸੂਬੇ ਵਿਚ ਖਾਸ ਤੌਰ 'ਤੇ ਦਿਹਾਤੀ ਖੇਤਰ ਵਿਚ ਪੀਣ ਵਾਲੇ ਸਾਫ ਪਾਣੀ ਦੀ ਵੀ ਘਾਟ ਹੈ। ਇਸ ਮੰਤਵ ਦੀ ਪੂਰਤੀ ਲਈ ਵਿਸ਼ਵ ਬੈਂਕ ਦੀ ਸਹਾਇਤਾ ਜ਼ਰੂਰੀ ਹੈ ਤਾਂ ਜੋ ਪੀਣ ਵਾਲਾ ਸਾਫ ਪਾਣੀ, ਸੀਵਰੇਜ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆ ਜਾ ਸਕਣ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਵਿਸ਼ਵ ਬੈਂਕ ਦੇ ਸੀਨੀਅਰ ਆਪਰੇਸ਼ਨਜ਼ ਅਫਸਰ ਬਾਥੂਲਾ ਅਮਿਤ ਨਾਗਰਾਜ, ਵਿਸ਼ਵ ਬੈਂਕ ਦੇ ਪ੍ਰੋਗਰਾਮ ਲੀਡਰ ਸੁਮਿਲਾ ਗੁਲਿਆਨੀ, ਵਿਸ਼ਵ ਬੈਂਕ ਦੇ ਸੀਨੀਅਰ ਅਰਥ ਸ਼ਾਸ਼ਤਰੀ ਜੋਰਜ ਕੋਰਾਸਾ, ਵਿਸ਼ਵ ਬੈਂਕ ਦੇ ਲੀਡ ਆਪਰੇਸ਼ਨ ਅਫਸਰ ਭਾਵਨਾ ਭਾਟੀਆ ਤੋਂ ਇਲਾਵਾ ਸੂਬੇ ਦੇ ਬਹੁਤ ਸਾਰੇ ਸੀਨੀਅਰ ਅਧਿਕਾਰੀ ਹਾਜ਼ਰ ਸਨ।