• Home
  • ਵਿਸ਼ਵ ਦੇ ਸਭ ਤੋਂ ਵੱਡੇ ਬੁੱਧ ਸਤੂਪਾਂ ‘ਚ ਸ਼ੁਮਾਰ-ਕੇਸਰੀਆ ਸਤੂਪ

ਵਿਸ਼ਵ ਦੇ ਸਭ ਤੋਂ ਵੱਡੇ ਬੁੱਧ ਸਤੂਪਾਂ ‘ਚ ਸ਼ੁਮਾਰ-ਕੇਸਰੀਆ ਸਤੂਪ

ਬਿਹਾਰ ਦੇ ਚੰਪਾਰਨ ਜ਼ਿਲ੍ਹੇ ਵਿਚ ਪੈਂਦੇ ਇਕ ਕਸਬੇ ਕੇਸਰੀਆ ਵਿਚ ਵਿਸ਼ਵ ਦੇ ਸਭ ਤੋਂ ਵੱਡੇ ਬੁੱਧ ਸਤੂਪਾਂ ਵਿਚ ਸ਼ੁਮਾਰ ਇਕ ਸਤੂਪ ਸਥਿਤ ਹੈ, ਜੋ ਬੋਧੀ ਸ਼ਰਧਾਲੂਆਂ/ਸੈਲਾਨੀਆਂ ਲਈ ਬੜੀ ਮਹੱਤਤਾ ਰੱਖਦਾ ਹੈ। ਇਸ ਦੀ ਉਚਾਈ 104 ਫੁੱਟ ਹੈ ਅਤੇ ਘੇਰਾ ਲਗਪਗ 1400 ਫੁੱਟ। ਭਾਰਤੀ ਪੁਰਾਤੱਤਵ ਸਰਵੇਖਣ (ਪਟਨਾ ਸਰਕਲ) ਅਤੇ ਬਿਹਾਰ ਸੈਰ ਸਪਾਟਾ ਵਿਭਾਗ ਤਾਂ ਇਸ ਨੂੰ ਭਗਵਾਨ ਬੁੱਧ ਦਾ ਸੰਸਾਰ ਵਿਚ ਸਭ ਤੋਂ ਉੱਚਾ ਸਤੂਪ ਹੋਣ ਦਾ ਦਾਅਵਾ ਕਰਦੇ ਹਨ ਪਰ ਵਿਕੀਪੀਡੀਆ ਅਨੁਸਾਰ ਸਭ ਤੋਂ ਵੱਡਾ ਸਤੂਪ ਬੋਰੋਬਦਰ, ਜਾਵਾ, ਇੰਡੋਨੇਸ਼ੀਆ ਵਿਚ ਹੈ, ਜਿਸ ਦੀ ਉਚਾਈ 114.8 ਫੁੱਟ (35 ਮੀਟਰ) ਹੈ। ਇਸ ਹਿਸਾਬ ਨਾਲ ਕੇਸਰੀਆ ਸਤੂਪ ਵਿਸ਼ਵ ਦਾ ਦੂਸਰਾ ਸਭ ਤੋਂ ਵੱਡਾ ਬੁੱਧ ਸਤੂਪ ਹੈ। ਪਰ ਉਪਰੋਕਤ ਦੋਵੇਂ ਬਿਹਾਰੀ ਸਰੋਤ ਬੋਰੋਬਦਰ ਦੇ ਅਸਥਾਨ ਦੀ ਉਚਾਈ 103 ਫੁੱਟ ਦੱਸਦੇ ਹਨ ਅਤੇ ਇਸ ਕਰਕੇ ਕੇਸਰੀਆ ਦੇ ਸਤੂਪ ਨੂੰ ਸਭ ਤੋਂ ਉੱਚਾ ਮੰਨਦੇ ਹਨ।
