• Home
  • ਵਿਜੀਲੈਂਸ ਵਲੋਂ ਸਰਕਾਰੀ ਫੰਡਾਂ ‘ਚ ਘਪਲੇ ਦੇ ਦੋਸ਼ ਹੇਠ ਬਲਾਕ ਸੰਮਤੀ ਖਰੜ ਦਾ ਚੇਅਰਮੈਨ ਗ੍ਰਿਫਤਾਰ

ਵਿਜੀਲੈਂਸ ਵਲੋਂ ਸਰਕਾਰੀ ਫੰਡਾਂ ‘ਚ ਘਪਲੇ ਦੇ ਦੋਸ਼ ਹੇਠ ਬਲਾਕ ਸੰਮਤੀ ਖਰੜ ਦਾ ਚੇਅਰਮੈਨ ਗ੍ਰਿਫਤਾਰ

ਚੰਡੀਗੜ੍ਹ 7 ਜੂਨ : ਵਿਜੀਲੈਂਸ ਬਿਊਰੋ ਪੰਜਾਬ ਨੇ ਅੱਜ ਬਲਾਕ ਸੰਮਤੀ ਖਰੜ ਦੇ ਚੇਅਰਮੈਨ ਰੇਸ਼ਮ ਸਿੰਘ ਨੂੰ ਸਰਕਾਰ ਨੂੰ ਅੰਦਾਜ਼ਨ 37.50 ਲੱਖ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਅਤੇ ਘਪਲਾ ਕਰਨ ਦੇ ਦੇਸ਼ ਹੇਠ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ਵਿਚ ਉਸ ਵਲੋਂ ਹੋਰਨਾਂ ਦੀ ਮਿਲੀਭੁਗਤ ਨਾਲ ਬਲਾਕ ਸੰਮਤੀ ਖਰੜ ਦੇ ਅਧਿਕਾਰ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੀ ਵਰਤੋਂ ਲਈ ਸਟਾਕ ਰਜਿਸਟਰਾਂ, ਕੈਸ਼ ਰਜਿਸਟਰ, ਸਟਾਕ ਰਜਿਸਟਰ ਅਤੇ ਪੰਚਾਇਤੀ ਰਾਜ ਐਕਟ ਅਧੀਨ ਮਸਟਰ ਰੋਲ ਆਦਿ ਦੀ ਖਰੀਦ ਕਰਨ ਲਈ ਜੇ.ਆਰ ਪਿੰ੍ਰਟਰਜ਼ ਫਰਮ ਨੂੰ ਗਲਤ ਆਰਡਰ ਦਿੱਤਾ ਗਿਆ ਸੀ।
ਪੰਜਾਬ ਵਿਜੀਲੈਂਸ ਬਿਓਰੋ ਦੇ ਇਕ ਸਰਕਾਰੀ ਬੁਲਾਰੇ ਨੇ ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਇਸ ਕੇਸ ਵਿੱਚ ਸ਼ਾਮਲ ਉਸ ਸਮੇ ਤਾਇਨਾਤ ਬੀ.ਡੀ.ਪੀ.ਓ ਖਰੜ ਜਤਿੰਦਰ ਸਿੰਘ ਢਿਲੋਂ ਅਤੇ ਪ੍ਰਾਈਵੇਟ ਫਰਮ ਜੇ.ਆਰ. ਪ੍ਰਿੰਟਰ ਦੇ ਮਾਲਕ ਪੁਨੀਤ ਮਿੱਤਲ, ਰਾਜਿੰਦਰਪਾਲ ਮਿੱਤਲ ਅਤੇ ਜੀਤਪਾਲ ਮਿੱਤਲ ਵਾਸੀਆਨ ਸੰਗਰੂਰ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।

