• Home
  • ਲੋਕਾਂ ਨੂੰ ਬਿਹਤਰ ਤੇ ਨਿਰਵਿਘਨ ਬਿਜਲੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੀ.ਐਸ.ਪੀ.ਸੀ.ਐਲ. ਪੂਰੀ ਤਰ੍ਹਾਂ ਵਚਨਬੱਧ: ਏ.ਵੇਣੂ ਪ੍ਰਸਾਦ

ਲੋਕਾਂ ਨੂੰ ਬਿਹਤਰ ਤੇ ਨਿਰਵਿਘਨ ਬਿਜਲੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੀ.ਐਸ.ਪੀ.ਸੀ.ਐਲ. ਪੂਰੀ ਤਰ੍ਹਾਂ ਵਚਨਬੱਧ: ਏ.ਵੇਣੂ ਪ੍ਰਸਾਦ

ਐਸ.ਏ.ਐਸ. ਨਗਰ (ਮੁਹਾਲੀ), 28 ਜੂਨ(ਖ਼ਬਰ ਵਾਲੇ ਬਿਊਰੋ )

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਸੂਬੇ ਦੇ ਲੋਕਾਂ ਨੂੰ ਬਿਹਤਰ ਤੇ ਨਿਰਵਿਘਨ ਬਿਜਲੀ ਸੇਵਾਵਾਂ ਮੁਹੱਈਆ ਕਰਨ ਲਈ ਵਚਨਬੱਧ ਹੈ ਅਤੇ ਪੀ.ਐਸ.ਪੀ.ਸੀ.ਐਲ. ਵੀ ਆਪਣੇ ਖਪਤਕਾਰਾਂ ਵਿੱਚ ਆਪਣੀ ਭਰੋਸੇਯੋਗਤਾ ਬਣਾਈ ਰੱਖਣ ਲਈ ਕੋਈ ਵੀ ਨੀਤੀ ਤਿਆਰ ਕਰਨ ਲੱਗੀ ਲੋਕਾਂ ਦੀ ਸਹੂਲਤ ਦਾ ਖਾਸ ਧਿਆਨ ਰੱਖਦੀ ਹੈ।

ਇਹ ਗੱਲ ਪੀ.ਐਸ.ਪੀ.ਸੀ.ਐਲ. ਦੇ ਚੈਅਰਮੈਨ ਕਮ ਪ੍ਰਬੰਧਕੀ ਨਿਰਦੇਸ਼ਕ (ਸੀ.ਐਮ.ਡੀ.) ਸ੍ਰੀ ਏ.ਵੇਣੂ ਪ੍ਰਸਾਦ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਕਹੀ। ਉਨ੍ਹਾਂ ਇਹ ਗੱਲ ਜ਼ੀਰਕਪੁਰ ਵਾਸੀਆਂ ਨੂੰ ਬਿਜਲੀ ਕੱਟਾਂ ਕਾਰਨ ਹੋਈ ਦਿੱਕਤ ਸਬੰਧੀ ਮੀਡੀਆ ਵਿੱਚ ਆਈਆਂ ਰਿਪੋਰਟਾਂ ਦੇ ਸਬੰਧ ਵਿੱਚ ਕਹੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਹਤਰ ਅਤੇ ਨਿਰਵਿਘਨ ਬਿਜਲੀ ਸੇਵਾਵਾਂ ਦੇਣ ਲਈ ਮੁਹਾਲੀ ਸਰਕਲ ਵਿੱਚ ਪੀ.ਐਸ.ਪੀ.ਸੀ.ਐਲ. ਦੇ ਕਈ ਵਿਕਾਸ ਕੰਮ ਚੱਲ ਰਹੇ ਹਨ ਅਤੇ ਜਲਦ ਹੀ ਇਨ੍ਹਾਂ ਨੂੰ ਨੇਪਰੇ ਚਾੜ੍ਹਿਆ ਜਾਵੇਗਾ।

ਸੀ.ਐਮ.ਡੀ. ਨੇ ਦੱਸਿਆ ਕਿ ਜ਼ੀਰਕਪੁਰ ਵਿੱਚ 66 ਕੇਵੀ ਸਬ ਸਟੇਸ਼ਨ ਢਕੋਲੀ ਵਿੱਚ 20 ਐਮ.ਵੀ.ਏ. ਟਰਾਂਸਫਾਰਮਰ ਨੂੰ 31.5 ਐਮਵੀਏ ਕਰਨ ਦਾ ਕੰਮ ਜਲਦੀ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਹਰੀਪੁਰ ਕੁੜਾ ਅਤੇ ਰਾਮਗੜ੍ਹ ਭੁੱਡਾ ਵਿੱਚ 66 ਕੇਵੀ ਸਬ ਸਟੇਸ਼ਨਾਂ ਲਈ ਜ਼ਮੀਨ ਚੀਫ ਇੰਜਨੀਅਰ/ਟੀਐਸ ਨੂੰ ਸੌਂਪੀ ਦਿੱਤੀ ਗਈ ਹੈ। 220 ਕੇਵੀ ਸਬ-ਸਟੇਸ਼ਨ ਮੁਹਾਲੀ-99 (ਸੈਕਟਰ-80) ਤੋਂ 66 ਕੇਵੀ ਸਬ-ਸਟੇਸ਼ਨ ਫੇਜ਼ 8ਬੀ ਮੁਹਾਲੀ ਤਕ 6 ਕੇਵੀ ਬਿਜਲੀ ਲਾਈਨ ਪਾਉਣ ਦਾ ਕੰਮ ਵੀ ਜਲਦੀ ਨਿਬੇੜਿਆ ਜਾਵੇਗਾ ਅਤੇ ਇਸੇ ਤਰ੍ਹਾਂ ਬਲਟਾਣਾ ਅਤੇ ਏਅਰੋ ਸਿਟੀ-1 ਦੇ ਨਵੇਂ 66 ਕੇਵੀ ਸਬ-ਸਟੇਸ਼ਨ ਦਾ ਕੰਮ ਵੀ ਜਲਦੀ ਸਿਰੇ ਚਾੜ੍ਹਿਆ ਜਾਵੇਗਾ।

ਸੀ.ਐਮ.ਡੀ. ਸ੍ਰੀ ਏ. ਵੇਣੂ ਪ੍ਰਸਾਦ ਨੇ ਦੱਸਿਆ ਕਿ ਮੁੱਲਾਂਪੁਰ ਸਬ-ਡਿਵੀਜ਼ਨ ਅਧੀਨ ਪੈਂਦੇ ਪਿੰਡ ਨਾਢਾ ਵਿੱਚ ਪ੍ਰਸਤਾਵਿਤ 66 ਕੇਵੀ ਗਰਿੱਡ ਲਈ ਦੋ ਏਕੜ ਜ਼ਮੀਨ ਗ੍ਰਹਿਣ ਵਾਸਤੇ ਡਿਪਟੀ ਚੀਫ ਇੰਜਨੀਅਰ, ਮੁਹਾਲੀ ਨੂੰ ਮੁਹਾਲੀ ਦੇ ਡਿਪਟੀ ਕਮਿਸ਼ਨਰ/ਨਵਾਗਾਓਂ ਦੇ ਈਓ ਨੂੰ ਮਿਲਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਦੱਖਣੀ ਜ਼ੋਨ ਤਹਿਤ ਦੋ ਉਪ-ਦਫ਼ਤਰਾਂ ਦੀ ਅਪਗ੍ਰੇਡਸ਼ਨ ਅਤੇ ਸੱਤ ਨਵੀਆਂ ਸਬ-ਡਿਵੀਜ਼ਨਾਂ ਕਾਇਮ ਕਰਨ ਤੋਂ ਇਲਾਵਾ 66 ਕੇਵੀ ਢਕੋਲੀ ਅਤੇ 66 ਕੇਵੀ ਭਬਾਤ, 66 ਕੇਵੀ ਸਮਗੌਲੀ ਤੋਂ 66 ਕੇਵੀ ਜੌਲਾ ਦਰਮਿਆਨ ਨਵਾਂ ਲਿੰਕ ਸਥਾਪਤ ਕਰਨ ਦਾ ਕੰਮ ਚੱਲ ਰਿਹਾ ਹੈ। 66 ਕੇਵੀ ਸਬ ਸਟੇਸ਼ਨ ਭਬਾਤ ਵਿੱਚ 20 ਐਮਵੀਏ ਪਾਵਰ ਟਰਾਂਸਫਾਰਮਰ ਨੂੰ 31.5 ਐਮਵੀਏ ਕਰਨ ਅਤੇ ਸਬ-ਡਿਵੀਜ਼ਨ ਜ਼ੀਰਕਪੁਰ ਵਿੱਚ ਕਸਟਰਮਰ ਕੇਅਰ ਕੇਂਦਰ ਬਣਾਉਣ, ਏਓ/ਟੀਐਲ ਦਾ ਹੈੱਡਕੁਆਰਟਰ ਨੂੰ ਰੋਪੜ ਤੋਂ ਮੁਹਾਲੀ ਤਬਦੀਲ ਕਰਨ, ਡੇਰਾਬੱਸੀ ਤੇ ਲਾਲੜੂ ਸਬ-ਡਿਵੀਜ਼ਨਾਂ ਅਧੀਨ ਆਉਂਦੇ ਸੱਤ ਸਨਅਤੀ ਫੀਡਰਾਂ (ਕੈਟ 2) ਦੀ ਸਮਰਥਾ ਵਿੱਚ ਸੁਧਾਰ ਦਾ ਕੰਮ ਵੀ ਜਾਰੀ ਹੈ। ਮੁਹਾਲੀ ਸਰਕਲ ਵਿੱਚ ਢੁੱਕਵੀਂ ਗਿਣਤੀ ਵਿੱਚ ਅਮਲਾ ਤਾਇਨਾਤ ਕਰਨ ਦਾ ਮਾਮਲਾ ਵੀ ਵਿਚਾਰ ਅਧੀਨ ਹੈ।