ਕੇਸਰੀਆ ਕਸਬਾ ਪਟਨਾ ਤੋਂ 110 ਕਿ: ਮੀ: ਦੀ ਦੂਰੀ ਉਪਰ ਹੈ। ਪਟਨਾ ਦੇ ਉੱਤਰ ਵਿਚ 58 ਕਿ: ਮੀ: ਦੀ ਦੂਰੀ ਉਪਰ ਪ੍ਰਸਿੱਧ ਵਿਰਾਸਤੀ ਅਤੇ ਇਤਿਹਾਸਕ ਅਸਥਾਨ ਵੈਸ਼ਾਲੀ ਸਥਿਤ ਹੈ ਅਤੇ ਵੈਸ਼ਾਲੀ ਦੇ 55 ਕਿ: ਮੀ: ਉੱਤਰ-ਪੱਛਮ ਵਿਚ ਕੇਸਰੀਆ ਹੈ।
ਕਰਨਲ ਮਕੈਂਨਜ਼ੀ ਨੇ 1814 ਵਿਚ ਇਸ ਸਤੂਪ ਦੀ ਢੂੰਡ-ਭਾਲ ਅਰੰਭ ਕੀਤੀ ਸੀ। ਭਾਰਤੀ ਪੁਰਾਤੱਤਵ ਸਰਵੇਖਣ ਦੇ ਪਿਤਾਮਾ ਜਨਰਲ ਅਲੈਗਜ਼ੈਂਡਰ ਕਨਿੰਘਮ ਨੇ 1861-62 ਵਿਚ ਠੁੱਕ ਸਿਰ ਵਿਧੀਪੂਰਵਕ ਖੋਜ ਖੁਦਾਈ ਕੀਤੀ। ਇਸ ਬਾਰੇ ਬਹੁਤਾ ਪਤਾ ਪੁਰਾਤੱਤਵ ਖੋਜੀ ਕੇ.ਕੇ. ਮੁਹੰਮਦ ਨੇ 1958 ਵਿਚ ਲਗਾਇਆ ਅਤੇ ਭਾਰਤੀ ਪੁਰਾਤੱਤਵ ਸਰਵੇਖਣ ਦੁਆਰਾ 1998 ਵਿਚਲੀ ਖੁਦਾਈ ਦੌਰਾਨ ਇਹ ਮੌਜੂਦਾ ਰੂਪ ਵਿਚ ਸਾਹਮਣੇ ਆਇਆ।
ਭਗਵਾਨ ਬੁੱਧ ਵੈਸ਼ਾਲੀ ਤੋਂ ਕੁਸ਼ੀਨਗਰ ਜਾਂਦਿਆਂ ਕੁਝ ਸਮੇਂ ਲਈ ਇਥੇ ਠਹਿਰੇ ਸਨ। ਉਨ੍ਹਾਂ ਨੇ ਆਪਣਾ ਪਰਵਚਨ 'ਕੇਸਾਪੁਤੀਆ ਸੂਤਾ', ਜਿਸ ਨੂੰ 'ਕਲਾਮਾ ਸੂਤਾ' ਵੀ ਕਹਿੰਦੇ ਹਨ, ਇਸ ਜਗ੍ਹਾ ਉਚਾਰਿਆ। ਕਈ ਤਾਂ ਇਹ ਵੀ ਮੰਨਦੇ ਹਨ ਕਿ ਬੁੱਧ ਨੇ ਆਪਣੇ ਪ੍ਰੀ-ਨਿਰਵਾਣ ਬਾਰੇ ਐਲਾਨ ਵੀ ਇਸ ਥਾਂ ਹੀ ਕੀਤਾ ਪਰ ਬਹੁਤੇ ਇਸ ਐਲਾਨ ਨੂੰ ਵੈਸ਼ਾਲੀ ਨਾਲ ਜੋੜਦੇ ਹਨ।
