• Home
  • ਰਾਮਪੁਰ ਸੈਮੀਫਾਈਨਲ ‘ਚ, ਪਟਿਆਲਾ, ਅਕਾਲਗੜ੍ਹ ਤੇ ਮੋਗਾ ਕੁਆਟਰਫਾਈਨਲ ‘ਚ ਪੁੱਜੇ

ਰਾਮਪੁਰ ਸੈਮੀਫਾਈਨਲ ‘ਚ, ਪਟਿਆਲਾ, ਅਕਾਲਗੜ੍ਹ ਤੇ ਮੋਗਾ ਕੁਆਟਰਫਾਈਨਲ ‘ਚ ਪੁੱਜੇ

ਓਲੰਪੀਅਨ ਪ੍ਰਿਥੀਪਾਲ ਸਿੰਘ  ਹਾਕੀ ਫੈਸਟੀਵਲ ਜਰਖੜ

ਰਾਮਪੁਰ ਸੈਮੀਫਾਈਨਲ 'ਚ, ਪਟਿਆਲਾ, ਅਕਾਲਗੜ੍ਹ ਤੇ ਮੋਗਾ ਕੁਆਟਰਫਾਈਨਲ 'ਚ ਪੁੱਜ

ਲੁਧਿਆਣਾ 27 ਮਈ - (ਖ਼ਬਰ ਵਾਲੇ ਬਿਊਰੋ )-ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਕਰਵਾਏ ਜਾ ਰਹੇ 8ਵੇਂ ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦੇ 5ਵੇਂ ਦਿਨ ਨੀਟ੍ਹਾ ਕਲੱਬ ਰਾਮਪੁਰ ਨੇ ਜਿਥੇ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ ਉਥੇ ਹੀ ਗੁਰੂ ਗੋਬਿਦ ਸਿੰਘ ਕਲੱਬ ਮੋਗਾ, ਗਿੱਲ ਕਲੱਬ ਪਟਿਆਲਾ ਅਤੇ ਅਕਾਲਗੜ੍ਹ ਨੇ ਕੁਆਟਰਫਾਈਨਲ ਵਿਚ ਆਪਣਾ ਸਥਾਨ ਨਿਸ਼ਚਤ ਕੀਤਾ। ਬੀਤੀ ਰਾਤ ਫਲੱਡ ਲਾਈਟਾਂ ਦੀ ਰੌਸ਼ਨੀ ਵਿਚ ਖੇਡੇ ਜਾ ਰਹੇ ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦੇ 5ਵੇਂ ਦਿਨ ਗੁਰੂ ਗੋਬਿੰਦ ਸਿੰਘ ਕਲੱਬ ਮੋਗਾ ਨੇ ਬਹੁਤ ਹੀ ਫਸਵੇਂ ਅਤੇ ਕਾਂਟੇਦਾਰ ਮੁਕਾਬਲੇ ਵਿਚ ਤਾਜ਼ ਰਿਜ਼ੋਰਟ ਕਲੱਬ ਜਰਖੜ ਨੂੰ 6-5 ਨਾਲ ਹਰਾ ਕੇ ਜਰਖੜ ਨੂੰ ਤਗੜਾ ਝਟਕਾ ਦਿੱਤਾ। ਕਿਉਂਕਿ ਅੱਧੇ ਸਮੇਂ ਤੱਕ ਜਰਖੜ , ਜੋ 4-1 ਨਾਲ ਅੱਗੇ ਚੱਲ ਰਹੀ ਸੀ, ਆਖ਼ਰੀ ਕੁਆਟਰ ਵਿਚ ਮੋਗਾ ਨੇ ਜਰਖੜ ਦਾ ਜੇਤੂ ਕਿਲ੍ਹਾ ਢਹਿ ਢੇਰੀ ਕਰਕੇ ਉਸਨੂੰ ਖਿਤਾਬੀ ਦੌੜ 'ਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ। ਮੋਗਾ ਵੱਲੋਂ ਗੁਰਮੀਤ ਸਿੰਘ ਨੇ 3, ਗੁਰਪ੍ਰੀਤ ਸਿੰਘ ਨੇ 2, ਸੁਖਪ੍ਰੀਤ ਸਿੰਘ ਨੇ 1 ਗੋਲ ਕੀਤਾ। ਜਦਕਿ ਜਰਖੜ ਵੱਲੋਂ ਗੁਰਸਤਿੰਦਰ ਸਿੰਘ ਨੇ 2, ਅਜੇਪਾਲ ਸਿੰਘ, ਜੋਗਿੰਦਰ ਸਿੰਘ ਅਤੇ ਮਨਦੀਪ ਸਿੰਘ ਨੇ 1-1 ਗੋਲ ਕੀਤਾ। ਅੱਜ ਦੇ ਦੂਸਰੇ ਮੁਕਾਬਲੇ ਵਿਚ ਗਿੱਲ ਕਲੱਬ ਪਟਿਆਲਾ ਨੇ ਸ਼ਹੀਦ ਊਧਮ ਸਿੰਘ ਕਲੱਬ ਸੁਨਾਮ ਨੂੰ 9-1 ਨਾਲ ਹਰਾ ਕੇ ਆਪਣੀਆਂ ਚੈਂਪੀਅਨ ਬਣਨ ਦੀਆਂ ਸੰਭਾਵਨਾਵਾਂ ਕਾਇਮ ਰੱਖੀਆਂ ਜਦਕਿ ਅੱਜ ਦੇ ਆਖ਼ਰੀ ਮੁਕਾਬਲੇ ਵਿਚ ਨੀਟ੍ਹਾ ਕਲੱਬ ਰਾਮਪੁਰ ਨੇ ਅਕਾਲਗੜ੍ਹ ਨੂੰ 6-1 ਨਾਲ ਹਰਾ ਕੇ ਲਗਾਤਾਰ ਤੀਸਰੀ ਜਿੱਤ ਹਾਸਲ ਕਰਦਿਆਂ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ।

