• Home
  • ਵਿਆਹੁਤਾ ਔਰਤ ਨੇ ਪੱਖੇ ਨਾਲ ਲਟਕ ਕੀਤੀ ਆਤਮ ਹੱਤਿਆ

ਵਿਆਹੁਤਾ ਔਰਤ ਨੇ ਪੱਖੇ ਨਾਲ ਲਟਕ ਕੀਤੀ ਆਤਮ ਹੱਤਿਆ

ਗਿੱਦੜਬਾਹਾ- ਨਜ਼ਦੀਕੀ ਪਿੰਡ ਵਿਖੇ ਬੀਤੀ ਰਾਤ 26 ਸਾਲਾ ਇੱਕ ਵਿਆਹੁਤਾ ਔਰਤ ਨੇ ਆਪਣੇ ਸਹੁਰੇ ਘਰ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ। ਦੂਜੇ ਪਾਸੇ ਮ੍ਰਿਤਕ ਔਰਤ ਦੇ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਗਾਉਂਦੇ ਕਿਹਾ ਕੀ ਸਾਡੀ ਕੁੜੀ ਦਾ ਸਹੁਰਾ ਪਰਿਵਾਰ ਸਾਡੀ ਕੁੜੀ ਨੂੰ ਦਹੇਜ ਲਿਆਉਣ ਲਈ ਤੰਗ ਪਰੇਸ਼ਾਨ ਕਰਦਾ ਸੀ ਅਤੇ ਦਹੇਜ ਨਾ ਲਿਆਉਣ ਦੀ ਸੂਰਤ ਵਿਚ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੋਟਭਾਈ ਪੁਲਿਸ ਦੇ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਜਦੋਂਕਿ ਮ੍ਰਿਤਕਾ ਦੀ ਲਾਸ਼ ਨੂੰ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾ ਦਿੱਤਾ ਗਿਆ ਹੈ।

ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਨਸਾ ਜ਼ਿਲ੍ਹੇ ਦੇ ਪਿੰਡ ਗਹਿਰੀ ਭਾਗੀ ਦੀ ਰਹਿਣ ਵਾਲੀ ਜਸਪ੍ਰੀਤ ਕੌਰ ਦਾ ਵਿਆਹ ਕਰੀਬ 6 ਸਾਲ ਪਹਿਲਾਂ ਪਿੰਡ ਮਧੀਰ ਦੇ ਕੁਲਵਿੰਦਰ ਸਿੰਘ ਪੁੱਤਰ ਬਲਕਰਨ ਸਿੰਘ ਨਾਲ ਹੋਇਆ ਸੀ ਅਤੇ ਇੰਨਾ ਦੇ ਇਸ ਸ਼ਾਦੀ ਤੋਂ ਇੱਕ ਲੜਕਾ ਕੁਲਵੀਰ ਸਿੰਘ (5 ਸਾਲ) ਪੈਦਾ ਹੋਇਆ। ਬੀਤੀ ਰਾਤ ਜਸਪ੍ਰੀਤ ਕੌਰ ਨੇ ਆਪਣੇ ਸਹੁਰੇ ਘਰ ਪੱਖੇ ਵਾਲੀ ਹੁੱਕ ਨਾਲ ਰੱਸੀ ਬੰਨ੍ਹ ਕੇ ਫਾਹਾ ਲੈ ਲਿਆ। ਇਸ ਪੂਰੇ ਮਾਮਲੇ ਸਬੰਧੀ ਜਦੋਂ ਥਾਣਾ ਕੋਟਭਾਈ ਦੇ ਐੱਸ.ਐੱਚ.ਓ. ਕ੍ਰਿਸ਼ਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਅਜੇ ਤੱਕ ਮ੍ਰਿਤਕਾਂ ਦੇ ਕਿਸੇ ਵੀ ਪੇਕਾ ਪਰਿਵਾਰ ਦੇ ਮੈਂਬਰ ਵੱਲੋਂ ਕੋਈ ਬਿਆਨ ਦਰਜ ਨਹੀਂ ਕਰਵਾਏ ਗਏ ਹਨ। ਜਿਵੇਂ ਹੀ ਕਿਸੇ ਵੀ ਵਿਅਕਤੀ ਵੱਲੋਂ ਉਕਤ ਮਾਮਲੇ ਸੰਬੰਧੀ ਬਿਆਨ ਦਰਜ ਕਰਵਾਏ ਜਾਣਗੇ ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।