ਜਦ ਮਹਾਤਮਾ ਬੁੱਧ ਦੇ ਅਨਿਨ ਭਗਤ ਲਿੱਛਵੀ (ਵੈਸ਼ਾਲੀ ਵਾਸੀ) ਭਾਵਨਾਵੱਸ ਗੌਤਮ ਬੁੱਧ ਦੇ ਮਗਰ-ਮਗਰ ਚੱਲ ਪਏ ਤਾਂ ਇਸ ਥਾਂ 'ਤੇ ਉਨ੍ਹਾਂ ਨੂੰ ਆਪਣਾ ਦਕਿਸ਼ਣਾ-ਪਾਤਰ ਪ੍ਰਦਾਨ ਕਰਕੇ ਬੁੱਧ ਨੇ ਲਿੱਛਵੀਆਂ ਨੂੰ ਵਾਪਸ ਮੁੜਨ ਲਈ ਕਿਹਾ। ਇਸ ਭਿਕਸ਼ਾ ਪਾਤਰ ਨੂੰ ਪਵਿੱਤਰ ਨਿਸ਼ਾਨੀ ਵਜੋਂ ਲੈ ਕੇ ਵੈਸ਼ਾਲੀ ਵਾਸੀਆਂ ਨੇ ਬੁੱਧ ਦੇ ਨਿਰਵਾਣ ਤੋਂ ਪਹਿਲਾਂ ਦੀ ਜੀਵਨ ਯਾਤਰਾ ਦੇ ਆਖਰੀ ਕੁਝ ਦਿਨ, ਜੋ ਉਸ ਨੇ ਇਥੇ ਬਿਤਾਏ ਸਨ, ਦੀ ਯਾਦ ਵਿਚ ਇਥੇ ਮਿੱਟੀ ਦਾ ਸਤੂਪ ਬਣਾਇਆ। ਬਾਅਦ ਵਿਚ ਮੌਰੀਆ, ਸੁੰਗਾ, ਕੁਸ਼ਨਾ, ਗੁਪਤਾ, ਪਾਲੀ ਵੰਸ਼ ਕਾਲ ਸਮੇਂ ਇਸ ਨੂੰ ਇੱਟਾਂ ਨਾਲ ਪੱਕਾ ਕਰਵਾਇਆ ਗਿਆ। ਬਹੁਤਾ ਕਾਰਜ ਸਮਰਾਟ ਅਸ਼ੋਕ ਵੇਲੇ ਹੋਇਆ ਸਮਝਿਆ ਜਾਂਦੈ। ਦਰਅਸਲ 200-750 ਈਸਵੀ ਵਿਚਲੇ ਰਾਜਵੰਸ਼ਾਂ ਦਾ ਕਿਸੇ ਨਾ ਕਿਸੇ ਰੂਪ ਵਿਚ ਇਸ ਵਿਚ ਯੋਗਦਾਨ ਰਿਹੈ। ਪੰਜਵੀਂ ਸਦੀ ਦਾ ਪ੍ਰਸਿੱਧ ਚੀਨੀ ਯਾਤਰੀ ਫਾਹਿਯਾਨ ਅਤੇ ਸਤਵੀਂ ਸਦੀ ਦਾ ਵਿਦਵਾਨ ਯਾਤਰੀ ਹਿਯੂਨ ਸਾਂਗ ਵੀ ਇਸ ਦਾ ਜ਼ਿਕਰ ਕਰਦੇ ਹਨ। ਫਾਹਿਯਾਨ ਦਕਿਸ਼ਣਾ-ਪਾਤਰ ਉੱਪਰ ਬਣੇ ਸਤੂਪ ਦੀ ਗੱਲ ਕਰਦਾ ਹੈ ਪਰ ਹਿਯੂਨ ਸਾਂਗ ਆਪਣੇ ਯਾਤਰਾ ਬਿਰਤਾਂਤਾਂ ਵਿਚ ਬਕਾਇਦਾ 'ਕਿਆਸ਼ੀਪੋਲਾ' ਦੇ ਸ਼ਾਨਦਾਰ ਸਤੂਪ ਨੂੰ ਦੇਖੇ ਜਾਣ ਬਾਰੇ ਲਿਖਦਾ ਹੈ। ਸਥਾਨਕ ਲੋਕ ਇਸ ਨੂੰ ਦੇਵਲਾ ਪੁਕਾਰਦੇ ਹਨ। ਦੇਵਲਾ ਭਾਵ ਰੱਬ ਦਾ ਘਰ। ਇਹ ਵੀ ਮਨੌਤ ਹੈ ਕਿ ਇਸ ਥਾਂ ਸ਼ਿਵ ਮੰਦਰ ਸੀ, ਜੋ ਰਾਜੇ ਭੀਮ ਨੇ ਬਣਵਾਇਆ ਸੀ। ਕੇਸਰੀਆ ਦਾ ਪੁਰਾਤਨ ਨਾਂਅ ਵੀ ਕੇਸਾਪੂਤਾ ਸੀ। ਇਸ ਉੱਪਰ ਕਲਾਮਾਸ ਦਾ ਰਾਜ ਸੀ, ਜੋ ਬਾਅਦ ਵਿਚ ਕੋਸਲਾ ਰਾਜਸ਼ਾਹੀ ਨੇ ਹਥਿਆ ਲਿਆ। ਗਿਆਨ ਪ੍ਰਾਪਤੀ ਤੋਂ ਪਹਿਲਾਂ ਬੁੱਧ ਦੇ ਅਧਿਆਪਕ ਅਲਾਰਾ ਕਲਾਮਾ ਵੀ ਇਥੋਂ ਦੇ ਦੱਸੇ ਜਾਂਦੇ ਹਨ। ਭਾਰਤੀ ਪੁਰਾਤੱਤਵ ਸਰਵੇਅ ਅਨੁਸਾਰ ਕੇਸਰੀਆ ਸਤੂਪ ਦੀ ਪਹਿਲੀ ਉਚਾਈ 150 ਫੁੱਟ ਸੀ। 1934 ਵਿਚ ਇਸ ਇਲਾਕੇ ਵਿਚ ਆਏ ਭਿਅੰਕਰ ਭੁਚਾਲ ਕਾਰਨ ਇਸ ਸਤੂਪ ਦਾ ਕੁਝ ਭਾਗ ਧਰਤੀ ਵਿਚ ਧੱਸ ਗਿਆ ਅਤੇ ਇਸ ਦੀ ਉਚਾਈ 123 ਫੁੱਟ ਰਹਿ ਗਈ। ਭੁਚਾਲ ਦੇ ਪਿੱਛਲ ਪ੍ਰਭਾਵਾਂ ਅਤੇ ਖੋਰੇ ਕਾਰਨ ਇਹ ਉਚਾਈ ਹੁਣ 104 ਫੁੱਟ ਹੀ ਹੈ, ਪਰ ਖੁਦਾਈ ਅਜੇ ਜਾਰੀ ਹੈ ਅਤੇ ਜ਼ਮੀਨ ਹੇਠੋਂ ਹੋਰ ਭਾਗ ਲੱਭਣ ਦੀ ਆਸ ਹੈ।
ਇਸ ਸਤੂਪ ਵਿਚ ਬੁੱਧ ਦੇ ਕਈ ਬੁੱਤ ਮਿਲੇ, ਜੋ ਭੂਮੀ ਸਪਰਸ਼ ਮੁਦਰਾ, ਪਦਮਆਸਣ ਅਤੇ ਹੋਰ ਬੈਠਵੇਂ ਰੁਖ਼ ਵਾਲੇ ਆਸਣਾਂ ਵਾਲੇ ਹਨ ਪਰ ਮੁਸਲਿਮ ਧਾੜਵੀਆਂ ਨੇ ਇਹ ਸਭ ਬੁੱਤ ਖੰਡਤ ਕੀਤੇ ਹੋਏ ਹਨ। ਇਸ ਸਤੂਪ ਦੀਆਂ 6 ਮੰਜ਼ਲਾਂ ਹਨ। ਖੁਦਾਈ ਦੌਰਾਨ ਕਈ ਸਿੱਕੇ, ਤੀਰਾਂ ਦੇ ਹਿੱਸੇ, ਮਿੱਟੀ ਦੇ ਦੀਵੇ, ਤਾਂਬੇ ਅਤੇ ਟੈਰਾਕੋਟਾ ਦੀਆਂ ਚੀਜ਼ਾਂ ਵੀ ਲੱਭੀਆਂ।
ਕੇਸਰੀਆ ਦਿਹਾਤੀ ਇਲਾਕਾ ਹੈ। ਖੇਤਾਂ ਦੀ ਹਰਿਆਵਲ, ਪਾਮ ਦੀ ਖੇਤੀ ਅਤੇ ਕਾਦਰ ਦੀ ਕੁਦਰਤ ਦੇ ਖੁੱਲ੍ਹੇ-ਡੁੱਲ੍ਹੇ ਦਰਸ਼ਨ ਹੋ ਜਾਂਦੇ ਹਨ। ਪਟਨਾ ਦੇ ਮਿੱਠਾਪੁਰ ਬੱਸ ਅੱਡੇ ਤੋਂ ਬੱਸਾਂ ਵੀ ਮਿਲ ਜਾਂਦੀਆ ਹਨ ਪਰ ਵਿੰਗ-ਵਲੇਵੇਂ ਅਤੇ ਥਾਂ-ਥਾਂ ਰੁਕਣ ਕਾਰਨ ਸਮਾਂ ਬਹੁਤ ਲੱਗ ਜਾਂਦੈ। ਟੈਕਸੀ ਰਾਹੀਂ ਵੈਸ਼ਾਲੀ-ਕੇਸਰੀਆ ਦਾ ਟੂਰ ਬਣਾਇਆ ਜਾ ਸਕਦੈ। ਰੇਲ ਰਾਹੀਂ 22 ਕਿ:ਮੀ: ਦੂਰ ਚਕੀਆ ਰੇਲਵੇ ਸਟੇਸ਼ਨ ਹੈ। ਮੁਜ਼ੱਫਰਪੁਰ-ਮੋਤੀਹਾਰੀ ਸੜਕੀ ਮਾਰਗ ਰਾਹੀਂ ਵੀ ਜਾਇਆ ਜਾ ਸਕਦੈ। ਹਵਾਈ ਅੱਡਾ ਸਿਰਫ ਪਟਨਾ ਹੀ ਪੈਂਦੈ, ਜੋ 110 ਕਿ: ਮੀ: ਦੀ ਦੂਰੀ ਉਪਰ ਹੈ। ਦਿਹਾਤੀ ਇਲਾਕਾ ਹੋਣ ਕਾਰਨ ਰਿਹਾਇਸ਼ ਦਾ ਤਸੱਲੀਬਖਸ਼ ਪ੍ਰਬੰਧ ਨਹੀਂ। ਵੈਸ਼ਾਲੀ ਜਾਂ ਮੁਜ਼ੱਫਰਪੁਰ ਹੀ ਰਹਿਣਾ ਪੈਂਦੈ। ਪਟਨਾ ਵਾਪਸੀ ਸਭ ਤੋਂ ਵਧੀਆ ਵਿਕਲਪ ਹੈ।
ਭਾਵੇਂ ਕੇਸਰੀਆ ਸਤੂਪ ਭਾਰਤੀ ਪੁਰਾਤੱਤਵ ਸਰਵੇਅ ਵਲੋਂ ਰਾਸ਼ਟਰੀ ਮਹੱਤਵ ਵਾਲੇ ਵਿਰਾਸਤੀ ਅਸਥਾਨ ਵਜੋਂ ਸੁਰੱਖਿਅਤ ਹੈ ਪਰ ਇਸ ਦਾ ਰੱਖ-ਰਖਾਵ ਉੱਚ ਪਾਏ ਦਾ ਨਹੀਂ। ਹਟਵੇਂ ਜਿਹੇ ਥਾਂ ਉੱਪਰ ਹੋਣ ਕਾਰਨ ਅਤੇ ਸੰਪਰਕ ਸਾਧਨ ਵੀ ਸੰਤੁਸ਼ਟੀਜਨਕ ਨਾ ਹੋਣ ਕਾਰਨ ਐਡਾ ਮਹੱਤਵਪੂਰਨ ਬੋਧੀ ਧਾਰਮਿਕ ਅਸਥਾਨ ਸੈਲਾਨੀਆਂ ਦੀ ਖਿੱਚ ਦਾ ਓਨਾ ਵੱਡਾ ਕੇਂਦਰ ਨਹੀਂ ਬਣ ਸਕਿਆ, ਜਿੰਨਾ ਵੱਡਾ ਬਣਨਾ ਚਾਹੀਦਾ ਸੀ।

-98-ਸਕੀਮ ਨੰ: 3, ਐਸ.ਬੀ.ਐਸ. ਨਗਰ, ਹੁਸ਼ਿਆਰਪੁਰ ਰੋਡ, ਫਗਵਾੜਾ