ਹੋਰ ਵੇਰਵੇ ਦਿੰਦਿਆਂ ਬੁਲਾਰੇ ਨੇ ਕਿਹਾ ਕਿ ਵਿਜੀਲੈਂਸ ਦੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਵਿਵਾਦਗ੍ਰਸਤ ਫਰਮ ਦੁਆਰਾ ਉਕਤ ਆਰਡਰ ਕੀਤੀ ਕੋਈ ਵੀ ਸਮੱਗਰੀ ਪੰਚਾਇਤ ਸੰਮਤੀ ਜਾਂ ਪੰਚਾਇਤਾਂ ਨੂੰ ਸਪਲਾਈ ਹੀ ਨਹੀਂ ਕੀਤੀ ਗਈ ਅਤੇ ਉਪਰੋਕਤ ਸਾਰੇ ਦੋਸ਼ੀਆਂ ਨੇ ਇਕ-ਦੂਜੇ ਨਾਲ ਮਿਲੀਭੁਗਤ ਕਰਕੇ ਸਰਕਾਰੀ ਰਕਮ ਨੂੰ ਆਪਸ ਵਿਚ ਹੀ ਵੰਡ ਲਿਆ। ਉਨ੍ਹਾਂ ਕਿਹਾ ਕਿ ਅਜਿਹੇ ਹੋਰ ਕੇਸਾਂ ਵਿਚ ਉਨ੍ਹਾਂ ਨੇ ਪਿਛਲੀ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਦਰਸਾਉਣ ਵਾਲੇ ਵੱਖ-ਵੱਖ ਪਿੰਡਾਂ ਵਿਚ ਫਲੈਕਸ ਬੋਰਡ ਲਗਾਉਣ ਲਈ ਲਗਭਗ 10.25 ਲੱਖ ਰੁਪਏ ਘੁਟਲਾ ਕਰਨ ਮੌਕੇ ਵੀ ਇਹੋ ਹੀ ਤਰੀਕਾ ਅਪਣਾਇਆ ਸੀ ਜਿਸ ਦੀ ਜਾਂਚ ਚੱਲ ਰਹੀ ਹੈ।
ਬੁਲਾਰੇ ਨੇ ਕਿਹਾ ਕਿ ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਬੀ.ਡੀ.ਪੀ.ਓ. ਢਿੱਲੋਂ ਅਤੇ ਚੇਅਰਮੈਨ ਰੇਸ਼ਮ ਸਿੰਘ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਉੱਚ ਅਧਿਕਾਰੀਆਂ ਤੋਂ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਕੀਤੇ ਬਿਨਾਂ ਹੀ ਉਪਰੋਕਤ ਕੰਮਾਂ ਨੂੰ ਆਪਣੇ ਪੱਧਰ 'ਤੇ ਉਕਤ ਚਰਚਿਤ ਫਰਮ ਨੂੰ ਕੰਮ ਅਲਾਟ ਕਰ ਦਿੱਤਾ। ਅਜਿਹਾ ਕਰਨ ਦਾ ਦੋਸ਼ੀ ਪਾਏ ਜਾਣ 'ਤੇ ਵਿਜੀਲੈਂਸ ਬਿਓਰੋ ਦੇ ਐਸ.ਏ.ਐਸ.ਨਗਰ ਸਥਿਤ ਥਾਣੇ ਵਿਚ ਇਨ੍ਹਾਂ ਸਾਰਿਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਨੂੰ ਇਨ੍ਹਾਂ ਅਧਿਕਾਰੀਆਂ ਦੇ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਕੀਤੇ ਗਏ ਵੱਖ-ਵੱਖ ਕੰਮਾਂ 'ਚ ਕਈ ਹੋਰ ਘੁਟਾਲਿਆਂ ਵਿੱਚ ਸ਼ਾਮਲ ਹੋਣ ਦਾ ਵੀ ਸ਼ੱਕ ਹੈ ਜਿਸ ਦੀ ਪੂਰੀ ਜਾਂਚ ਕੀਤੀ ਜਾਵੇਗੀ।