ਅੱਜ ਦੇ ਮੈਚਾਂ ਦੌਰਾਨ ਯੂਥ ਕਾਂਗਰਸੀ ਆਗੂ ਸਰਪੰਚ ਤੇਜਿੰਦਰ ਸਿੰਘ ਲਾਡੀ ਜੱਸੜ, ਮਲਕੀਤ ਸਿੰਘ ਆਲਮਗੀਰ, ਸਾਬਕਾ ਬਲਾਕ ਸੰਮਤੀ ਮੈਂਬਰ, ਜਰਨੈਲ ਸਿੰਘ ਆਲਮਗੀਰ, ਪਰਮਜੀਤ ਸਿੰਘ ਪੰਮਾ ਗਿੱਲ ਸਾਬਕਾ ਕੌਮੀ ਹਾਕੀ ਖਿਡਾਰੀ ਨੇ ਮੁੱਖ ਮਹਿਮਾਨ ਵਜੋਂ ਟੀਮਾਂ ਦੇ ਨਾਲ ਜਾਣ ਪਹਿਚਣ ਕੀਤੀ। ਇਸ ਮੌਖੇ ਗੁਰਪ੍ਰੀਤ ਸਿੰਘ ਬੇਰ ਕਲਾਂ, ਸਿਮਰਜੀਤ ਸਿੰਘ ਢਿੱਲੋਂ ਲੋਹਾਰਾ, ਤੇਜਿੰਦਰ ਸਿੰਘ ਜਰਖੜ, ਰਣਜੀਤ ਸਿੰਘ ਦੁਲੇਂਅ ਕੈਨੇਡਾ, ਪਹਿਲਵਾਨ ਹਰਮੇਲ ਸਿੰਘ, ਸੰਦੀਪ ਸਿੰਘ ਪੰਧੇਰ, ਸੋਹਣ ਸਿੰਘ ਸ਼ੰਕਰ, ਬਾਬਾ ਰੁਲਦਾ ਸਿੰਘ ਸਾਇਆਂ ਕਲਾਂ, ਆਦਿ ਸ਼ਖਸੀਅਤਾਂ ਹਾਜ਼ਰ ਸਨ। ਇਸ ਮੌਕੇ ਕਲੱਬ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਅਤੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਇਸ ਲੀਗ ਦੇ ਕੁਆਟਰਫਾਈਨਲ ਮੁਕਾਬਲੇ ਅਤੇ ਜੂਨੀਅਰ ਹਾਕੀ ਅੰਡਰ-17 ਦੇ ਮੁਕਾਬਲੇ 30 ਮਈ ਨੂੰ ਹੋਣਗੇ। ਜਦਕਿ ਸੈਮੀਫਾਈਨਲ 2 ਜੂਨ ਤੇ ਫਾਈਨਲ 3 ਜੂਨ ਨੂੰ ਖੇਡਿਆ ਜਾਵੇਗਾ। ਫਾਈਨਲ ਸਮਾਰੋਹ 'ਤੇ ਖੇਡ ਜਗਤ ਦੀਆਂ ਉੱਘੀਆਂ 5 ਸਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ।