• Home
  • ਵਿਜੀਲੈਂਸ ਨੇ ਮੈਡੀਕਲ ਅਫ਼ਸਰ ਤੇ ਲਾਈਨਮੈਨ ਸਮੇਤ ਤਿੰਨ ਜਣਿਆਂ ਨੂੰ ਵੱਢੀ ਲੈਂਦਿਆਂ ਫੜਿਆ

ਵਿਜੀਲੈਂਸ ਨੇ ਮੈਡੀਕਲ ਅਫ਼ਸਰ ਤੇ ਲਾਈਨਮੈਨ ਸਮੇਤ ਤਿੰਨ ਜਣਿਆਂ ਨੂੰ ਵੱਢੀ ਲੈਂਦਿਆਂ ਫੜਿਆ

ਚੰਡੀਗੜ•, 22 ਮਈ: (ਖ਼ਬਰ ਵਾਲੇ ਬਿਊਰੋ)- ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਦੋ ਵੱਖ ਵੱਖ ਕੇਸਾਂ ਵਿਚ ਪਾਵਰਕੋਮ ਸਰਾਏਬੰਜਾਰਾ ਵਿਖੇ ਤਾਇਨਾਤ ਇਕ ਸਹਾਇਕ ਲਾਈਨਮੈਨ ਅਤੇ ਸਿਵਲ ਹਸਪਤਾਲ ਫਿਰੋਜਪੁਰ ਵਿਖੇ ਤਾਇਨਾਤ ਮੈਡੀਕਲ ਅਫਸਰ ਤੇ ਵਾਰਡ ਸਰਵੈਂਟ ਵਿਰੁੱਧ ਰਿਸ਼ਵਤ ਦੇ ਮਾਮਲੇ ਵਿਚ ਪਰਚਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਪਾਵਰਕੋਮ ਸਰਾਏਬੰਜਾਰਾ ਵਿਖੇ ਤਾਇਨਾਤ ਇਕ ਸਹਾਇਕ ਲਾਈਨਮੈਨ ਅਮਰੀਕ ਸਿੰਘ ਨੂੰ ਸ਼ਿਕਾਇਤਕਰਤਾ ਬਲਦੇਵ ਸਿੰਘ ਵਾਸੀ ਪਿੰਡ ਖੇੜਾ, ਫਤਿਹਗੜ• ਸਾਹਿਬ ਦੀ ਸ਼ਿਕਾਇਤ 'ਤੇ 7000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਲਾਈਨਮੈਨ ਵਲੋਂ ਉਸ ਦੀ ਜਮੀਨ 'ਤੇ ਹਨੇਰੀ ਨਾਲ ਟੁੱਟੇ ਖੰਭੇ ਨੂੰ ਬਦਲਣ ਲਈ 7000 ਰੁਪਏ ਦੀ ਮੰਗ ਕੀਤੀ ਗਈ ਹੈ। ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਸਹਾਇਕ ਲਾਈਨਮੈਨ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 7,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ।
ਇਕ ਹੋਰ ਰਿਸ਼ਵਤ ਲੈਣ ਦੇ ਮਾਮਲੇ ਵਿਚ ਸਿਵਲ ਹਸਪਤਾਲ ਫਿਰੋਜ਼ਪੁਰ ਸ਼ਹਿਰ ਵਿਖੇ ਤਾਇਨਾਤ ਮੈਡੀਕਲ ਅਫਸਰ ਡਾਕਟਰ ਵਰੁਣ ਕੁਮਾਰ ਅਤੇ ਵਾਰਡ ਸਰਵੈਂਟ ਜਗਸੀਰ ਸਿੰਘ ਦਰਜਾ ਚਾਰ ਖਿਲਾਫ਼ ਸ਼ਿਕਾਇਤਕਰਤਾ ਕਾਰਜ ਸਿੰਘ ਵਾਸੀ ਪਿੰਡ ਰੁਕਨਾ ਬੇਗੂ ਜਿਲਾ ਫਿਰੋਜਪੁਰ ਦੀ ਸ਼ਿਕਾਇਤ 'ਤੇ ਪਰਚਾ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਵਾਰਡ ਸਰਵੈਂਟ ਵਲੋਂ ਡਾਕਟਰ ਵਰੁਣ ਦੀ ਤਰਫੋਂ ਡਾਕਟਰੀ ਰਿਪੋਰਟ ਉਸ ਦੇ ਹੱਕ ਵਿਚ ਲਿਖਣ ਬਦਲੇ 10,000 ਰੁਪਏ ਦੀ ਮੰਗ ਕੀਤੀ ਗਈ ਹੈ। ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਵਾਰਡ ਸਰਵੈਂਟ ਨੂੰ ਹਸਪਤਾਲ ਦੇ ਅੰਦਰ ਹੀ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ ਪਰ ਜਦੋਂ ਉਸ ਨੂੰਂ ਉਕਤ ਡਾਕਟਰ ਨੂੰ ਰਿਸ਼ਵਤ ਦੇ ਪੈਸੇ ਦੇਣ  ਲਈ ਵਾਰਡ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਉਹ ਝਕਾਨੀ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ।
ਉਕਤ ਸਾਰੇ ਦੋਸ਼ੀਆਂ ਖਿਲਾਫ਼ ਵਿਜੀਲੈਂਸ ਬਿਓਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਫਿਰੋਜ਼ਪੁਰ ਅਤੇ ਪਟਿਆਲਾ ਸਥਿਤ ਵਿਜੀਲੈਂਸ ਬਿਓਰੋ ਦੇ ਥਾਣਿਆਂ ਵਿਚ ਮੁਕੱਦਮੇ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।